
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪੰਜਾਬੀ ਸ਼ਾਇਰ ਰਾਜਦੀਪ ਸਿੰਘ ਤੂਰ ਦੀ ਗ਼ਜ਼ਲ 'ਤੇ ਹੋਈ ਵਿਚਾਰ ਚਰਚਾ

ਸਟਾਫ਼ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ
ਕਹਾਣੀਕਾਰਾ ਡਾ. ਇੰਦਰਜੀਤਪਾਲ ਕੌਰ ਭਿੰਡਰ ਅਤੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਾਬਕਾ ਜਨਰਲ ਸਕੱਤਰ ਡਾ.ਗੁਰਇਕਬਾਲ ਸਿੰਘ ਦੀ ਪ੍ਰਧਾਨਗੀ ਹੇਠ ਪੰਜਾਬੀ ਲੇਖਕ ਸਭਾ ਦੀ ਅਹਿਮ ਮੀਟਿੰਗ ਪੰਜਾਬੀ ਭਵਨ ਵਿਖੇ ਹੋਈ। ਮੀਟਿੰਗ ਵਿੱਚ ਸਰਬਸੰਮਤੀ ਨਾਲ ਸਭਾ ਦੇ ਸੰਵਿਧਾਨ ਨਿਯਮ ਤੇ ਉਪਨਿਯਮਾਂ ਨੂੰ ਪਾਸ ਕੀਤਾ। ਪੰਜਾਬੀ ਸ਼ਾਇਰ ਰਾਜਦੀਪ ਸਿੰਘ ਤੂਰ ਦੀ ਗ਼ਜ਼ਲ 'ਤੇ ਨਿੱਠ ਕੇ ਵਿਚਾਰ ਚਰਚਾ ਕੀਤੀ। ਮੀਟਿੰਗ ਦੇ ਆਰੰਭ ’ਚ ਤੂਰ ਨੇ ਸਿਰਜਣ ਪ੍ਰਕਿਰਿਆ ਬਾਰੇ ਗਜ਼ਲਾਂ ਦਾ ਭਾਵਪੂਰਤ ਢੰਗ ਨਾਲ ਗਾਇਨ ਕੀਤਾ। ਵਿਚਾਰ-ਵਟਾਂਦਰੇ ਦੀ ਸ਼ੁਰੂਆਤ ਕਰਦਿਆਂ ਪ੍ਰਭਜੋਤ ਸਿੰਘ ਸੋਹੀ ਨੇ ਰਾਜਦੀਪ ਤੂਰ ਦੀ ਗ਼ਜ਼ਲ ਬਾਰੇ ਕਿਹਾ ਕਿ ਤੂਰ ਆਪਣੀ ਗ਼ਜ਼ਲ ’ਚ ਆਪਣੇ ਜੀਵਨ ਵਰਗਾ ਸੁਭਾਅ ਰੱਖਦਾ ਹੈ ਅਤੇ ਜੀਵਨ ਵਿੱਚ ਗਜ਼ਲ ਵਰਗਾ। ਉਹ ਬੜੇ ਹੀ ਕਲਾਤਮਿਕ ਢੰਗ ਨਾਲ ਆਪਣੇ ਅਹਿਸਾਸਾਂ ਨੂੰ ਆਪਣੀ ਰਚਨਾ ਵਿੱਚ ਢਾਲਦਾ ਹੈ। ਪੰਜਾਬੀ ਸ਼ਾਇਰ ਤ੍ਰੈਲੋਚਨ ਲੋਚੀ ਨੇ ਕਿਹਾ ਕਿ ਤੂਰ ਬਹਿਰ ਪੱਖੋਂ ਪਰਪੱਕ ਸ਼ਾਇਰ ਹੈ। ਉਨ੍ਹਾਂ ਤੂਰ ਦੇ ਬਹੁਤ ਸਾਰੇ ਸ਼ਿਅਰਾਂ ਦੇ ਹਵਾਲੇ ਨਾਲ ਵਿਚਾਰਾਂ ਦੀ ਪ੍ਰੋੜਤਾ ਕੀਤੀ। ਡਾ. ਗੁਰਇਕਬਾਲ ਸਿੰਘ ਨੇ ਵਿਚਾਰ ਚਰਚਾ ਵਿੱਚ ਭਾਗ ਲੈਂਦਿਆਂ ਕਿਹਾ ਕਿ ਰਾਜਦੀਪ ਤੂਰ ਨੂੰ ਤੂਰ ਸ਼ਬਦ ਦੇ ਚਿੰਨ੍ਹਾਤਮਕ ਅਰਥਾਂ ਨੂੰ ਡੁੰਘਾਈ ਵਿੱਚ ਪੇਸ਼ ਕਰਕੇ ਇਸ ਦੇ ਬਹੁ-ਅਰਥਾਂ ਨਾਲ ਪੇਸ਼ਕਾਰੀ ਵਿੱਚ ਵਿਸਥਾਰ ਕਰਨਾ ਚਾਹੀਦਾ ਹੈ। ਉਨ੍ਹਾਂ ਰਾਜਦੀਪ ਤੂਰ ਦੀਆਂ ਗਜ਼ਲਾਂ ’ਚ ਅਜਿਹੇ ਸ਼ਬਦਾਂ ਦੇ ਹਵਾਲੇ ਨਾਲ ਵਿਚਾਰ-ਵਟਾਂਦਰੇ ਨੂੰ ਭਾਵਪੂਰਤ ਬਣਾਇਆ। ਮਨਜਿੰਦਰ ਸਿੰਘ ਧਨੋਆ ਨੇ ਰਾਜਦੀਪ ਦੀਆਂ ਗ਼ਜ਼ਲਾਂ ਦੀ ਪ੍ਰਸ਼ੰਸਾ ਕਰਦਿਆਂ ਉਸਨੂੰ ਗਜ਼ਲ ਖੇਤਰ ਦਾ ਸੰਭਾਵਨਾ ਭਰਪੂਰ ਸ਼ਾਇਰ ਕਿਹਾ। ਮੀਤ ਅਨਮੋਲ ਨੇ ਰਾਜਦੀਪ ਦੀਆਂ ਗਜ਼ਲਾਂ ਦੇ ਕਾਫ਼ੀਏ ਬਾਰੇ ਆਲੋਚਨਾਤਮਕ ਟਿੱਪਣੀਆਂ ਕੀਤੀਆਂ। ਡਾ. ਇੰਦਰਜੀਤਪਾਲ ਕੌਰ ਨੇ ਰਾਜਦੀਪ ਤੂਰ ਨੂੰ ਸੰਭਾਵਨਾਵਾਂ ਦਾ ਸਮੁੰਦਰ ਦੱਸਿਆ। ਇਸ ਵਿਚਾਰ ਚਰਚਾ ਤੋਂ ਬਾਅਦ ਹਾਜ਼ਰ ਕਵੀਆਂ ਡਾ. ਗੁਰਇਕਬਾਲ ਸਿੰਘ, ਨਵਕਮਲ ਸਿੰਘ ਮੁੱਲਾਂਪੁਰ, ਹਰਵਿੰਦਰ ਥਰੀਕੇ ਅਤੇ ਪ੍ਰਭਜੋਤ ਸਿੰਘ ਸੋਹੀ ਨੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ। ਤ੍ਰੈਲੋਚਨ ਲੋਚੀ ਅਤੇ ਮਨਜਿੰਦਰ ਧਨੋਆ ਨੇ ਆਪਣੀਆਂ ਤਾਜ਼ਾ ਗਜ਼ਲਾਂ ਨਾਲ ਸਾਂਝ ਪੁਆਈ।