
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸੰਤ ਬਾਬਾ ਸੁੱਚਾ ਸਿੰਘ ਦੀ ਬਰਸੀ ਸਬੰਧੀ ਅਖੰਡ ਪਾਠ ਆਰੰਭ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਜਵੱਦੀ ਟਕਸਾਲ ਤੇ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦੇ ਬਾਨੀ ਸ੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਬ੍ਰਹਮ ਗਿਆਨੀ ਸੱਚਖੰਡ ਵਾਸੀ ਸੰਤ ਬਾਬਾ ਸੁੱਚਾ ਸਿੰਘ ਦੀ 24ਵੀਂ ਬਰਸੀ ਸਬੰਧੀ ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਜਵੱਦੀ ਟਕਸਾਲ ਲੁਧਿਆਣਾ ਵਿਖੇ ਸ੍ਰੀ ਅਖੰਡ ਪਾਠ ਆਰੰਭ ਹੋਏ। ਸਮਾਗਮ ਦੀ ਆਰੰਭਤਾ ਵੱਖ ਵੱਖ ਜਥੇਬੰਦੀਆਂ ਤੇ ਸਭਾ ਸੁਸਾਇਟੀਆਂ ਨਾਲ ਸੰਬੰਧਿਤ ਬੀਬੀਆਂ ਦੇ ਵੱਖ ਵੱਖ ਜੱਥਿਆਂ ਵੱਲੋਂ ਹਾਜ਼ਰੀ ਨਾਲ ਹੋਈ। ਇਸ ਮੌਕੇ ਸੰਤ ਬਾਬਾ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਨੇ ਸੰਗਤ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਸੰਤ ਬਾਬਾ ਅਮੀਰ ਸਿੰਘ ਨੇ ਫਰਮਾਇਆ ਕਿ ਜਿਸ ਧਰਤੀ ਦੀਆਂ ਬੀਬੀਆਂ ਸਤਿਪੁਰਖੀ ਹੁੰਦੀਆਂ ਹਨ, ਉਹ ਧਰਤੀ ਦੀ ਕੌਮ ਅਕਾਲ-ਪੁਰਖੀ ਹੁੰਦੀ ਹੈ, ਸਿੱਖ ਬੀਬੀਆਂ ਦਾ ਉੱਚਾ ਜੀਵਨ ਵਕਤ ਦੀ ਚਾਲ ਨੂੰ ਬਦਲਦਾ ਆਇਆ ਹੈ। ਮਾਤਾ ਵਿਪਨਪ੍ਰੀਤ ਕੌਰ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆ ਕਿਹਾ ਕਿ ਜੇਕਰ ਅਸੀਂ ਇਹ ਪ੍ਰਣ ਨਹੀਂ ਕਰ ਲੈਂਦੀਆਂ ਕਿ ਜਦੋਂ ਤੱਕ ਅਸੀਂ ਆਪਣੇ ਬੱਚਿਆਂ ਨੂੰ ਗੁਰਸਿੱਖੀ ਦੇ ਰਸਤੇ ਤੇ ਨਹੀਂ ਲੈ ਕੇ ਆਉਂਦੀਆਂ, ਤਦ ਤੱਕ ਸਾਨੂੰ ਆਪਣਾ ਜੀਵਨ ਵਿਅਰਥ ਸਮਝਣਾ ਚਾਹੀਦਾ ਹੈ। ਨਵੀਂ ਪੀੜੀ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਮਾਤਾ ਗੁਜਰੀ ਜੀ ਦੀ ਤਰ੍ਹਾਂ ਆਪਣੇ ਬੱਚਿਆਂ ਨੂੰ ਗੁਰਸਿੱਖੀ ਵਿੱਚ ਪਰਪੱਕ ਕਰਕੇ ਗੁਰਮਤਿ ਦੀ ਸਿੱਖਿਆ ਦੇਣੀ ਚਾਹੀਦੀ ਹੈ। ਬੱਚੇ ਕੇਸ ਕਤਲ ਕਰਕੇ ਆਪਣੀ ਨਿਵੇਕਲੀ ਪਛਾਣ ਨੂੰ ਗੁਆ ਰਹੇ ਹਨ। ਜਦਕਿ ਖਾਲਸੇ ਨੂੰ ਆਪਣੇ ਸਿੱਖੀ ਸਰੂਪ ਤੇ ਮਾਣ ਹੋਣਾ ਚਾਹੀਦਾ ਹੈ। ਉਨਾਂ ਸਿੱਖ ਬੀਬੀਆਂ ਨੂੰ ਸੁਚੇਤ ਕੀਤਾ ਕਿ ਇਹ ਇਖਲਾਕੀ ਬਣਦਾ ਫਰਜ ਹੈ ਕਿ ਆਪਣੇ ਬੱਚਿਆਂ ਦੇ ਹਿਰਦੇ ਅੰਦਰ ਗੁਰਸਿੱਖੀ ਦੀ ਸਪਿਰਟ ਭਰਨ। ਬੀਬੀ ਬਲਦੇਵ ਕੌਰ ਨੇ ਇਤਿਹਾਸ ਦੇ ਵੱਖ-ਵੱਖ ਪੱਖਾਂ ਦੇ ਹਵਾਲੇ ਦੇ ਕੇ ਬੀਬੀਆਂ ਦਾ ਸਮਾਜ ਨੂੰ ਯੋਗਦਾਨ, ਸਿੱਖ ਕੌਮ ਦੀ ਪ੍ਰਗਤੀ ਦੇ ਸੰਦਰਭ ਵਿੱਚ ਸਿੱਖ ਬੀਬੀਆਂ ਦੀ ਜਿੰਮੇਵਾਰੀ ਆਦਿ ਵਿਸ਼ਿਆਂ ਤੇ ਵਿਚਾਰਾਂ ਦੀ ਸਾਂਝ ਪਾਈ। ਸਮਾਗਮ ਦੌਰਾਨ ਭਾਈ ਸੁਰਿੰਦਰ ਸਿੰਘ ਨਛੱਤਰ ਸਿੰਘ ਹਜੂਰੀ ਰਾਗੀ ਨੇ ਮਨੋਹਰ ਗੁਰਬਾਣੀ ਕੀਰਤਨ ਕੀਤਾ। ਸ਼ਾਮ ਰਾਤ ਦੇ ਦੀਵਾਨ ਵਿੱਚ ਗਿਆਨੀ ਗੁਰਮੇਜ ਸਿੰਘ ਨੇ ਲੜੀਵਾਰ ਗੁਰ ਇਤਿਹਾਸ ਦੀ ਕਥਾ ਕੀਤੀ।