
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

‘ਜ਼ਿਕਰ-ਏ-ਹਯਾਤ’ ਅਤੇ ‘ਕਲਮਾਂ ਦੇ ਬੋਲ’ ਲੋਕ ਅਰਪਣ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਸਾਹਿਤਕਦੀਪ ਵੈਲਫੇਅਰ ਸੁਸਾਇਟੀ ਵੱਲੋਂ ਈਸ਼ਰ ਨਗਰ ਵਿਖੇ ਪੁਸਤਕ ਲੋਕ ਅਰਪਣ ਸਮਾਗਮ ਅਤੇ ਕਵੀ ਦਰਬਾਰ ਕਰਵਾਇਆ, ਜਿਸ ’ਚ ਮਹਿਮਾਨ ਵਜੋਂ ਸ਼ਾਮਲ ਹੋਏ ਡਾ. ਹਰੀ ਸਿੰਘ ਜਾਚਕ, ਡਾ. ਗੁਰਚਰਨ ਕੌਰ ਕੋਚਰ ਅਤੇ ਡਾ. ਇਰਾਦੀਪ ਤ੍ਰੇਹਨ ਵੱਲੋਂ ਕਹਾਣੀ ਸੰਗ੍ਰਿਹ ਜ਼ਿਕਰ-ਏ-ਹਯਾਤ ਤੇ ਕਵਿਤਾਵਾਂ ਦੀ ਪੁਸਤਕ ‘ਕਲਮਾਂ ਦੇ ਬੋਲ’ ਲੋਕ ਅਰਪਣ ਕੀਤੀ। ਸਮਾਗਮ ਦੀ ਸ਼ੁਰੂਆਤ ਇੰਦੂ ਬਾਲਾ ਵੱਲੋਂ ਸ਼ਬਦ ਗਾਇਨ ਨਾਲ ਕੀਤੀ ਗਈ। ਇਸ ਮੌਕੇ ਰਮਨਦੀਪ ਕੌਰ ਹਰਸਰ ਜਾਈ ਪ੍ਰਧਾਨ, ਇੰਦੂ ਬਾਲਾ ਕੋ-ਆਰਡੀਨੇਟਰ ਵੀ ਮੌਜੂਦ ਸਨ। ਸਾਂਝੇ ਸੰਗ੍ਰਿਹਾਂ ਵਿੱਚ ਸ਼ਾਮਿਲ ਕਵੀਆਂ ਤੇ ਕਵਿੱਤਰੀਆਂ ਨੂੰ ਸਾਹਿਤਿਕ ਦੀਪ ਵੈਲਫੇਅਰ ਸੁਸਾਇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਸਿੱਧ ਪੰਜਾਬੀ ਕਵੀ ਤੇ ਸਕੱਤਰ ਸਾਹਿਤਕ ਸਰਗਰਮੀਆਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਡਾ.ਹਰੀ ਸਿੰਘ ਜਾਚਕ ਨੇ ਜਿੱਥੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਉੱਥੇ ਤੀਆਂ ਬਾਰੇ ਤਾੜੀਆਂ ਦੀ ਗੂੰਜ ਵਿੱਚ ਕਵਿਤਾ ਵੀ ਸੁਣਾਈ। ਪ੍ਰਸਿੱਧ ਸਾਹਿਤਕਾਰਾ ਡਾ.ਗੁਰਚਰਨ ਕੌਰ ਕੋਚਰ ਮੀਤ ਪ੍ਰਧਾਨ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਨੇ ਵੀ ਸਾਵਣ ਬਾਰੇ ਭਾਵਪੂਰਤ ਗਜ਼ਲਾਂ ਨਾਲ ਹਾਜ਼ਰੀ ਲਗਵਾਈ। ਪ੍ਰੋਫੈਸਰ ਡਾ.ਇਰਾਦੀਪ ਨੇ ਪੁਸਤਕਾਂ ਦੀ ਪੜਚੋਲ ਕੀਤੀ। ਲੇਖਕਾਂ ਤੇ ਸੰਪਾਦਕ ਨੂੰ ਵਧਾਈ ਦਿੱਤੀ। ਸਮਾਗਮ ਵਿੱਚ ਵੱਖ-ਵੱਖ ਸ਼ਹਿਰਾਂ ਤੋਂ ਆਏ ਕਵੀਆਂ ਅਤੇ ਕਵਿਤਰੀਆਂ ਦਾ ਕਵੀ ਦਰਬਾਰ ਵੀ ਕਰਵਾਇਆ ਗਿਆ ਜਿਸ ਵਿੱਚ ਚੰਦਰਜੀਤ ਕੌਰ, ਹਰਸ਼ਾਨ ਬਾਜਵਾ, ਹਰਮੀਤ ਸ਼ਰਮਾ, ਸ਼ਿਵ ਲਾਲਾ ਪਾਮਾ, ਕੁਲਜੀਤ ਕੌਰ, ਸਨੀ ਮਹਿਤਪੁਰੀਆ, ਅਮਨਪ੍ਰੀਤ ਕੌਰ ਘਈ ਤੇ ਸਿਮਰਨਜੀਤ ਕੌਰ ਨੇ ਆਪੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਮੰਚ ਸੰਚਾਲਨ ਦੀ ਭੂਮਿਕਾ ਰਾਜਵਿੰਦਰ ਕੌਰ ਨੇ ਨਿਭਾਈ। ਪ੍ਰਬੰਧਕਾਂ ਨੇ ਸਮਾਗਮ ਵਿੱਚ ਪਹੁੰਚੇ ਮਹਿਮਾਨਾਂ ,ਕਵੀਆਂ ਅਤੇ ਕਵਿਤਰੀਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਵੀ ਇਹ ਸੰਸਥਾ ਇਸੇ ਤਰ੍ਹਾ ਸਾਹਿਤ ਦੀ ਸੇਵਾ ਕਰਦੀ ਰਹੇਗੀ। ਸਾਹਿਤਕਦੀਪ ਵੈੱਲਫੇਅਰ ਸੁਸਾਇਟੀ ਹੁਣ ਤੱਕ ਦਰਜਨ ਤੋਂ ਵੱਧ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ’ਚ ਪਾ ਚੁੱਕੀ ਹੈ।