
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਆਮ ਆਦਮੀ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਗੁਰੀ ਮਾਣਕਵਾਲ ਨੇ ਦਿੱਤਾ ਅਸਤੀਫਾ

ਜਸਵੀਰ ਸਿੰਘ ਗੁਰਮ, ਪੰਜਾਬੀ ਜਾਗਰਣ, ਡੇਹਲੋਂ/ਆਲਮਗੀਰ
ਆਮ ਆਦਮੀ ਪਾਰਟੀ ਨਾਲ ਸਾਲ 2014 ਤੋਂ ਜੁੜੇ ਆ ਰਹੇ ਗੁਰੀ ਮਾਣਕਵਾਲ ਨੇ ਪਾਰਟੀ ਅੰਦਰ ਸੰਭਾਲੇ ਆਪਣੇ ਸਾਰੇ ਅਹੁਦਿਆਂ ਨੂੰ ਛੱਡਣ ਦਾ ਫੈਸਲਾ ਕੀਤਾ ਹੈ। ਗੁਰੀ ਮਾਣਕਵਾਲ ਨੇ ਕਿਹਾ ਕਿ ਇਹ ਫੈਸਲਾ ਉਨ੍ਹਾਂ ਨੇ ਕਿਸੇ ਨਿੱਜੀ ਰੰਜਿਸ਼ ਜਾਂ ਨਿੱਜੀ ਕਾਰਨ ਕਰਕੇ ਨਹੀਂ ਲਿਆ, ਸਗੋਂ ਆਪਣੇ ਇਲਾਕੇ ਅਤੇ ਪਿੰਡ ਦੇ ਲੋਕਾਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਲਿਆ ਹੈ। ਗੁਰੀ ਮਾਣਕਵਾਲ ਨੇ ਕਿਹਾ ਕਿ ਉਹ ਸਾਲ 2014 ਤੋਂ ਆਮ ਆਦਮੀ ਪਾਰਟੀ ਨਾਲ ਜੁੜ ਕੇ ਪਾਰਟੀ ਲਈ ਲਗਾਤਾਰ ਕੰਮ ਕਰਦੇ ਰਹੇ ਹਨ। ਇਲਾਕੇ ਦੇ ਲੋਕਾਂ ਨਾਲ ਸਬੰਧਤ ਕਈ ਮੁੱਦੇ ਸਮੇਂ-ਸਮੇਂ ’ਤੇ ਸਥਾਨਕ ਵਿਧਾਇਕ ਦੇ ਧਿਆਨ ਵਿੱਚ ਲਿਆਂਦੇ ਗਏ, ਪਰ ਇਨ੍ਹਾਂ ਮਸਲਿਆਂ ਸਬੰਧੀ ਕੋਈ ਠੋਸ ਜਵਾਬ ਜਾਂ ਕਾਰਵਾਈ ਸਾਹਮਣੇ ਨਹੀਂ ਆਈ। ਸਾਡੇ ਇਲਾਕੇ ਦੀ ਮੁੱਖ ਸੜਕ ਅਜੇ ਤੱਕ ਨਹੀਂ ਬਣੀ, ਜਦਕਿ ਪਿੰਡ ਦੇ ਸਕੂਲ ਨੂੰ 8ਵੀਂ ਜਮਾਤ ਤੱਕ ਕਰਨ ਦੀ ਮੰਗ ਵੀ ਪੂਰੀ ਨਹੀਂ ਹੋਈ। ਇਸ ਤੋਂ ਇਲਾਵਾ ਇਲਾਕੇ ਦੇ ਹੋਰ ਵੀ ਕਈ ਵਿਕਾਸ ਕਾਰਜ ਅਧੂਰੇ ਪਏ ਹਨ, ਜਿਸ ਕਾਰਨ ਲੋਕਾਂ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ। ਗੁਰੀ ਮਾਣਕਵਾਲ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਇਹ ਫੈਸਲਾ ਕਿਸੇ ਵਿਅਕਤੀ ਵਿਸ਼ੇਸ਼ ਦੇ ਖਿਲਾਫ਼ ਨਹੀਂ ਹੈ। ਅਹੁਦੇ ਛੱਡਣ ਦੇ ਬਾਵਜੂਦ ਉਹ ਆਪਣੇ ਪਿੰਡ ਅਤੇ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਲਈ ਆਵਾਜ਼ ਉਠਾਉਂਦੇ ਰਹਿਣਗੇ ਅਤੇ ਜਿੱਥੇ ਵੀ ਲੋਕਾਂ ਦੇ ਹੱਕਾਂ ਦੀ ਗੱਲ ਹੋਵੇਗੀ, ਉਹ ਉੱਥੇ ਲੋਕਾਂ ਦੇ ਨਾਲ ਖੜ੍ਹੇ ਰਹਿਣਗੇ।