ਸਾਹਨੇਵਾਲ ’ਚ ਭਾਜਪਾ ਦੀ ਟਿਕਟ ਲਈ ਦਾਅਵੇਦਾਰਾਂ ਦੀ ਲੰਮੀ ਕਤਾਰ ਸਾਹਨੇਵਾਲ ’ਚ ਭਾਜਪਾ ਦੀ ਟਿਕਟ ਲਈ ਦਾਅਵੇਦਾਰਾਂ ਦੀ ਲੰਮੀ ਕਤਾਰ
Publish Date: Tue, 25 Aug 2026 07:38 PM (IST)
Updated Date: Wed, 26 Aug 2026 04:05 AM (IST)
-ਟਕਸਾਲੀ ਆਗੂਆਂ ਨੂੰ ਟਿਕਟ ਮਿਲਣ ਦੀ ਜਾਗੀ ਆਸ ਰਵੀ ਭਾਟੀਆ, ਪੰਜਾਬੀ ਜਾਗਰਣ ਲੁਧਿਆਣਾ/ਸਾਹਨੇਵਾਲ ਪੰਜਾਬ ’ਚ ਭਾਜਪਾ ਵੱਲੋਂ ਭਵਿੱਖੀ ਵਿਧਾਨ ਸਭਾ ਚੋਣਾਂ ਦੌਰਾਨ ਆਪਣੇ ਦਮ ’ਤੇ 117 ਵਿਧਾਨ ਸਭਾ ਹਲਕਿਆਂ ’ਚ ਚੋਣ ਲੜਨ ਸਬੰਧੀ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਜਾਰੀ ਬਿਆਨਾਂ ਤੋਂ ਬਾਅਦ ਉਨ੍ਹਾਂ ਹਲਕਿਆਂ ’ਚ ਵੀ ਭਾਜਪਾ ਆਗੂਆਂ ਨੇ ਸਿਆਸੀ ਸਰਗਰਮੀਆਂ ਤੇਜ਼ ਕੀਤੀਆਂ ਹਨ, ਜਿੱਥੇ ਅਕਾਲੀ-ਭਾਜਪਾ ਗਠਜੋੜ ਦੌਰਾਨ ਭਾਜਪਾ ਦੀ ਬਜਾਏ ਅਕਾਲੀ ਦਲ ਦੇ ਉਮੀਦਵਾਰ ਚੋਣ ਮੈਦਾਨ ’ਚ ਉਤਰਦੇ ਰਹੇ ਹਨ। ਵਿਧਾਨ ਸਭਾ ਹਲਕਾ ਸਾਹਨੇਵਾਲ ਦੀ ਗੱਲ ਕੀਤੀ ਜਾਵੇ ਤਾਂ ਇੱਥੋਂ ਭਾਜਪਾ ਦੀ ਟਿਕਟ ਲਈ 12 ਤੋਂ ਵੱਧ ਆਗੂਆਂ ਦੇ ਨਾਮ ਚਰਚਾ ’ਚ ਹਨ। ਇਨ੍ਹਾਂ ’ਚ ਪ੍ਰਿਤਪਾਲ ਸਿੰਘ ਬਲੀਏਵਾਲ, ਪਵਨ ਕੁਮਾਰ ਟਿੰਕੂ, ਸਰਪੰਚ ਰੁਲਦੂ ਰਾਮ, ਅਜਮੇਰ ਸਿੰਘ ਭਾਗਪੁਰ, ਸੰਦੀਪ ਸਿੰਘ ਭੈਣੀ ਸਾਹਿਬ, ਸਰਪੰਚ ਸੋਹਣ ਸਿੰਘ ਢੋਲਣਵਾਲ, ਰਮਿੰਦਰ ਸਿੰਘ ਸੰਗੋਵਾਲ ਸਮੇਤ ਕਈ ਹੋਰ ਆਗੂ ਆਪਣੀਆਂ ਸਿਆਸੀ ਸਰਗਰਮੀਆਂ ਰਾਹੀਂ ਦਾਅਵੇਦਾਰੀ ਮਜ਼ਬੂਤ ਕਰਨ ਵਿੱਚ ਲੱਗੇ ਹੋਏ ਦੱਸੇ ਜਾ ਰਹੇ ਹਨ। ਟਕਸਾਲੀ ਭਾਜਪਾ ਆਗੂਆਂ ਵਿੱਚ ਪਵਨ ਕੁਮਾਰ ਟਿੰਕੂ, ਰੁਲਦੂ ਰਾਮ ਅਤੇ ਸਾਬਕਾ ਕੌਂਸਲਰ ਰਸ਼ਪਾਲ ਸਿੰਘ ਦਾ ਨਾਮ ਚਰਚਾ ’ਚ ਹੈ ਜਿਹੜੇ ਲੰਮੇ ਸਮੇਂ ਤੋਂ ਭਾਜਪਾ ਦੀ ਵਿਚਾਰਧਾਰਾ ਤੇ ਸੰਘ ਨਾਲ ਜੁੜੇ ਹੋਏ ਹਨ। ਪੰਜਾਬ ਦੇ ਮਾੜੇ ਹਾਲਾਤ ਦੌਰਾਨ ਕਸਬਾ ਸਾਹਨੇਵਾਲ ਵਿੱਚ ਭਾਜਪਾ ਦੇ ਸਰਗਰਮ ਆਗੂ ਰਹੇ ਸਵਰਗੀ ਜੈ ਕੁਮਾਰ ਦੀ ਮੌਤ ਹੋ ਜਾਣ ਤੋਂ ਬਾਅਦ ਪਵਨ ਕੁਮਾਰ ਟਿੰਕੂ , ਰੁਲਦੂਰਾਮ ਅਤੇ ਰਸ਼ਪਾਲ ਸਿੰਘ ਨੇ ਪਾਰਟੀ ਦਾ ਝੰਡਾ ਮਜ਼ਬੂਤੀ ਨਾਲ ਚੁੱਕਿਆ ਅਤੇ ਪਾਰਟੀ ਦੀਆਂ ਸਰਗਰਮੀਆਂ ਨੂੰ ਅੱਗੇ ਵਧਾਉਣ ਵਿੱਚ ਭੂਮਿਕਾ ਨਿਭਾਈ। ਟਿੰਕੂ ਦੀ ਪਤਨੀ ਨਗਰ ਕੌਂਸਲ ਸਾਹਨੇਵਾਲ ਵਿੱਚ ਕੌਂਸਲਰ ਅਤੇ ਪ੍ਰਧਾਨ ਰਹਿ ਚੁੱਕੇ ਹਨ, ਜਦਕਿ ਪਵਨ ਕੁਮਾਰ ਟਿੰਕੂ ਖੁਦ ਵੀ ਭਾਜਪਾ ਦੇ ਜ਼ਿਲ੍ਹਾ ਪੱਧਰ ਤੋਂ ਲੈ ਕੇ ਪੰਜਾਬ ਪੱਧਰ ਤੱਕ ਵੱਖ-ਵੱਖ ਜ਼ਿੰਮੇਵਾਰੀਆਂ ਨਿਭਾ ਚੁੱਕੇ ਹਨ। ਇਸ ਕਾਰਨ ਪਾਰਟੀ ਦੇ ਪੁਰਾਣੇ ਵਰਕਰਾਂ ਵਿੱਚ ਉਨ੍ਹਾਂ ਦੀ ਦਾਅਵੇਦਾਰੀ ਨੂੰ ਲੈ ਕੇ ਚਰਚਾ ਬਣੀ ਹੋਈ ਹੈ। ਇਸੇ ਤਰ੍ਹਾਂ ਪਿੰਡ ਭੈਰੋ ਮੁੰਨਾ ਦੇ ਸਰਪੰਚ ਰੁਲਦੂ ਰਾਮ ਵੀ ਲੰਮੇ ਸਮੇਂ ਤੋਂ ਭਾਜਪਾ ਅਤੇ ਸੰਘ ਦੀ ਵਿਚਾਰਧਾਰਾ ਨਾਲ ਜੁੜੇ ਹੋਏ ਦੱਸੇ ਜਾਂਦੇ ਹਨ। ਉਹ ਪੰਜਾਬ ਪੱਧਰ ’ਤੇ ਪਾਰਟੀ ਦੀ ਵਿਚਾਰਧਾਰਾ ਦੇ ਪ੍ਰਚਾਰ-ਪ੍ਰਸਾਰ ਵਿੱਚ ਸਰਗਰਮ ਰਹੇ ਹਨ। ਉਨ੍ਹਾਂ ਦਾ ਪਰਿਵਾਰ ਵੀ ਪਿਛਲੇ ਕਰੀਬ ਦੋ ਦਹਾਕਿਆਂ ਤੋਂ ਪਿੰਡ ਦੀ ਪੰਚਾਇਤ ਵਿੱਚ ਸਰਪੰਚ ਜਾਂ ਮੈਂਬਰ ਵਜੋਂ ਆਪਣੀ ਭੂਮਿਕਾ ਨਿਭਾਉਂਦਾ ਆ ਰਿਹਾ ਹੈ। ਰਸ਼ਪਾਲ ਸਿੰਘ ਜਿਹੜੇ ਖੁਦ ਕੌਂਸਲਰ ਰਹੇ ਹਨ ਅਤੇ ਪਾਰਟੀ ਦੇ ਵੀ ਕਈ ਅਹੁਦਿਆਂ ਤੇ ਭੂਮਿਕਾ ਨਿਭਾਉਂਦੇ ਆ ਰਹੇ ਹਨ। ਭਾਜਪਾ ਦੇ ਬੁਲਾਰੇ ਪ੍ਰਿਤਪਾਲ ਸਿੰਘ ਬਲੀਏਵਾਲ ਵੀ ਸਾਹਨੇਵਾਲ ਤੋਂ ਟਿਕਟ ਦੇ ਦਾਅਵੇਦਾਰਾਂ ਵਿੱਚ ਸ਼ਾਮਲ ਦੱਸੇ ਜਾ ਰਹੇ ਹਨ। ਉਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸਿਆਸਤ ਕਰਦੇ ਹੋਏ ਬਾਅਦ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਸਨ। ਉਹ ਵੱਖ-ਵੱਖ ਮੀਡੀਆ ਪਲੇਟਫਾਰਮਾਂ ’ਤੇ ਭਾਜਪਾ ਦਾ ਪੱਖ ਰੱਖਦੇ ਰਹਿੰਦੇ ਹਨ। ਇਸ ਤੋਂ ਇਲਾਵਾ ਲੰਮੇ ਸਮੇਂ ਤੱਕ ਵੇਰਕਾ ਦੇ ਚੇਅਰਮੈਨ ਰਹੇ ਅਜਮੇਰ ਸਿੰਘ ਭਾਗਪੁਰ ਕੋਲ ਵੀ ਸਿਆਸੀ ਤਜਰਬਾ ਹੈ ਅਤੇ ਉਨ੍ਹਾਂ ਦਾ ਨਾਮ ਵੀ ਭਾਜਪਾ ਦੀ ਟਿਕਟ ਲਈ ਚਰਚਾ ਵਿੱਚ ਦੱਸਿਆ ਜਾ ਰਿਹਾ ਹੈ। ਸੰਦੀਪ ਸਿੰਘ ਭੈਣੀ ਸਾਹਿਬ ਵੀ ਦਾਅਵੇਦਾਰਾਂ ਵਿੱਚ ਸ਼ਾਮਲ ਹਨ। ਉਹ ਨਾਮਧਾਰੀ ਸਮਾਜ ਨਾਲ ਸਬੰਧਤ ਹਨ ਅਤੇ ਪਾਰਟੀ ਦੇ ਯੂਥ ਵਿੰਗ ਤੋਂ ਲੈ ਕੇ ਸੀਨੀਅਰ ਪੱਧਰ ਤੱਕ ਕੰਮ ਕਰ ਚੁੱਕੇ ਹਨ। ਉਨ੍ਹਾਂ ਦੇ ਸਮਰਥਕਾਂ ਨੂੰ ਉਮੀਦ ਹੈ ਕਿ ਪਾਰਟੀ ਨਾਮਧਾਰੀ ਸਮਾਜ ਨੂੰ ਆਪਣੇ ਨਾਲ ਜੋੜਨ ਲਈ ਉਨ੍ਹਾਂ ’ਤੇ ਭਰੋਸਾ ਕਰ ਸਕਦੀ ਹੈ। ਇਸੇ ਤਰ੍ਹਾਂ ਸਰਪੰਚ ਸੋਹਣ ਸਿੰਘ ਢੋਲਣਵਾਲ ਰਾਜਪੂਤ ਭਾਈਚਾਰੇ ਨਾਲ ਸਬੰਧਤ ਹਨ। ਸਾਹਨੇਵਾਲ ਹਲਕੇ ਵਿੱਚ ਰਾਜਪੂਤ ਭਾਈਚਾਰੇ ਦੀ ਵੋਟ ਨੂੰ ਵੀ ਅਹਿਮ ਮੰਨਿਆ ਜਾਂਦਾ ਹੈ। ਇਸ ਕਰਕੇ ਢੋਲਣਵਾਲ ਦੇ ਸਮਰਥਕ ਵੀ ਉਮੀਦ ਲਗਾਈ ਬੈਠੇ ਹਨ ਕਿ ਪਾਰਟੀ ਇਸ ਵਾਰ ਭਾਈਚਾਰਕ ਸਮੀਕਰਨਾਂ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਨੂੰ ਮੌਕਾ ਦੇ ਸਕਦੀ ਹੈ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਮਿੰਦਰ ਸਿੰਘ ਸੰਗੋਵਾਲ ਸਮੇਤ ਕਈ ਹੋਰ ਆਗੂ ਵੀ ਹਲਕੇ ਵਿੱਚ ਸਰਗਰਮ ਹਨ ਅਤੇ ਟਿਕਟ ਲਈ ਆਪਣੀ ਦਾਅਵੇਦਾਰੀ ਪੇਸ਼ ਕਰ ਰਹੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਭਾਜਪਾ ਹਾਈਕਮਾਂਡ ਸਾਹਨੇਵਾਲ ਹਲਕੇ ਵਿੱਚ ਕਿਸ ਆਗੂ ’ਤੇ ਭਰੋਸਾ ਪ੍ਰਗਟਾਉਂਦੀ ਹੈ। ਜੇਕਰ ਪਾਰਟੀ ਵੱਲੋਂ ਆਪਣੇ ਦਮ ’ਤੇ ਚੋਣ ਲੜਨ ਦਾ ਫੈਸਲਾ ਲਿਆ ਜਾਂਦਾ ਹੈ ਤਾਂ ਸਾਹਨੇਵਾਲ ਵਿੱਚ ਭਾਜਪਾ ਦਾ ਉਮੀਦਵਾਰ ਕੌਣ ਹੋਵੇਗਾ, ਇਸ ਨੂੰ ਲੈ ਕੇ ਸਿਆਸੀ ਸਰਗਰਮੀਆਂ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ। -ਭਾਜਪਾ ਵਰਕਰਾਂ ਦੀ ਪਿੱਠ ’ਤੇ ਖੜ੍ਹਦੇ ਰਹੇ ਟਿੰਕੂ, ਰੁਲਦੂ ਰਾਮ ਤੇ ਰਸ਼ਪਾਲ ਸਿੰਘ ਭਾਵੇਂ ਪੰਜਾਬ ਵਿੱਚ ਲੰਮੇ ਸਮੇਂ ਤੱਕ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਰਹੀ ਅਤੇ ਸਰਕਾਰ ਵਿੱਚ ਭਾਜਪਾ ਵੀ ਬਰਾਬਰ ਦੀ ਭਾਈਵਾਲ ਸੀ, ਪਰ ਵਿਧਾਨ ਸਭਾ ਹਲਕਾ ਸਾਹਨੇਵਾਲ ਵਿੱਚ ਅਕਾਲੀ ਦਲ ਦਾ ਉਮੀਦਵਾਰ ਹੀ ਗਠਜੋੜ ਵੱਲੋਂ ਚੋਣ ਮੈਦਾਨ ਵਿੱਚ ਉਤਰਦਾ ਅਤੇ ਜਿੱਤਦਾ ਰਿਹਾ ਹੈ। । ਇਸ ਦੌਰਾਨ ਭਾਜਪਾ ਵਰਕਰ ਕਈ ਵਾਰ ਆਪਣੇ ਆਪ ਨੂੰ ਅਣਗੋਲਿਆ ਮਹਿਸੂਸ ਕਰਦੇ ਰਹੇ ਹਨ ਕਿ ਉਨ੍ਹਾਂ ਨੂੰ ਸਰਕਾਰ ਅਤੇ ਸਥਾਨਕ ਪੱਧਰ ’ਤੇ ਬਣਦਾ ਸਿਆਸੀ ਸਨਮਾਨ ਨਹੀਂ ਮਿਲ ਰਿਹਾ। ਉਸ ਸਮੇਂ ਪਵਨ ਕੁਮਾਰ ਟਿੰਕੂ, ਸਰਪੰਚ ਰੁਲਦੂ ਰਾਮ ਅਤੇ ਕੌਂਸਲਰ ਰਸ਼ਪਾਲ ਸਿੰਘ ਵਰਗੇ ਆਗੂ ਵਰਕਰਾਂ ਦੇ ਹੱਕ ਵਿੱਚ ਆਵਾਜ਼ ਚੁੱਕਦੇ ਰਹੇ ਹਨ। ਪਾਰਟੀ ਵਰਕਰਾਂ ਦਾ ਇੱਕ ਧੜਾ ਹੁਣ ਇਹ ਉਮੀਦ ਕਰ ਰਿਹਾ ਹੈ ਕਿ ਜੇਕਰ ਭਾਜਪਾ ਸਾਹਨੇਵਾਲ ਤੋਂ ਆਪਣੇ ਦਮ ’ਤੇ ਚੋਣ ਲੜਦੀ ਹੈ ਤਾਂ ਹਾਈਕਮਾਂਡ ਕਿਸੇ ਅਜਿਹੇ ਟਕਸਾਲੀ ਤੇ ਲੰਮੇ ਸਮੇਂ ਤੋਂ ਪਾਰਟੀ ਦੀ ਵਿਚਾਰਧਾਰਾ ਨਾਲ ਜੁੜੇ ਆਗੂ ਨੂੰ ਮੈਦਾਨ ਵਿੱਚ ਉਤਾਰੇਗੀ, ਜੋ ਔਖੇ ਸਮੇਂ ਵਿੱਚ ਵੀ ਪਾਰਟੀ ਵਰਕਰਾਂ ਦੇ ਨਾਲ ਖੜ੍ਹਦਾ ਰਿਹਾ ਹੋਵੇ। ਫਿਲਹਾਲ ਟਿਕਟ ਦੀ ਦੌੜ ’ਚ ਕਈ ਨਾਮ ਚਰਚਾ ਵਿੱਚ ਹਨ, ਪਰ ਅੰਤਿਮ ਫੈਸਲਾ ਭਾਜਪਾ ਹਾਈਕਮਾਂਡ ਦੇ ਹੱਥ ਵਿੱਚ ਹੈ।