
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਐਨਐਚਐਮ ਮੁਲਾਜ਼ਮਾਂ ਨੇ ਸਿਵਲ ਸਰਜਨ ਦਫ਼ਤਰ ਅੱਗੇ ਕੀਤੀ ਨਾਅਰੇਬਾਜੀ

42
ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ
ਸਿਹਤ ਵਿਭਾਗ ਪੰਜਾਬ ਵਿਚ ਸੇਵਾਵਾਂ ਨਿਭਾਅ ਰਹੇ ਐੱਨਐੱਚਐੱਮ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਸ਼ੁਰੂ ਕੀਤੀ ਹੋਈ ਹੈ, ਜਿਸ ਕਾਰਨ ਜਿੱਥੇ ਮੁਲਾਜ਼ਮ ਗਰਮੀ ’ਚ ਨਾਅਰੇਬਾਜ਼ੀ ਕਰਦਿਆਂ ਹਾਲੋਂ-ਬੇਹਾਲ ਹੋ ਜਾਂਦੇ ਹਨ, ਉਥੇ ਮਰੀਜ਼ਾਂ ਨੂੰ ਵੀ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਐੱਨਐੱਚਐੱਮ ਮੁਲਾਜ਼ਮਾਂ ਨੇ ਅੱਜ ਮੰਗਾਂ ਨੂੰ ਲੈ ਕੇ ਸੂਬੇ ’ਚ ਜ਼ਿਲ੍ਹਾ ਮੁਕਾਮਾਂ ‘ਤੇ ਸਿਵਲ ਸਰਜਨ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ ਕੀਤਾ। ਸੂਬੇ ਦੇ ਹੋਰਨਾਂ ਜ਼ਿਲ੍ਹਿਆਂ ਦੀ ਤਰ੍ਹਾਂ ਲੁਧਿਆਣਾ ਸਥਿਤ ਸਿਵਲ ਸਰਜਨ ਦਫਤਰ ਅੱਗੇ ਗਰਮੀ ਦੌਰਾਨ ਰੋਸ ਧਰਨਾ ਦਿੰਦਿਆਂ ਨਾਅਰੇਬਾਜੀ ਕੀਤੀ। ਮੁਲਾਜਮਾਂ ਦੀ ਜਥੇਬੰਦੀ ਐਨਐਚਐਮ ਇੰਪਲਾਈਜ਼ ਯੂਨੀਅਨ ਪੰਜਾਬ ਵੱਲੋਂ ਮੰਗਾਂ ਸਬੰਧੀ 13 ਅਗਸਤ ਤੋਂ ਸ਼ੁਰੂ ਕੀਤੀ ਹੜਤਾਲ ਲਗਾਤਾਰ ਜਾਰੀ ਹੈ। ਪਰ ਸਰਕਾਰ ਵਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਲੈ ਕੇ ਹੁਣ ਤੱਕ ਕੋਈ ਵੀ ਉਸਾਰੂ ਕਦਮ ਨਹੀਂ ਚੁੱਕਿਆ ਗਿਆ, ਜਿਸ ਕਰਕੇ ਉਨ੍ਹਾਂ ਹੜਤਾਲ ਨੂੰ ਅੱਗੇ ਜਾਰੀ ਦਾ ਫੈਸਲਾ ਕੀਤਾ ਹੈ। ਜਥੇਬੰਦੀ ਦੀ ਸੂਬਾ ਪ੍ਰਧਾਨ ਸੰਦੀਪ ਕੌਰ ਬਰਨਾਲਾ ਅਤੇ ਸੂਬਾਈ ਆਗੂ ਡਾ ਸ਼ਿਵਰਾਜ ਸਿੰਘ ਲੁਧਿਆਣਾ ਅਨੁਸਾਰ ਮੰਗਾਂ ਨੂੰ ਲੈ ਕੇ ਮੁਲਾਜਮ 28 ਅਗਸਤ ਤੱਕ ਆਪਣੀ ਕਲਮ ਛੋੜ ਅਤੇ ਕੰਪਿਊਟਰ ਬੰਦ ਹੜਤਾਲ ਜਾਰੀ ਰੱਖਣਗੇ। ਕੱਲ੍ਹ 25 ਅਗਸਤ ਨੂੰ ਮੁਲਾਜ਼ਮਾਂ ਵੱਲੋਂ ਆਪਣੇ ਆਪਣੇ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ, 26 ਅਗਸਤ ਨੂੰ ਮੁਲਾਜ਼ਮਾਂ ਵੱਲੋਂ ਸਿਵਲ ਸਰਜਨ ਦਫ਼ਤਰ ਤੋਂ ਲੈ ਕੇ ਆਪਣੇ ਜਿਲ੍ਹੇ ਦੇ ਕਿਸੇ ਮੁੱਖ ਚੌਕ ਤੱਕ ਰੋਸ ਮਾਰਚ ਕਰਕੇ 1 ਘੰਟੇ ਲਈ ਚੌਕ 'ਚ ਸੰਕੇਤਕ ਧਰਨਾ ਦਿੱਤਾ ਜਾਵੇਗਾ, 27 ਅਗਸਤ ਨੂੰ ਮੁਲਾਜ਼ਮ ਪੰਜਾਬ ਬੰਦ ਦਾ ਸੰਪੂਰਨ ਤੌਰ 'ਤੇ ਸਮਰਥਨ ਕਰਦੇ ਹੋਏ ਕੰਮ ਠੱਪ ਰੱਖਣਗੇ ਜਦਕਿ 28 ਅਗਸਤ ਨੂੰ ਮੁਲਾਜ਼ਮਾਂ ਵੱਲੋਂ ਸਿਵਲ ਸਰਜਨ ਦਫ਼ਤਰਾਂ ਅੱਗੇ ਇੱਕਠੇ ਹੋ ਨਾਅਰੇਬਾਜ਼ੀ ਕੀਤੀ ਜਾਵੇਗੀ। ਇਸ ਮੌਕੇ ਵੱਖ ਵੱਖ ਆਗੂਆਂ ਨੇ ਕਿਹਾ ਕਿ ਇਸ ਵੇਲੇ ਸੂਬੇ ਸਾਰੇ ਵਿਭਾਗਾਂ ਦੇ ਮੁਲਾਜ਼ਮ ਸੰਘਰਸ਼ ਦੇ ਰਾਹ ਪਏ ਹੋਏ ਹਨ,ਪਰ ਸਰਕਾਰ ਨੇ ਚੁੱਪ ਧਾਰੀ ਹੋਈ ਹੈ ਜਦਕਿ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।