
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਿੱਖ ਪੰਥ ਦੀ ਮਹਾਨ ਸ਼ਖਸੀਅਤ ਸਨ ਸੰਤ ਬਾਬਾ ਸੁੱਚਾ ਸਿੰਘ

-ਬਰਸੀ ’ਤੇ ਵਿਸ਼ੇਸ਼-
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਗੁਰਮਤਿ ਸੰਗੀਤ ਨੂੰ ਮੁੜ ਸੁਰਜੀਤ ਕਰਕੇ ਸਿਖ਼ਰਾਂ ਤੇ ਪਹੁੰਚਾਉਣ ਵਾਲੀ, ਸਿੱਖ ਪੰਥ ਦੀਆਂ ਮਹਾਨ ਸ਼ਖ਼ਸੀਅਤਾਂ ਵਿੱਚੋਂ ਇਕ ਸ਼ਖਸੀਅਤ ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ, ਜਵੱਦੀ ਟਕਸਾਲ ਦੇ ਬਾਨੀ ਮਹਾਂਪੁਰਸ਼ ਸੱਚਖੰਡਵਾਸੀ ਸੰਤ ਬਾਬਾ ਸੁੱਚਾ ਸਿੰਘ ਦਾ ਜਨਮ 1 ਅਕਤੂਬਰ 1948 ਨੂੰ ਪਿਤਾ ਨਗੀਨਾ ਸਿੰਘ ਜੀ ਤੇ ਮਾਤਾ ਧੰਨ ਕੌਰ ਜੀ ਦੇ ਘਰ ਪਿੰਡ ਜਮੀਅਤਗੜ੍ਹ ਭੱਲੇ, ਹੁਸ਼ਿਆਰਪੁਰ ਵਿਖੇ ਹੋਇਆ। ਪਿਤਾ ਜੀ ਦੇ ਬੱਬਰ ਅਕਾਲੀ ਦਲ ਨਾਲ ਸਬੰਧਿਤ ਹੋਣ ਕਰਕੇ ਗੁਰਸਿੱਖੀ ਜੀਵਨ ਦੀ ਗੁੜ੍ਹਤੀ ਆਪ ਜੀ ਨੂੰ ਘਰ ਤੋਂ ਹੀ ਮਿਲੀ। ਬਚਪਨ ਤੋਂ ਹੀ ਸੇਵਾ ਸਿਮਰਨ ’ਚ ਲੀਨ ਰਹਿੰਦਿਆਂ ਆਪ ਜੀ ਨੇ ਆਪਣੇ ਜੀਵਨ ਵਿੱਚ ਸੰਤ ਬਾਬਾ ਤਾਰਾ ਸਿੰਘ ਬਲਾਚੌਰ, ਸੰਤ ਬਾਬਾ ਅਜੀਤ ਸਿੰਘ ਹੰਸਾਲੀ ਸਾਹਿਬ ਤੇ ਸੰਤ ਬਾਬਾ ਕਿਸ਼ਨ ਸਿੰਘ ਮਹਾਰਾਜ ਰਾੜਾ ਸਾਹਿਬ ਵਾਲਿਆਂ ਵਰਗੇ ਤਪੱਸਵੀਆਂ ਦੀ ਛਤਰ ਛਾਇਆ ਹੇਠ ਰਹਿ ਕੇ ਅਧਿਆਤਮਿਕ ਉਚਾਈਆਂ ਦਾ ਤਜਰਬਾ ਅੰਗੀਕਾਰ ਕੀਤਾ। ਬੜੂ ਸਾਹਿਬ ਦੀਆਂ ਪਹਾੜੀਆਂ ਤੇ ਹਜ਼ੂਰ ਸਾਹਿਬ ਵਿੱਚ ਸਿਮਰਨ ਸਾਧਨਾ ਵਿੱਚ ਜੀਵਨ ਦਾ ਕੁੱਝ ਸਮਾਂ ਬਤੀਤ ਕਰਕੇ ਲੁਧਿਆਣੇ ਦੀਆਂ ਸੰਗਤ ਦੀ ਬੇਨਤੀ ਪ੍ਰਵਾਨ ਕਰਦਿਆਂ ਗੁ. ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਦੇ ਸਥਾਪਨਾ ਕੀਤੀ, ਜਿੱਥੇ ਆਪ ਜੀ 1991 ਵਿੱਚ ਗੁਰੂ ਸਾਹਿਬ ਜੀ ਵੱਲੋਂ ਦਿੱਤੇ ਨਿਰਧਾਰਿਤ ਰਾਗਾਂ ਨੂੰ ਗਾਇਨ ਕਰਨ ਦੀ ਪ੍ਰੰਪਰਾ ਨੂੰ ਮੁੜ ਸੁਰਜੀਤ ਕਰਕੇ ‘ਅਦੁੱਤੀ ਗੁਰਮਤਿ ਸੰਗੀਤ ਸੰਮੇਲਨਾਂ' ਦੀ ਲੜੀ ਦੀ ਆਰੰਭਤਾ ਕੀਤੀ ਜੋ ਕਿ ਹੁਣ ਵੀ ਨਿਰੰਤਰ ਜਾਰੀ ਹੈ। ‘ਆਪ’ ਜੀ ਨੇ ਕੌਮਾਂਤਰੀ ਪੱਧਰ 'ਤੇ ਸੈਮੀਨਾਰ, ਸ਼ਬਦ ਯਾਤਰਾ, ਨਾਮ ਅਭਿਆਸ ਕੈਂਪ ਤੇ ਗੁਰ ਸ਼ਬਦ ਸੰਗੀਤ ਅਕੈਡਮੀ ਦੀ ਸਥਾਪਨਾ ਕਰਕੇ ਸਿੱਖ ਪੰਥ ਦੀ ਮਹਾਨ ਸੇਵਾ ਕੀਤੀ। ਅਣਥੱਕ ਤੇ ਨਿਵੇਕਲੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਵੱਲੋਂ ਪੰਜ ਸ਼ਸਤਰਾਂ ਨਾਲ ਸਨਮਾਨਿਤ ਕੀਤਾ ਅਤੇ ਸਰੀਰਕ ਚਲਾਣੇ ਤੋਂ ਬਾਅਦ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ‘ਸ੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ' ਤੇ ਤਖ਼ਤ ਸ੍ਰੀ ਪਟਨਾ ਸਾਹਿਬ ਵੱਲੋਂ ‘ਸ੍ਰੋਮਣੀ ਸੇਵਾ ਰਤਨ' ਦੀ ਉਪਾਧੀ ਬਖਸ਼ਿਸ਼ ਕੀਤੀ ਗਈ। ਅਜਿਹੇ ਪਰਉਪਕਾਰੀ ਮਹਾਂਪੁਰਸ਼ ਧਾਰਮਿਕ ਕਾਰਜ ਕਰਦੇ 27 ਅਗਸਤ 2002 ਨੂੰ ਸਰੀਰਕ ਚੋਲਾ ਤਿਆਗ ਗਏ। ਉਨ੍ਹਾਂ ਤੋਂ ਬਾਅਦ ਅੱਜ ਉਨ੍ਹਾਂ ਦੇ ਜਾਨਸ਼ੀਨ ਸੰਤ ਬਾਬਾ ਅਮੀਰ ਸਿੰਘ ਉਸੇ ਤਰ੍ਹਾਂ ਮਹਾਪੁਰਸ਼ਾਂ ਵੱਲੋਂ ਚਲਾਈ ਪਰੰਪਰਾ ਨੂੰ ਹੋਰ ਵੀ ਬੜੀ ਚੜ੍ਹਦੀ ਕਲਾ ਨਾਲ ਨਿਭਾ ਰਹੇ ਹਨ। ਇਹ ਸਭ ਸੰਤ ਬਾਬਾ ਸੁੱਚਾ ਸਿੰਘ ਮਹਾਪੁਰਸ਼ਾਂ ਦੀ ਕਮਾਈ ਦਾ ਹੀ ਪ੍ਰਤਾਪ ਹੈ।