
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਅਹਿਮ ਖ਼ਬਰ-ਰਾਸ਼ਨ ਡਿਪੂਆਂ ਦੀ ਅਚਨਚੇਤ ਜਾਂਚ, ਇੱਕ ਦੁਕਾਨ ’ਚ ਕਈ ਡਿਪੂ ਚੱਲਦੇ ਮਿਲੇ

ਸਟੀਵਨ ਗੁਪਤਾ, ਪੰਜਾਬੀ ਜਾਗਰਣ ਲੁਧਿਆਣਾ
ਨੈਸ਼ਨਲ ਫੂਡ ਸਕਿਓਰਟੀ ਐਕਟ-2013 ਤਹਿਤ ਲਾਭਪਾਤਰੀਆਂ ਨੂੰ ਮਿਲ ਰਹੀਆਂ ਸਹੂਲਤਾਂ ਅਤੇ ਰਾਸ਼ਨ ਵੰਡ ਪ੍ਰਣਾਲੀ ਦੀ ਹਕੀਕਤ ਜਾਣਨ ਲਈ ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਚੇਤਨ ਪ੍ਰਕਾਸ਼ ਧਾਲੀਵਾਲ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਰਾਸ਼ਨ ਡਿਪੂਆਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਜਾਂਚ ਦੌਰਾਨ ਕਈ ਥਾਵਾਂ ’ਤੇ ਪ੍ਰਬੰਧਾਂ ਵਿੱਚ ਕਮੀਆਂ ਸਾਹਮਣੇ ਆਈਆਂ। ਚੈਕਿੰਗ ਦੌਰਾਨ ਮੁੰਡੀਆਂ ਖੁਰਦ ਰਾਸ਼ਨ ਡਿਪੂ ਦਾ ਨਿਰੀਖਣ ਕੀਤਾ। ਇਸ ਤੋਂ ਬਾਅਦ ਟਿੱਬਾ ਰੋਡ ਰਾਮ ਨਗਰ ਦੇ ਪੀਡੀਐੱਸ ਨੰਬਰ 2052 ਦੀ ਜਾਂਚ ਕੀਤੀ ਗਈ, ਜਿੱਥੇ ਇੱਕੋ ਦੁਕਾਨ ਦੇ ਅੰਦਰ ਦੋ ਰਾਸ਼ਨ ਡਿਪੂ ਚਲਾਉਣ ਦੀ ਗੱਲ ਸਾਹਮਣੇ ਆਈ। ਇਸੇ ਤਰ੍ਹਾਂ ਟਿੱਬਾ ਰੋਡ ਮਹਾਰਾਣਾ ਪ੍ਰਤਾਪ ਨਗਰ ਸਥਿਤ ਪੀਡੀਐਸ. ਨੰਬਰ 2143 ਦੀ ਜਾਂਚ ਦੌਰਾਨ ਕਣਕ ਵਿੱਚ ਨਮੀ ਪਾਈ ਗਈ। ਇੱਥੇ ਵੀ ਇੱਕੋ ਦੁਕਾਨ ਦੇ ਅੰਦਰ ਲਗਭਗ 6 ਤੋਂ 7 ਰਾਸ਼ਨ ਡਿਪੂ ਚਲਾਏ ਜਾਣ ਦੀ ਸਥਿਤੀ ਸਾਹਮਣੇ ਆਈ। ਨਿਊ ਪੰਜਾਬੀ ਬਾਗ, ਟਿੱਬਾ ਰੋਡ ਸਥਿਤ ਤਲਵਿੰਦਰ ਸਿੰਘ ਦੇ ਪੀਡੀਐਸ. ਨੰਬਰ 1658, ਬੀ-31 ਦੀ ਵੀ ਚੈਕਿੰਗ ਕੀਤੀ ਗਈ। ਸੁਤੰਤਰ ਨਗਰ, ਟਿੱਬਾ ਰੋਡ ਦੇ ਪੀਡੀਐਸ. ਨੰਬਰ 586, 293 ਅਤੇ 97377 ਦੀ ਜਾਂਚ ਦੌਰਾਨ ਰਾਸ਼ਨ ਡਿਪੂਆਂ ’ਤੇ ਨਾ ਤਾਂ ਸ਼ਿਕਾਇਤ ਬਾਕਸ ਮਿਲੇ ਤੇ ਨਾ ਹੀ ਲਾਭਪਾਤਰੀਆਂ ਨੂੰ ਜਾਗਰੂਕ ਕਰਨ ਵਾਲੇ ਬੈਨਰ ਲੱਗੇ ਹੋਏ ਸਨ। ਕਮਿਸ਼ਨ ਮੈਂਬਰ ਵੱਲੋਂ ਮੌਕੇ ’ਤੇ ਮੌਜੂਦ ਅਧਿਕਾਰੀਆਂ ਨੂੰ ਪ੍ਰਬੰਧਾਂ ਸਬੰਧੀ ਲੁੜੀਂਦੇ ਨਿਰਦੇਸ਼ ਵੀ ਦਿੱਤੇ ਗਏ।
-ਲਾਭਪਾਤਰੀਆਂ ਨੂੰ ਦਿੱਤੀ ਸ਼ਿਕਾਇਤ ਦਰਜ ਕਰਵਾਉਣ ਦੀ ਜਾਣਕਾਰੀ
ਦੌਰੇ ਦੌਰਾਨ ਲਾਭਪਾਤਰੀਆਂ ਨੂੰ ਪੰਜਾਬ ਸਟੇਟ ਫੂਡ ਕਮਿਸ਼ਨ ਦੇ ਹੈਲਪਲਾਈਨ ਨੰਬਰ 9876764545 ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੂੰ ਦੱਸਿਆ ਕਿ ਨੈਸ਼ਨਲ ਫੂਡ ਸਕਿਓਰਟੀ ਐਕਟ-2013 ਅਧੀਨ ਮਿਲਣ ਵਾਲੀਆਂ ਸਹੂਲਤਾਂ ਜਾਂ ਰਾਸ਼ਨ ਵੰਡ ਨਾਲ ਸਬੰਧਤ ਕਿਸੇ ਵੀ ਸਮੱਸਿਆ ਦੀ ਸ਼ਿਕਾਇਤ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕੋਲ ਵੀ ਦਰਜ ਕਰਵਾਈ ਜਾ ਸਕਦੀ ਹੈ।