
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਨਗਰ ਨਿਗਮ ਜੋਨ-ਸੀ ਦੇ ਦਫ਼ਤਰਾਂ ’ਚ ਅਫਸਰ ਸੀਟਾਂ ਤੋਂ ਗਾਇਬ

-ਕੰਮ ਕਰਵਾਉਣ ਆਏ ਲੋਕ ਹੁੰਦੇ ਰਹੇ ਖੱਜਲ-ਖੁਆਰ
ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ, ਲੁਧਿਆਣਾ
ਨਿਗਮ ਲੁਧਿਆਣਾ ਦੇ ਜ਼ੋਨ-ਸੀ ਦਫ਼ਤਰ ’ਚ ਬੁੱਧਵਾਰ ਨੂੰ ਉਸ ਸਮੇਂ ਆਮ ਲੋਕਾਂ ਨੂੰ ਪਰੇਸ਼ਾਨੀ ਝੱਲਣੀ ਪਈ, ਜਦੋਂ ਕਈ ਅਧਿਕਾਰੀ ਸੀਟਾਂ ਤੋਂ ਗਾਇਬ ਨਜ਼ਰ ਆਏ। ਦੱਸਿਆ ਜਾ ਰਿਹਾ ਹੈ ਕਿ ਨਿਗਮ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਡਿਊਟੀ ਐੱਸਆਈਆਰ ਵਿੱਚ ਲੱਗੀ ਹੋਣ ਕਾਰਨ ਦਫ਼ਤਰਾਂ ਵਿੱਚ ਕੰਮਕਾਜ ਪ੍ਰਭਾਵਿਤ ਹੋਇਆ। ਆਪਣੇ ਜ਼ਰੂਰੀ ਕੰਮ ਕਰਵਾਉਣ ਲਈ ਦਫ਼ਤਰ ਪਹੁੰਚੇ ਲੋਕ ਕਾਫ਼ੀ ਸਮੇਂ ਤੱਕ ਸਬੰਧਤ ਅਧਿਕਾਰੀਆਂ ਦੀ ਉਡੀਕ ਕਰਦੇ ਰਹੇ। ਦਫ਼ਤਰਾਂ ਵਿੱਚ ਖਾਲੀ ਪਈਆਂ ਕੁਰਸੀਆਂ ਨੂੰ ਦੇਖ ਕੇ ਕਈ ਲੋਕ ਨਿਰਾਸ਼ ਹੋ ਕੇ ਵਾਪਸ ਜਾਣ ਲਈ ਮਜਬੂਰ ਹੋਏ। ਲੋਕਾਂ ਦਾ ਕਹਿਣਾ ਸੀ ਕਿ ਉਹ ਦੂਰ-ਦੁਰਾਡੇ ਇਲਾਕਿਆਂ ਤੋਂ ਸਮਾਂ ਕੱਢ ਕੇ ਨਿਗਮ ਦਫ਼ਤਰ ਪਹੁੰਚੇ ਸਨ, ਪਰ ਸਬੰਧਤ ਅਧਿਕਾਰੀ ਮੌਜੂਦ ਨਾ ਹੋਣ ਕਾਰਨ ਉਨ੍ਹਾਂ ਦੇ ਕੰਮ ਨਹੀਂ ਹੋ ਸਕੇ। ਜਨਤਾ ਨਗਰ ਤੋਂ ਪਾਣੀ ਤੇ ਸੀਵਰੇਜ ਸਬੰਧੀ ਕੰਮ ਕਰਵਾਉਣ ਆਏ ਮੱਖਣ ਸਿੰਘ ਨੇ ਦੱਸਿਆ ਕਿ ਉਹ ਕਈ ਦਿਨਾਂ ਤੋਂ ਨਿਗਮ ਦਫ਼ਤਰ ਦੇ ਚੱਕਰ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਉਹ ਦਫ਼ਤਰ ਆਉਂਦੇ ਹਨ, ਕਈ ਵਾਰ ਸਬੰਧਤ ਮੁਲਾਜ਼ਮ ਆਪਣੀ ਸੀਟ ’ਤੇ ਮੌਜੂਦ ਨਹੀਂ ਮਿਲਦੇ। ਇਸੇ ਤਰ੍ਹਾਂ ਰਾਧਾ ਸੁਆਮੀ ਰੋਡ ਸਥਿਤ ਚੇਤ ਸਿੰਘ ਨਗਰ ਦੇ ਵਸਨੀਕ ਕਸ਼ਮੀਰ ਸਿੰਘ ਨੇ ਦੱਸਿਆ ਕਿ ਉਹ ਜਾਇਦਾਦ ਦੇ ਕਾਗਜ਼ਾਂ ਵਿੱਚ ਦਰੁਸਤੀ ਕਰਵਾਉਣ ਲਈ ਨਿਗਮ ਦਫ਼ਤਰ ਆਏ ਸਨ, ਪਰ ਸਬੰਧਤ ਅਧਿਕਾਰੀ ਸੀਟ ’ਤੇ ਨਹੀਂ ਮਿਲੇ। ਉਨ੍ਹਾਂ ਸਵਾਲ ਉਠਾਇਆ ਕਿ ਜੇਕਰ ਨਿਗਮ ਅਧਿਕਾਰੀਆਂ ਦੀ ਡਿਊਟੀ ਕਿਸੇ ਹੋਰ ਥਾਂ ਲਗਾਈ ਜਾਂਦੀ ਹੈ ਤਾਂ ਦਫ਼ਤਰ ਵਿੱਚ ਲੋਕਾਂ ਦੇ ਕੰਮ ਨਿਪਟਾਉਣ ਲਈ ਬਦਲਵੀਂ ਵਿਵਸਥਾ ਕਿਉਂ ਨਹੀਂ ਕੀਤੀ ਜਾਂਦੀ। ਲੋਕਾਂ ਨੇ ਕਿਹਾ ਕਿ ਸਰਕਾਰੀ ਦਫ਼ਤਰਾਂ ਵਿੱਚ ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਘੰਟਿਆਂਬੱਧੀ ਅਧਿਕਾਰੀਆਂ ਦੀ ਉਡੀਕ ਕਰਨੀ ਪਵੇ ਤਾਂ ਇਸ ਦੀ ਜਵਾਬਦੇਹੀ ਵੀ ਤੈਅ ਹੋਣੀ ਚਾਹੀਦੀ ਹੈ। ਉਨ੍ਹਾਂ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਜ਼ੋਨ-ਸੀ ਦਫ਼ਤਰ ਵਿੱਚ ਲੋਕਾਂ ਦੇ ਕੰਮ ਪ੍ਰਭਾਵਿਤ ਨਾ ਹੋਣ, ਇਸ ਲਈ ਬਦਲਵੀਂ ਵਿਵਸਥਾ ਕੀਤੀ ਜਾਵੇ।
-ਕੀ ਕਹਿੰਦੇ ਨੇ ਸਹਾਇਕ ਕਮਿਸ਼ਨਰ
ਇਸ ਸਬੰਧੀ ਜਦੋਂ ਨਗਰ ਨਿਗਮ ਜੋਨ-ਸੀ ਦੇ ਸਹਾਇਕ ਕਮਿਸ਼ਨਰ ਗੁਰਪਾਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਨਿਗਮ ਦੇ ਸਾਰੇ ਮੁਲਾਜ਼ਮਾਂ ਦੀ ਡਿਊਟੀ ਐੱਸਆਈਆਰ ਵਿੱਚ ਲੱਗੀ ਹੋਈ ਹੈ। ਇਸ ਕਾਰਨ ਦਫ਼ਤਰਾਂ ਵਿੱਚ ਕੁਰਸੀਆਂ ਖਾਲੀ ਨਜ਼ਰ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਕਾਰਨ ਕੰਮ ਕੁਝ ਦੇਰ ਲਈ ਪ੍ਰਭਾਵਿਤ ਜਾਂ ਲੇਟ ਹੋ ਸਕਦਾ ਹੈ, ਪਰ ਨਿਗਮ ਮੁਲਾਜ਼ਮ ਦੇਰ-ਸਵੇਰ ਇਹ ਕੰਮ ਨਿਪਟਾ ਦਿੰਦੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਨਗਰ ਨਿਗਮ ਪ੍ਰਸ਼ਾਸਨ ਲੋਕਾਂ ਦੀ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਾ ਹੈ ਜਾਂ ਫਿਰ ਲੋਕ ਇਸੇ ਤਰ੍ਹਾਂ ਅਧਿਕਾਰੀਆਂ ਦੀਆਂ ਖਾਲੀ ਕੁਰਸੀਆਂ ਨੂੰ ਤੱਕਦੇ ਹੋਏ ਨਿਗਮ ਦਫ਼ਤਰਾਂ ਦੇ ਚੱਕਰ ਲਗਾਉਂਦੇ ਰਹਿਣਗੇ।