
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਅਹਿਮ ਖ਼ਬਰ-ਆਰੀਆ ਕਾਲਜ ਦੇ ਅਧਿਆਪਕਾਂ ਦਾ ਧਰਨਾ ਬਾਰ੍ਹਵੇਂ ਦਿਨ ਵੀ ਜਾਰੀ

ਸੁਖਦੇਵ ਸਿੰਘ, ਪੰਜਾਬੀ ਜਾਗਰਣ, ਲੁਧਿਆਣਾ
ਆਰੀਆ ਕਾਲਜ ਦੇ ਅਧਿਆਪਕਾਂ ਵੱਲੋਂ ਕਾਲਜ ਵਿੱਚ ਪੰਜਾਬ ਯੂਨੀਵਰਸਿਟੀ,ਚੰਡੀਗੜ੍ਹ ਅਤੇ ਡੀਐੱਚਈ ਕਾਲਜਾਂ ,ਪੰਜਾਬ ਦੇ ਪੱਤਰ-ਵਿਹਾਰਾਂ ਦੀ ਨਿਰੰਤਰ ਉਲੰਘਣਾ ਕਰਦਿਆਂ ਗੈਰ-ਸੰਵਿਧਾਨਿਕ ਢੰਗ ਨਾਲ ਗੈਰ-ਮਾਣਤਾ ਪ੍ਰਾਪਤ ਕਾਰਜਕਾਰੀ ਪ੍ਰਿੰਸੀਪਲ ਦੇ ਕਾਰਜ ਵਿਵਹਾਰ ਸਦਕਾ ਲੰਬੇ ਸਮੇਂ ਤੋਂ ਆਪਣੀਆਂ ਜਾਇਜ਼ ਮੰਗਾਂ ਤੇ ਸ਼ਿਕਾਇਤਾਂ ਨੂੰ ਉਜਾਗਰ ਕਰਨ ਲਈ ਪਹਿਲਾਂ ਲਗਭਗ 20 ਦਿਨ ਕਾਲੇ-ਬਿੱਲੇ ਲਗਾ ਕੇ ਅਤੇ ਫ਼ਿਰ ਬਾਰ੍ਹਾਂ ਦਿਨਾਂ ਤੋਂ ਧਰਨੇ ਦੇ ਰੂਪ ਵਿੱਚ ਚੱਲਦਾ ਰੋਸ-ਪ੍ਰਦਰਸ਼ਨ ਅੱਜ ਕਾਲਜ ਦੇ ਗੇਟ ਦੇ ਬਾਹਰ ਤੱਕ ਵੀ ਪਹੁੰਚਿਆ। ਵਿਰੋਧ ਕਰ ਰਹੇ ਅਧਿਆਪਕਾਂ ਨੇ ਜਾਇਜ਼ ਮੰਗਾਂ ਨਾਲ ਸੰਬੰਧਤ ਪੋਸਟਰ ਵੀ ਪ੍ਰਦਰਸ਼ਿਤ ਕੀਤੇ। ਅਧਿਆਪਕ ਪਿਛਲੇ 32 ਦਿਨਾਂ ਤੋਂ ਵਿਰੋਧ ਕਰ ਰਹੇ ਹਨ ਤੇ ਅੱਜ ਤੋਂ 27 ਅਗਸਤ ਤੱਕ ਆਰੀਆ ਪ੍ਰਤੀਨਿਧੀ ਸਭਾ ਅਧੀਨ ਹੋਰਨਾਂ ਕਾਲਜਾਂ ’ਚ ਇਸ ਦੀ ਹਮਾਇਤ ਹਿੱਤ ਧਰਨਾ ਮੁਜ਼ਾਹਰਾ ਕੀਤਾ ਜਾਵੇਗਾ। ਪਰ ਆਰੀਆ ਕਾਲਜ-ਪ੍ਰਬੰਧਕੀ ਕਮੇਟੀ ਵੱਲੋਂ ਇਸ ਮਾਮਲੇ ਵਿੱਚ ਕੋਈ ਹੱਲ ਲੱਭਣ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਅਧਿਆਪਕਾਂ ਨੇ ਕਿਹਾ ਕਿ ਆਰੀਆ ਕਾਲਜ ਪ੍ਰਬੰਧਕੀ ਕਮੇਟੀ ਵੱਲੋਂ ਉਨ੍ਹਾਂ ਨੂੰ ਵਾਰ-ਵਾਰ ਰੈਗੂਲਰ ਪ੍ਰਿੰਸੀਪਲ ਦੀ ਨਿਯੁਕਤੀ ਦਾ ਭਰੋਸਾ ਦਿੱਤਾ ਹੈ ਪਰ ਆਪਣੇ ਵਾਅਦੇ ਪੂਰੇ ਨਹੀਂ ਕੀਤੇ। ਅਧਿਆਪਕਾਂ ਨੇ ਅੱਗੇ ਦੋਸ਼ ਲਾਇਆ ਕਿ ਮੌਜੂਦਾ ਕਾਰਜਕਾਰੀ ਪ੍ਰਿੰਸੀਪਲ ਸੁਕਸ਼ਮ ਆਹਲੂਵਾਲੀਆ, ਚਾਰ ਸਾਲ ਤੋਂ ਵੱਧ ਸਮੇਂ ਤੋਂ ਇਸ ਅਹੁਦੇ ’ਤੇ ਕੰਮ ਕਰ ਰਹੇ ਹਨ ਅਤੇ ਯੂਨੀਵਰਸਿਟੀ ਦਸਤਾਂਵੇਜ਼ਾਂ ਮੁਤਾਬਿਕ ਉਨ੍ਹਾਂ ਕੋਲ ਇਸ ਕਾਰਜਭਾਰ ਨੂੰ ਸੰਭਾਲਣ ਲਈ ਲੁੜੀਂਦਾ ਪ੍ਰਵਾਨਗੀ ਤੱਕ ਨਹੀਂ ਹੈ । ਉਨ੍ਹਾਂ ਦੋਸ਼ ਲਗਾਇਆ ਕਿ ਇਸ ਗੈਰ-ਸੰਵਿਨਾਨਿਕ ਕਾਰਜਕਾਰੀ ਪ੍ਰਿੰਸੀਪਲ ਦੇ ਕਾਰਜ-ਕਾਲ ਦੌਰਾਨ ਅਧਿਆਪਕਾਂ ਨੂੰ ਨਾ ਸਿਰਫ਼ ਨੌਕਰੀ ਨਾਲ ਸਬੰਧਤ ਕਈ ਮਾਮਲਿਆਂ ਵਿੱਚ ਬੇਇਨਸਾਫ਼ੀ ਦਾ ਸਾਹਮਣਾ ਕਰਨਾ ਪਿਆ ਹੈ। ਇਸੇ ਕਾਰਨ ਉਹ ਚਾਰ ਹਫ਼ਤਿਆਂ ਤੋਂ ਵੱਧ ਸਮੇਂ ਤੋਂ ਰੋਸ ਮੁਜ਼ਾਹਰਾ ਕਰ ਰਹੇ ਹਨ। ਅਧਿਆਪਕਾਂ ਨੇ ਆਰੀਆ ਕਾਲਜ ਪ੍ਰਬੰਧਕੀ ਕਮੇਟੀ ਦੇ ਅਲੱਗ-ਥਲੱਗ ਅਤੇ ਅਣਗਹਿਲੀ ਭਰੇ ਰਵੱਈਏ ’ਤੇ ਗਹਿਰੀ ਨਿਰਾਸ਼ਾ ਪ੍ਰਗਟਾਈ ਤੇ ਕਿਹਾ ਕਿ ਉਨ੍ਹਾਂ ਵੱਲੋਂ ਆਪਣੀਆਂ ਜਾਇਜ਼ ਚਿੰਤਾਵਾਂ ਬਾਰੇ ਵਾਰ-ਵਾਰ ਜਾਣੂ ਕਰਵਾਉਣ ਦੇ ਬਾਵਜੂਦ ਵੀ ਕੋਈ ਧਿਆਨ ਨਹੀਂ ਦਿੱਤਾ ਗਿਆ। ਜੱਥੇਬੰਦੀ ਦੇ ਅਧਿਆਪਕਾਂ ਨੇ ਮੁੜ ਦੁਹਰਾਇਆ ਕਿ ਉਨ੍ਹਾਂ ਦਾ ਵਿਰੋਧ ਪ੍ਰਦਰਸ਼ਨ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਉਨ੍ਹਾਂ ਦੀਆਂ ਅਸਲ ਅਤੇ ਜਾਇਜ਼ ਸ਼ਿਕਾਇਤਾਂ ਦਾ ਸੰਤੋਸ਼ਜਨਕ ਢੰਗ ਨਾਲ ਹੱਲ ਨਹੀਂ ਕੀਤਾ ਜਾਂਦਾ।