
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਹੁਰਿਆਂ ਤੋਂ ਤੰਗ ਆਈ ਔਰਤ ਨੇ ਦੋ ਬੱਚਿਆਂ ਸਮੇਤ ਨਹਿਰ ’ਚ ਮਾਰੀ ਛਾਲ, 5 ਸਾਲਾ ਧੀ ਦੀ ਮੌਤ

-ਰਾਹਗੀਰਾਂ ਨੇ ਤਿੰਨਾਂ ਨੂੰ ਨਹਿਰ ’ਚੋਂ ਕੱਢ ਕੇ ਹਸਪਤਾਲ ’ਚ ਕਰਵਾਇਆ ਦਾਖ਼ਲ, ਮਾਂ-ਪੁੱਤ ਦੀ ਹਾਲਤ ਨਾਜ਼ੁਕ
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ
ਦੁੱਗਰੀ ਇਲਾਕੇ ਵਿੱਚ ਮੰਗਲਵਾਰ ਨੂੰ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ। ਸਹੁਰੇ ਪਰਿਵਾਰ ਵੱਲੋਂ ਤੰਗ ਕੀਤੇ ਜਾਣ ਤੋਂ ਪਰੇਸ਼ਾਨ ਔਰਤ ਅਨਮੋਲ ਨੇ ਆਪਣੇ ਦੋ ਮਾਸੂਮ ਬੱਚਿਆਂ ਸਮੇਤ ਦੁੱਗਰੀ ਨਹਿਰ ਵਿੱਚ ਛਾਲ ਮਾਰ ਦਿੱਤੀ। ਤਿੰਨਾਂ ਨੂੰ ਨਹਿਰ ਵਿੱਚ ਡੁੱਬਦੇ ਦੇਖ ਰਾਹਗੀਰ ਤੁਰੰਤ ਮਦਦ ਲਈ ਅੱਗੇ ਆਏ ਅਤੇ ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਔਰਤ ਤੇ ਦੋਵਾਂ ਬੱਚਿਆਂ ਨੂੰ ਨਹਿਰ ਵਿੱਚੋਂ ਬਾਹਰ ਕੱਢ ਲਿਆ। ਤਿੰਨਾਂ ਨੂੰ ਤੁਰੰਤ ਨੇੜਲੇ ਨਿੱਜੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ 5 ਸਾਲਾ ਧੀ ਅਨੰਨਿਆ ਉਰਫ ਅਨੂ ਨੂੰ ਜਾਂਚ ਤੋਂ ਬਾਅਦ ਮ੍ਰਿਤਕ ਐਲਾਨ ਕਰ ਦਿੱਤਾ। ਔਰਤ ਅਨਮੋਲ ਅਤੇ ਉਸ ਦਾ 3 ਸਾਲਾ ਪੁੱਤਰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਮੁੱਢਲੀ ਜਾਣਕਾਰੀ ਅਨੁਸਾਰ ਅਨਮੋਲ ਪਿਛਲੇ ਕੁੱਝ ਸਮੇਂ ਤੋਂ ਆਪਣੇ ਸਹੁਰੇ ਪਰਿਵਾਰ ਵੱਲੋਂ ਕੀਤੀ ਜਾ ਰਹੀ ਤਸ਼ੱਦਦ ਤੋਂ ਪਰੇਸ਼ਾਨ ਸੀ। ਉਸ ਨੇ ਆਪਣੇ ਸਹੁਰੇ ਪਰਿਵਾਰ ਖ਼ਿਲਾਫ਼ ਦੁੱਗਰੀ ਥਾਣੇ ਵਿੱਚ ਸ਼ਿਕਾਇਤ ਵੀ ਦਿੱਤੀ ਸੀ। ਪਰਿਵਾਰਕ ਵਿਵਾਦ ਕਾਰਨ ਉਹ ਆਪਣੇ ਪੇਕੇ ਪਰਿਵਾਰ ਕੋਲ ਦੁੱਗਰੀ ਸਥਿਤ ਐਲਆਈਜੀ ਫਲੈਟਾਂ ਵਿੱਚ ਰਹਿ ਰਹੀ ਸੀ। ਥਾਣਾ ਮਾਡਲ ਟਾਊਨ ਦੀ ਐੱਸਐੱਚਓ ਸਬ-ਇੰਸਪੈਕਟਰ ਗੁਰਸ਼ਿੰਦਰ ਕੌਰ ਨੇ ਦੱਸਿਆ ਕਿ ਮੰਗਲਵਾਰ ਨੂੰ ਔਰਤ ਦੇ ਦਿਓਰ ਨੇ ਉਸ ਨੂੰ ਧਮਕਾਇਆ ਸੀ। ਇਸ ਤੋਂ ਬਾਅਦ ਉਹ ਮਾਨਸਿਕ ਤੌਰ ’ਤੇ ਬੇਹੱਦ ਪਰੇਸ਼ਾਨ ਹੋ ਗਈ ਅਤੇ ਆਪਣੇ ਦੋਵੇਂ ਬੱਚਿਆਂ ਨੂੰ ਨਾਲ ਲੈ ਕੇ ਦੁੱਗਰੀ ਨਹਿਰ ’ਤੇ ਪਹੁੰਚ ਗਈ। ਉੱਥੇ ਉਸ ਨੇ ਦੋਵਾਂ ਬੱਚਿਆਂ ਸਮੇਤ ਨਹਿਰ ਵਿੱਚ ਛਾਲ ਮਾਰ ਦਿੱਤੀ। ਔਰਤ ਅਤੇ ਬੱਚਿਆਂ ਨੂੰ ਨਹਿਰ ਵਿੱਚ ਡੁੱਬਦੇ ਦੇਖ ਰਾਹਗੀਰਾਂ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਕਾਫ਼ੀ ਕੋਸ਼ਿਸ਼ ਤੋਂ ਬਾਅਦ ਤਿੰਨਾਂ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਨੇੜਲੇ ਨਿੱਜੀ ਹਸਪਤਾਲ ਲਿਜਾਇਆ ਗਿਆ। ਹਸਪਤਾਲ ਵਿੱਚ ਡਾਕਟਰਾਂ ਨੇ 5 ਸਾਲਾ ਅਨੰਨਿਆ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਅਨਮੋਲ ਅਤੇ ਉਸ ਦੇ 3 ਸਾਲਾ ਪੁੱਤਰ ਦੀ ਹਾਲਤ ਗੰਭੀਰ ਹੈ ਅਤੇ ਦੋਵੇਂ ਇਲਾਜ ਅਧੀਨ ਹਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਔਰਤ ਵੱਲੋਂ ਪਹਿਲਾਂ ਦਿੱਤੀ ਗਈ ਸ਼ਿਕਾਇਤ, ਪਰਿਵਾਰਕ ਵਿਵਾਦ ਅਤੇ ਦਿਓਰ ਵੱਲੋਂ ਦਿੱਤੀ ਗਈ ਧਮਕੀ ਸਮੇਤ ਘਟਨਾ ਨਾਲ ਜੁੜੇ ਸਾਰੇ ਪਹਿਲੂਆਂ ਦੀ ਪੜਤਾਲ ਕੀਤੀ ਜਾ ਰਹੀ ਹੈ।