ਸ਼ੱਕੀ ਹਾਲਾਤ 'ਚ ਮ੍ਰਿਤਕ ਨੀਲ ਗਾਂ ਦੀ ਹੋਵੇ ਜਾਂਚ ਸ਼ੱਕੀ ਹਾਲਾਤਾਂ 'ਚ ਮ੍ਰਿਤਕ ਪਾਈ ਨੀਲ ਗਾਂ ਦੀ ਹੋਵੇ ਉੱਚ ਪੱਧਰੀ ਜਾਂਚ
Publish Date: Mon, 24 Aug 2026 07:49 PM (IST)
Updated Date: Tue, 25 Aug 2026 04:01 AM (IST)
ਫੋਟੋ ਨੰਬਰ-31 ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ ਲੁਧਿਆਣਾ ਤੋਂ ਕੋਈ 12 ਕਿੱਲੋਮੀਟਰ ਦੂਰ ਪਿੰਡ ਬਸੈਮੀ ਚ ਉਸ ਵੇਲੇ ਪਿੰਡ ਵਾਸੀਆਂ ਵਿੱਚ ਗੁੱਸੇ ਦੀ ਲਹਿਰ ਫੈਲ ਗਈ ਜਦੋਂ ਇੱਕ ਨੀਲ ਗਾਂ ਜਿਸ ਨੂੰ ਰੋਜ਼ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ,ਮ੍ਰਿਤਕ ਪਾਈ ਗਈ। ਸਮਾਜ ਸੇਵੀ ਗੁਰਨਾਮ ਸਿੰਘ ਝੱਜ ਤੇ ਹੋਰ ਪਿੰਡ ਵਾਸੀਆਂ ਨੇ ਰੋਹ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਪਿੰਡ ਦੇ ਕੁਝ ਲੋਕਾਂ ਨੇ ਨੀਲ ਗਾਂ, ਜਿਸ ਦੀ ਕੁੱਖ ਵਿੱਚ ਸ਼ਾਇਦ ਬੱਚਾ ਪਲ ਰਿਹਾ ਸੀ,ਨੂੰ ਮਾਰ ਦਿੱਤਾ ਸੀ। ਲੋਕਾਂ ਨੇ ਦੱਸਿਆ ਕਿ ਜਿਸ ਵੇਲੇ ਨੀਲ ਗਾਂ ਖੇਤਾਂ/ ਪਿੰਡ ਵਿੱਚ ਘੁੰਮ ਰਹੀ ਸੀ ਤਾਂ ਸ਼ਰਾਰਤੀ ਲੋਕਾਂ ਨੇ ਉਸ ਨੂੰ ਭਜਾਉਣ ਲਈ ਪਟਾਕੇ ਚਲਾਏ। ਗਾਂ ਡਰਦੀ ਮਾਰੀ ਲਗਭਗ ਇੱਕ ਕਿੱਲੋਮੀਟਰ ਦੂਰ ਤੱਕ ਦੌੜਦੀ ਰਹੀ ਅਤੇ ਅਖੀਰ ‘ਤੇ ਡਿੱਗ ਪਈ,ਗਰਭਵਤੀ ਹੋਣ ਕਾਰਨ ਉਹ ਦਰਦ ਝੱਲ ਨਾ ਸਕੀ,ਅਖੀਰ ਦਮ ਤੋੜ ਗਈ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਜਿਉਂ ਹੀ ਉਹ ਡਿੱਗੀ, ਉਸ ਨੂੰ ਕੁੱਤਿਆਂ ਨੇ ਚੂੰਢਣਾ ਸ਼ੁਰੂ ਕਰ ਦਿੱਤਾ, ਪਰ ਉੱਥੋਂ ਲੰਘ ਰਹੇ ਪਿੰਡ ਦੇ ਇੱਕ ਵਸਨੀਕ ਨੇ ਕੁੱਤਿਆਂ ਨੂੰ ਭਜਾਇਆ। ਗਾਂ ਦੀ ਰਾਖੀ ਕਰ ਰਹੇ ਵਿਅਕਤੀ ਨੇ ਪਿੰਡ ਦੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਨੂੰ ਦੱਸਿਆ ,ਤਦ ਉਸ ਨੇ ਜੰਗਲੀ ਜੀਵ ਸੁਰੱਖਿਆ ਅਤੇ ਜੰਗਲਾਤ ਵਿਭਾਗ ਨੂੰ ਸੂਚਿਤ ਕੀਤਾ। ਵਿਭਾਗ ਦੇ ਮੁਲਾਜ਼ਮ ਲਗਭਗ ਰਾਤ ਨੂੰ 12 ਵਜੇ ਦੇ ਕਰੀਬ ਪਿੰਡ ਪਹੁੰਚੇ ਅਤੇ ਫਿਰ ਗਾਂ ਨੂੰ ਟੈਂਪੂ ਵਿੱਚ ਲੱਦ ਕੇ ਪੋਸਟਮਾਰਟਮ ਲਈ ਲੈ ਗਏ। ਪਿੰਡ ਦੇ ਪਤਵੰਤੇ ਲੋਕਾਂ ਨੇ ਮੰਗ ਕੀਤੀ ਹੈ ਕਿ ਨੀਲ ਗਾਂ ਦੀ ਮੌਤ ਲਈ ਜਿੰਮੇਵਾਰ ਕਥਿਤ ਦੋਸ਼ੀਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਜੰਗਲੀ ਜੀਵਾਂ ਦੀ ਹੋਂਦ ਨੂੰ ਬਚਾਇਆ ਜਾ ਸਕੇ।