
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

5 ਕਿਲੋ ਅਫੀਮ ਦੀ ਖੇਪ ਨਾਲ ਨਿਕਲਿਆ ਸੀ ਤਸਕਰ, ਸਪੈਸ਼ਲ ਸੈੱਲ ਨੇ ਬਰੀਜਾ ਸਣੇ ਦਬੋਚਿਆ

ਸੁਸ਼ੀਲ ਕੁਮਾਰ ਸ਼ਸ਼ੀ,ਪੰਜਾਬੀ ਜਾਗਰਣ, ਲੁਧਿਆਣਾ
ਲੁਧਿਆਣਾ ਦੇ ਸਪੈਸ਼ਲ ਸੈਲ ਦੀ ਟੀਮ ਨੇ ਬਰੀਜਾ ਕਾਰ ਸਵਾਰ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿੱਚੋਂ 5 ਕਿਲੋਗ੍ਰਾਮ ਅਫੀਮ ਬਰਾਮਦ ਕੀਤੀ ਹੈ। ਪੁਲਿਸ ਵੱਲੋਂ ਕੀਤੀ ਗਈ ਇਸ ਵੱਡੀ ਬਰਾਮਦਗੀ ਤੋਂ ਬਾਅਦ ਹੁਣ ਜਾਂਚ ਦਾ ਰੁਖ ਨਸ਼ੇ ਦੀ ਖੇਪ ਦੇ ਸਰੋਤ ਅਤੇ ਇਸ ਦੀ ਅੱਗੇ ਹੋਣ ਵਾਲੀ ਸਪਲਾਈ ਵੱਲ ਕਰ ਦਿੱਤਾ ਹੈ। ਪੁਲਿਸ ਮੁਲਜ਼ਮ ਤੋਂ ਪੁੱਛਗਿੱਛ ਕਰਕੇ ਇਹ ਪਤਾ ਲਗਾਉਣ ਵਿੱਚ ਜੁਟੀ ਹੈ ਕਿ ਅਫੀਮ ਦੀ ਵੱਡੀ ਮਾਤਰਾ ਉਸ ਤੱਕ ਕਿਵੇਂ ਪਹੁੰਚੀ ਅਤੇ ਇਸ ਨੂੰ ਅੱਗੇ ਕਿਹੜੇ ਵਿਅਕਤੀਆਂ ਤੱਕ ਪਹੁੰਚਾਇਆ ਜਾਣਾ ਸੀ। ਜਾਣਕਾਰੀ ਦਿੰਦਿਆਂ ਏਡੀਸੀਪੀ ਕ੍ਰਾਈਮ ਰੁਪਿੰਦਰ ਕੌਰ ਭੱਟੀ, ਏਸੀਪੀ ਦੀਪ ਕਰਨ ਸਿੰਘ ਤੇ ਸਪੈਸ਼ਲ ਸੈੱਲ ਦੇ ਇੰਚਾਰਜ ਐੱਸਐੱਚਓ ਹਰਪ੍ਰੀਤ ਸਿੰਘ ਦਹੇਲ ਨੇ ਦੱਸਿਆ ਕਿ ਨਸ਼ਾ ਤਸਕਰੀ ਨੂੰ ਰੋਕਣ ਲਈ ਸਪੈਸ਼ਲ ਸੈੱਲ ਦੀਆਂ ਟੀਮਾਂ ਵੱਲੋਂ ਲਗਾਤਾਰ ਗਸ਼ਤ ਕੀਤੀ ਜਾ ਰਹੀ ਹੈ। ਇਸੇ ਦੌਰਾਨ ਹਵਾਸ ਚੌਕ ਦੇ ਨੇੜੇ ਪੁਲਿਸ ਟੀਮ ਵੱਲੋਂ ਸ਼ੱਕ ਦੇ ਆਧਾਰ ’ਤੇ ਚਿੱਟੇ ਰੰਗ ਦੀ ਬੁਰੀਜਾ ਕਾਰ ਸਵਾਰ ਇੱਕ ਵਿਅਕਤੀ ਨੂੰ ਰੋਕਿਆ ਗਿਆ। ਕਾਨੂੰਨੀ ਪ੍ਰਕਿਰਿਆ ਅਨੁਸਾਰ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਕਬਜ਼ੇ ਵਿੱਚੋਂ 5 ਕਿਲੋਗ੍ਰਾਮ ਅਫੀਮ ਬਰਾਮਦ ਹੋਈ। ਪੁਲਿਸ ਨੇ ਮੁਲਜ਼ਮ ਦੀ ਪਛਾਣ ਮੁਹੱਲਾ ਮੇਹਰਬਾਨ ਵਾਸੀ ਸੰਦੀਪ ਸਿੰਘ ਵਜੋਂ ਕੀਤੀ ਹੈ। ਪੁਲਿਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਬਰਾਮਦ ਕੀਤੀ ਗਈ ਅਫੀਮ ਕਿੱਥੋਂ ਲਿਆਂਦੀ ਗਈ ਸੀ ਅਤੇ ਮੁਲਜ਼ਮ ਇਸ ਨੂੰ ਕਿੱਥੇ ਲੈ ਕੇ ਜਾ ਰਿਹਾ ਸੀ।
-ਖੇਪ ਦੇ ਪਿੱਛੇ ਲੁਕੇ ਨੈੱਟਵਰਕ ਤੱਕ ਪੁੱਜਣ ਲਈ ਪੁੱਛਗਿੱਛ ਸ਼ੁਰੂ
5 ਕਿਲੋਗ੍ਰਾਮ ਅਫੀਮ ਦੀ ਬਰਾਮਦਗੀ ਨੂੰ ਪੁਲਿਸ ਵੱਲੋਂ ਅਹਿਮ ਮੰਨਿਆ ਜਾ ਰਿਹਾ ਹੈ। ਜਾਂਚ ਦੌਰਾਨ ਮੁਲਜ਼ਮ ਦੇ ਸੰਪਰਕਾਂ ਅਤੇ ਨਸ਼ਾ ਤਸਕਰੀ ਨਾਲ ਜੁੜੀਆਂ ਸੰਭਾਵਿਤ ਕੜੀਆਂ ਦੀ ਪੜਤਾਲ ਕੀਤੀ ਜਾ ਰਹੀ ਹੈ। ਪੁਲਿਸ ਇਹ ਵੀ ਪਤਾ ਲਗਾ ਰਹੀ ਹੈ ਕਿ ਮੁਲਜ਼ਮ ਪਹਿਲਾਂ ਵੀ ਕਿਸੇ ਨਸ਼ਾ ਤਸਕਰੀ ਦੀ ਗਤੀਵਿਧੀ ਵਿੱਚ ਸ਼ਾਮਲ ਰਿਹਾ ਹੈ ਜਾਂ ਨਹੀਂ। ਇਸ ਸਬੰਧੀ ਮੁਲਜ਼ਮ ਖ਼ਿਲਾਫ਼ ਥਾਣਾ ਮੇਹਰਬਾਨ ਵਿੱਚ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁੱਛਗਿੱਛ ਲਈ ਰਿਮਾਂਡ ਲੈਣ ਦੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁੱਛਗਿੱਛ ਦੌਰਾਨ ਅਫੀਮ ਦੀ ਖੇਪ ਮੁਹੱਈਆ ਕਰਵਾਉਣ ਵਾਲੇ ਤੇ ਇਸ ਨੂੰ ਅੱਗੇ ਸਪਲਾਈ ਕਰਨ ਵਾਲੇ ਵਿਅਕਤੀਆਂ ਬਾਰੇ ਜਾਣਕਾਰੀ ਹਾਸਲ ਕਰਨ ’ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਇਸ ਮਾਮਲੇ ਵਿੱਚ ਹੋਰ ਗ੍ਰਿਫ਼ਤਾਰੀਆਂ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਰਿਹਾ।