
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਿਰਫ ਕਿੱਤਾ ਨਹੀਂ ਜਨੂੰਨ ਹੈ ਉੱਦਮਿਤਾ-ਸੰਧੂ

23)
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਕੂਲ ਆਫ ਬਿਜ਼ਨਸ ਸਟੱਡੀਜ਼ ਵੱਲੋਂ ਐੱਮਬੀਏ ਅਤੇ ਐੱਮਬੀਏ ਐਗਰੀਬਿਜ਼ਨਸ ਦੇ ਪਹਿਲੇ ਸਾਲ ਦੇ ਵਿਦਿਆਰਥੀਆਂ ਲਈ ਉਦਮਿਤਾ ਸਬੰਧੀ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਇਸ ਮੌਕੇ ਕੈਲੀਫੋਰਨੀਆ ਤੋਂ ਆਏ ਉੱਘੇ ਨੌਜਵਾਨ ਉੱਦਮੀ ਜਸਕੀਰਤ ਸੰਧੂ ਨੇ ਵਿਦਿਆਰਥੀਆਂ ਨਾਲ ਆਪਣੇ ਉਦਮੀ ਸਫ਼ਰ, ਕਾਰੋਬਾਰੀ ਤਜਰਬਿਆਂ ਅਤੇ ਵੱਖ-ਵੱਖ ਖੇਤਰਾਂ ਵਿੱਚ ਕਾਰੋਬਾਰੀ ’ਚ ਹਾਸਲ ਕੀਤੇ ਸਬਕ ਸਾਂਝੇ ਕੀਤੇ। ਸੰਧੂ ਨੇ ਦੱਸਿਆ ਕਿ ਉਸ ਨੇ ਆਪਣਾ ਉਦਮੀ ਸਫ਼ਰ ਮਹਿਜ਼ 18 ਸਾਲ ਦੀ ਉਮਰ ਵਿੱਚ ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਤੁਰੰਤ ਬਾਅਦ ਸ਼ੁਰੂ ਕੀਤਾ ਸੀ। ਸਮੇਂ ਦੇ ਨਾਲ ਉਦਮਿਤਾ ਉਨ੍ਹਾਂ ਲਈ ਸਿਰਫ਼ ਇੱਕ ਕਿੱਤਾ ਨਹੀਂ ਰਹੀ, ਸਗੋਂ ਇੱਕ ਜਨੂੰਨ ਬਣ ਗਈ। ਉਨ੍ਹਾਂ ਦੇ ਪੇਸ਼ੇਵਰ ਸਫ਼ਰ ਵਿੱਚ ਨਵੀਨਤਾ, ਡਿਜੀਟਲ ਕਾਰੋਬਾਰ ਅਤੇ ਨਵੇਂ ਉੱਦਮ ਸਿਰਜਣ ਦੀ ਮਜ਼ਬੂਤ ਝਲਕ ਮਿਲਦੀ ਹੈ। ਉਨ੍ਹਾਂ ਸੋਸ਼ਲ ਮੀਡੀਆ ਮਾਰਕੀਟਿੰਗ ਏਜੰਸੀਆਂ ਤੋਂ ਇਲਾਵਾ ਡਾਇਰੈਕਟ-ਟੂ-ਕੰਜ਼ਿਊਮਰ (ਡੀ2ਸੀ) ਈ-ਕਾਮਰਸ ਕਾਰੋਬਾਰਾਂ ਸਮੇਤ ਕਈ ਉੱਦਮ ਸਥਾਪਤ ਕੀਤੇ ਹਨ। ਉਹ ‘ਸੋਸ਼ਲ ਸੋਰਸਰੀ’ ਦੇ ਸੰਸਥਾਪਕ ਵੀ ਰਹੇ, ਜਿੱਥੇ ਉਨ੍ਹਾਂ ਨੇ ਕਈ ਡੀ2ਸੀ ਈ-ਕਾਮਰਸ ਬ੍ਰਾਂਡ ਸਥਾਪਤ ਕੀਤੇ ਅਤੇ ਕਾਰੋਬਾਰ ਦੇ ਪਹਿਲੇ ਦੋ ਸਾਲਾਂ ਵਿੱਚ 30 ਲੱਖ ਅਮਰੀਕੀ ਡਾਲਰ ਤੋਂ ਵੱਧ ਦੀ ਆਮਦਨ ਹਾਸਲ ਕੀਤੀ। ਉਹ ‘ਸਟਾਫਿੰਗਜ਼.ਏਆਈ’ ਦੇ ਸਹਿ-ਸੰਸਥਾਪਕ ਅਤੇ ਸੀਈਓ ਵੀ ਰਹੇ ਹਨ। ਇਹ ਇੱਕ ਫੁੱਲ-ਸਟੈਕ ਏਆਈ ਸਟਾਫਿੰਗ ਏਜੰਸੀ ਹੈ। ਉਨ੍ਹਾਂ ਨੇ ‘ਫਰੰਟ ਪੋਰਚ ਵੈਂਚਰ ਪਾਰਟਨਰਜ਼’ ਨਾਲ ਵੀ ਕੰਮ ਕੀਤਾ, ਜਿੱਥੇ ਉਨ੍ਹਾਂ ਨੇ ਨਿਵੇਸ਼ ਸਬੰਧੀ ਦਸਤਾਵੇਜ਼ਾਂ ਅਤੇ ਡਿਊ ਡਿਲੀਜੈਂਸ ਦੇ ਕੰਮ ਵਿੱਚ ਯੋਗਦਾਨ ਪਾਇਆ। ਇਸ ਸਮੇਂ ਉਹ ‘ਜੇਐਕਸ’ ਦੇ ਸੰਸਥਾਪਕ ਹਨ, ਜੋ ਰਵਾਇਤੀ ਕਾਰੋਬਾਰਾਂ ਨੂੰ ਵਿਕਸਤ ਕਰਨ ਤੇ ਉਨ੍ਹਾਂ ਨੂੰ ਆਟੋਮੇਟ ਕਰਨ ’ਤੇ ਕੇਂਦਰਿਤ ਵੈਂਚਰ ਸਟੂਡੀਓ ਹੈ। ਵਿਦਿਆਰਥੀਆਂ ਨਾਲ ਉਨ੍ਹਾਂ ਦੀ ਗੱਲਬਾਤ ਸਿਰਫ਼ ਕਾਰੋਬਾਰੀ ਸਫ਼ਲਤਾ ਦੀਆਂ ਕਹਾਣੀਆਂ ਤੱਕ ਸੀਮਤ ਨਹੀਂ ਰਹੀ। ਉਨ੍ਹਾਂ ਨੇ ਮੌਕਿਆਂ ਦੀ ਪਛਾਣ ਕਰਨ, ਸੋਚ-ਸਮਝ ਕੇ ਜੋਖ਼ਮ ਲੈਣ, ਤਜਰਬਿਆਂ ਤੋਂ ਸਿੱਖਣ ਅਤੇ ਤੇਜ਼ੀ ਨਾਲ ਬਦਲ ਰਹੇ ਕਾਰੋਬਾਰੀ ਮਾਹੌਲ ਅਨੁਸਾਰ ਆਪਣੇ ਆਪ ਨੂੰ ਢਾਲਣ ਬਾਰੇ ਦੱਸਿਆ। 18 ਸਾਲ ਦੀ ਉਮਰ ਵਿੱਚ ਕਾਰੋਬਾਰ ਸ਼ੁਰੂ ਕਰਨ ਤੋਂ ਲੈ ਕੇ ਵੱਖ-ਵੱਖ ਉੱਦਮਾਂ ਨਾਲ ਕੰਮ ਕਰਨ ਤੱਕ ਦਾ ਉਨ੍ਹਾਂ ਦਾ ਸਫ਼ਰ ਵਿਦਿਆਰਥੀਆਂ ਲਈ ਉਦਮਿਤਾ ਨੂੰ ਕਰੀਅਰ ਵਜੋਂ ਅਪਣਾਉਣ ਲਈ ਪ੍ਰੇਰਣਾਦਾਇਕ ਰਿਹਾ। ਲੈਕਚਰ ਦੌਰਾਨ ਅਜੋਕੇ ਸਮੇਂ ਵਿੱਚ ਉਦਮਿਤਾ ਦੀ ਮਹੱਤਤਾ ’ਤੇ ਵੀ ਚਰਚਾ ਕੀਤੀ ਗਈ। ਇਸ ਮੌਕੇ ਐੱਸਬੀਐੱਸ ਦੇ ਪ੍ਰੋਫੈਸਰ-ਕਮ-ਡਾਇਰੈਕਟਰ ਅਤੇ ਨਿਧੀ-ਟੀਬੀਆਈ (ਡੀਐੱਸਟੀ, ਭਾਰਤ ਸਰਕਾਰ) ਦੇ ਪੀਆਈ ਡਾ. ਰਾਮਨਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਉਦਮੀਆਂ ਦੇ ਸਫ਼ਰ ਅਤੇ ਅਸਲ ਕਾਰੋਬਾਰੀ ਤਜਰਬਿਆਂ ਤੋਂ ਜਾਣੂ ਕਰਵਾਉਣ ਦੀ ਮਹੱਤਤਾ ਉਜਾਗਰ ਕੀਤੀ। ਨਿਧੀ-ਟੀਬੀਆਈ ਦੇ ਸੀਈਓ ਗੁਰਿੰਦਰ ਸਿੰਘ ਗਿੱਲ ਅਤੇ ਬੀਐੱਮ ਸਮੀਰ ਗੌਤਮ ਨੇ ਵਿਦਿਆਰਥੀਆਂ ਨੂੰ ਸੰਸਥਾ ਦੀਆਂ ਮੁੱਖ ਗਤੀਵਿਧੀਆਂ ਅਤੇ ਸਹਾਇਤਾ ਪ੍ਰਣਾਲੀਆਂ ਬਾਰੇ ਵਿਸਥਾਰ ਨਾਲ ਦੱਸਿਆ। ਇਸ ਮੌਕੇ ਡਾ. ਬਬੀਤਾ ਕੁਮਾਰ, ਐੱਮਐੱਸਏ ਇੰਚਾਰਜ ਅਤੇ ਡਾ. ਨਵਨੀਤ ਕੌਰ ਗਿੱਲ ਵੀ ਹਾਜ਼ਰ ਸਨ।