
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਜਵੱਦੀ ਟਕਸਾਲ ਤੋਂ ਵਿਦਿਆ ਪ੍ਰਾਪਤ ਵਿਦਿਆਰਥੀਆਂ ਨੇ ਨਿਭਾਈ ਸ਼ਬਦ ਕੀਰਤਨ ਦੀ ਸੇਵਾ

-ਸੰਤ ਬਾਬਾ ਸੁੱਚਾ ਸਿੰਘ ਦੀ 24ਵੀ ਬਰਸੀ ਸਬੰਧੀ ਸਮਾਗਮ ਜਾਰੀ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਪਰਮ ਸੰਤ ਬਾਬਾ ਸੁੱਚਾ ਸਿੰਘ ਦੀ 24ਵੀ ਨਿੱਘੀ ’ਤੇ ਮਿੱਠੀ ਯਾਦ ’ਚ ਬਰਸੀ ਸਮਾਗਮ ਨੂੰ ਸਮਰਪਿਤ ਸਵ. ਗੁਰਦੀਪ ਸਿੰਘ ਮੱਕੜ, ਸਵ. ਗੁਰਬਚਨ ਕੌਰ ਮੱਕੜ ਅਤੇ ਸਵ. ਬੱਚੀ ਪ੍ਰਭਲੀਨ ਕੌਰ ਮੱਕੜ ਦੀ ਨਿੱਘੀ ਤੇ ਮਿੱਠੀ ਯਾਦ ਨੂੰ ਸਮਰਪਿਤ 14ਵਾਂ ਅੱਖਾਂ ਦਾ ਮੁਫਤ ਚੈੱਕ ਅਪ ਕੈਂਪ, ਆਪਰੇਸ਼ਨ ਕੈਂਪ ਅਤੇ ਮੁਫਤ ਸਿਹਤ ਜਾਂਚ ਮੈਡੀਕਲ ਕੈਂਪ ਦੀ ਸਮਾਪਤੀ ਹੋਈ। ਦੋ ਦਿਨ ਡਾ. ਰਮੇਸ਼, ਡਾਕਟਰ ਬਲਦੇਵ ਸਿੰਘ ਔਲਖ ਇਕਾਈ ਹਸਪਤਾਲ ਦੀਆਂ ਮਾਹਰ ਡਾਕਟਰਾਂ ਦੀਆਂ ਟੀਮਾਂ ਨੇ ਵੱਡੀ ਗਿਣਤੀ ਵਿੱਚ ਪੁੱਜ ਲੋੜਵੰਦ ਮਰੀਜ਼ਾਂ ਦਾ ਚੈੱਕ ਅਪ ਕੀਤਾ ਅਤੇ ਉਨਾਂ ਨੂੰ ਭੇਟਾ ਰਹਿਤ ਦਵਾਈਆਂ ਦਿੱਤੀਆਂ। ਸੰਤ ਬਾਬਾ ਅਮੀਰ ਸਿੰਘ ਮੌਜੂਦਾ ਮੁਖੀ ਜਵੱਦੀ ਟਕਸਾਲ ਨੇ ਦੋ ਦਿਨਾ ਮੈਡੀਕਲ ਕੈਂਪ ਨੂੰ ਸਫਲ ਬਣਾਉਣ ਲਈ ਸੇਵਾਵਾਂ ਨਿਭਾਉਣ ਵਾਲੇ ਸਮੁੱਚੇ ਸੇਵਾਦਾਰਾਂ ਡਾਕਟਰਾਂ ਦਾ ਧੰਨਵਾਦ ਕੀਤਾ। ਰਾਤ ਦੇ ਦੀਵਾਨ ਦੌਰਾਨ ਗਿਆਨੀ ਗਗਨਦੀਪ ਸਿੰਘ ਨੇ ਲੜੀਵਾਰ ਗੁਰ ਇਤਿਹਾਸ ਦੀ ਕਥਾ ਕੀਤੀ। ਗੁਰ ਸ਼ਬਦ ਸੰਗੀਤ ਅਕੈਡਮੀ ਜਵੱਦੀ ਟਕਸਾਲ ਦੇ ਹੋਣਹਾਰ ਵਿਦਿਆਰਥੀ ਭਾਈ ਗੁਰਸੇਵਕ ਸਿੰਘ ਨੇ ਰਹਿਰਾਸ ਸਾਹਿਬ ਤੇ ਆਰਤੀ ਦੀ ਹਾਜ਼ਰੀ ਲਾਈ। ਗੁਰ ਸ਼ਬਦ ਸੰਗੀਤ ਅਕੈਡਮੀ ਜਵੱਦੀ ਟਕਸਾਲ ਤੋਂ ਵਿਦਿਆ ਪ੍ਰਾਪਤ ਕਰਕੇ ਦੇਸ਼ ਵਿਦੇਸ਼ ਦੇ ਵੱਖ-ਵੱਖ ਥਾਵਾਂ ’ਤੇ ਸੇਵਾਵਾਂ ਨਿਭਾਅ ਰਹੇ ਵਿਦਿਆਰਥੀ ਭਾਈ ਨਵਪ੍ਰੀਤ ਸਿੰਘ, ਭਾਈ ਗੁਰਪ੍ਰੀਤ ਸਿੰਘ, ਭਾਈ ਦਿਲਬਾਗ ਸਿੰਘ, ਭਾਈ ਸਿਮਰਜੀਤ ਸਿੰਘ, ਭਾਈ ਰਜਿੰਦਰ ਸਿੰਘ, ਭਾਈ ਪਵਨਪ੍ਰੀਤ ਸਿੰਘ, ਭਾਈ ਗੁਰਚਰਨ ਸਿੰਘ ਨੇ ਰਾਤ ਦੇ ਕੀਰਤਨ ਦਰਬਾਰ ਵਿੱਚ ਗੁਰਬਾਣੀ ਸ਼ਬਦ ਕੀਰਤਨ ਕਰਦਿਆਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਦਿਆਂ ਜੋੜ ਦਿੱਤਾ ਕਿ ਭਗਤੀ ਸਰਬ ਸ਼ਕਤੀਮਾਨ ਪਰਮਾਤਮਾ ਦਾ ਚਿੰਤਨ ਤੇ ਮੰਨਨ ਹੈ। ਸਰਬ ਸ਼ਕਤੀਮਾਨ ਦਾ ਚਿੰਤਨ ਤੇ ਮੰਨਣ ਕੇਵਲ-ਤੇ-ਕੇਵਲ ਮਨੁੱਖਾ ਜਨਮ 'ਚ ਹੀ ਸਵੀਕਾਰਿਆ ਜਾਂਦਾ ਹੈ ਅਤੇ ਮਨੁਖਾ ਜਨਮ ਪਰਮਾਤਮਾ ਦੇ ਮਿਲਾਪ ਦਾ ਇੱਕੋ ਇੱਕ ਸੁਅਵਸਰ ਹੈ। ਉਸ ਮਿਲਾਪ ਦਾ ਸਾਧਨ ਪ੍ਰਭੂ ਭਗਤੀ ਤੇ ਉਸਦਾ ਨਾਮ ਚਿੱਤ ਵਿੱਚ ਵਸਾਉਣਾ ਹੀ ਹੈ। ਜਵੱਦੀ ਟਕਸਾਲ ਦੇ ਹੋਣਹਾਰ ਵਿਦਿਆਰਥੀਆਂ ਨੇ ਪਰਮ ਸੰਤ ਬਾਬਾ ਸੁੱਚਾ ਸਿੰਘ ਵੱਲੋਂ ਸਿਰਜਤ ਜਵਦੀ ਟਕਸਾਲ ਵਿੱਚ ਹਾਸਲ ਕੀਤੀ ਗੁਰਮਤ ਸੰਗੀਤ ਵਿਦਿਆ ਦਾ ਜ਼ਿਕਰ ਕਰਦਿਆਂ ਨਵੇਂ ਵਿਦਿਆਰਥੀਆਂ ਨਾਲ ਆਪਣੇ ਤਜਰਬਿਆਂ ਨੂੰ ਸਾਂਝਾ ਕਰਦਿਆ ਮਹਾਂਪੁਰਸ਼ਾਂ ਦੇ ਸਿਰਜੇ ਸੁਫਨੇ ਨੂੰ ਸਾਕਾਰ ਕਰਨ ਦਾ ਸੰਕਲਪ ਦੁਹਰਾਇਆ।