
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪੰਜਾਬ ਵਿੱਚ ਦਿਨੋਂ ਦਿਨ ਕੈਂਸਰ ਦੇ ਮਾਮਲੇ ਵਧਣੇ ਚਿੰਤਾ ਦਾ ਵਿਸ਼ਾ

-2021 ’ਚ ਸਨ ਕੈਂਸਰ ਦੇ 39,521 ਮਾਮਲਿਆਂ ਦੇ ਮੁਕਾਬਲੇ 2025 ’ਚ ਹੋਏ 43,196
ਫੋਟੋ ਨੰਬਰ-23
ਪੁਨੀਤ ਬਾਵਾ, ਪੰਜਾਬੀ ਜਾਗਰਣਾ, ਲੁਧਿਆਣਾ
ਪੰਜਾਬ ’ਚ ਦਿਨੋ-ਦਿਨ ਕੈਂਸਰ ਦੇ ਮਾਮਲੇ ਵਧਣੇ ਚਿੰਤਾ ਦਾ ਵਿਸ਼ਾ ਹੈ। ਸਾਲ 2021 ਵਿੱਚ ਕੈਂਸਰ ਦੇ 39,521 ਮਾਮਲੇ ਸਨ, ਜੋ ਸਾਲ 2025 ਵਿੱਚ 43,196 ਹੋ ਗਏ ਹਨ ਤੇ ਦਰਜ ਮੌਤਾਂ 22,786 ਤੋਂ ਵੱਧ ਕੇ 24,886 ਹੋ ਜਾਣਾ ਗੰਭੀਰ ਜਨ-ਸਿਹਤ ਚਿੰਤਾ ਹੈ। ਪੰਜਾਬ ਦੇ ਮਾਲਵਾ ਖੇਤਰ ’ਚ ਸੰਭਾਵਿਤ ਖਤਰਿਆਂ ਨੂੰ ਵੱਖ-ਵੱਖ ਨਹੀਂ, ਸਗੋਂ ਇੱਕ ਸਮੁੱਚੀ ਕੜੀ ਵਜੋਂ ਦੇਖਣ ਦੀ ਲੋੜ ਹੈ। 2025 ਦੀ ਵਿਗਿਆਨਕ ਖੋਜ ਵਿੱਚ 91 ਭੂਜਲ ਨਮੂਨਿਆਂ ਵਿੱਚ ਯੂਰੇਨੀਅਮ 1.13 ਤੋਂ 299.4 ਮਾਈਕ੍ਰੋਗ੍ਰਾਮ ਪ੍ਰਤੀ ਲੀਟਰ ਤੱਕ ਮਿਲਿਆ ਤੇ 73 ਫੀਸਦੀ ਨਮੂਨੇ 30 ਮਾਈਕ੍ਰੋਗ੍ਰਾਮ ਦੀ ਹੱਦ ਤੋਂ ਵੱਧ ਸਨ। ਕੁੱਝ ਵਿੱਚ ਆਰਸੇਨਿਕ ਅਤੇ ਸੇਲੇਨੀਅਮ ਵੀ ਵੱਧ ਸਨ। ਜੇ ਯੂਰੇਨੀਅਮ ਕੁਦਰਤੀ ਤੌਰ ’ਤੇ ਮਿੱਟੀ ਵਿੱਚ ਮੌਜੂਦ ਹੈ, ਤਾਂ ਅੱਜ ਇਹ ਭੂਜਲ ਵਿੱਚ ਵੱਧ ਮਾਤਰਾ ’ਚ ਘੁਲਣਸ਼ੀਲ ਕਿਉਂ ਹੋ ਰਿਹਾ ਹੈ, ਇਸ ਦੀ ਜਾਂਚ ਲਾਜ਼ਮੀ ਹੈ। ਭੂਜਲ ਦਾ ਜਿਆਦਾ ਹੋਣਾ, ਬਦਲਦੀ ਜਲ-ਪਰਤ ਦੀ ਰਸਾਇਣਕ ਸਥਿਤੀ, ਖਾਰਾਪਣ, ਨਾਈਟ੍ਰੇਟ ਤੇ ਖੇਤੀਬਾੜੀ ਦੇ ਰਸਾਇਣ ਇਸ ਵਿੱਚ ਕੀ ਭੂਮਿਕਾ ਨਿਭਾ ਰਹੇ ਹਨ, ਇਹ ਸਪੱਸ਼ਟ ਹੋਣਾ ਚਾਹੀਦਾ ਹੈ। ਇਸ ਦੇ ਨਾਲ ਲੁਧਿਆਣਾ ਦਾ ਬੁੱਢਾ ਦਰਿਆ, ਉਦਯੋਗਿਕ ਅਤੇ ਸ਼ਹਿਰੀ ਗੰਦੇ ਪਾਣੀ ਨਾਲ ਪ੍ਰਦੂਸ਼ਿਤ ਹੋ ਕੇ ਸਤਲੁਜ ’ਚ ਮਿਲਣਾ ਅਤੇ ਅੱਗੇ ਹਰੀਕੇ ਰਾਹੀਂ ਮਾਲਵਾ ਤੇ ਰਾਜਸਥਾਨ ਤੱਕ ਪਾਣੀ ਦਾ ਜਾਣਾ, ਖੇਤੀਬਾੜੀ ਵਾਲੀ ਜ਼ਮੀਨ ਅਤੇ ਭੂਜਲ ਉੱਤੇ ਇਸ ਦੇ ਲੰਬੇ ਸਮੇਂ ਦੇ ਪ੍ਰਭਾਵ, ਕੀਟਨਾਸ਼ਕਾਂ ਅਤੇ ਖਾਦਾਂ ਦੀ ਵਧਦੀ ਵਰਤੋਂ, ਆਰਸੇਨਿਕ, ਫਲੋਰਾਈਡ, ਨਾਈਟਰੇਟ ਅਤੇ ਭਾਰੀ ਧਾਤਾਂ, ਉਦਯੋਗਿਕ ਪ੍ਰਦੂਸ਼ਣ, ਭੋਜਨ ’ਚ ਮਿਲਾਵਟ ਤੇ ਜੀਵਨ-ਢੰਗ ਇਨ੍ਹਾਂ ਸਾਰੇ ਸੰਭਾਵਿਤ ਕਾਰਕਾਂ ਦਾ ਵਿਗਿਆਨਕ ਤੌਰ ’ਤੇ ਇਕੱਠੇ ਅਧਿਐਨ ਹੋਣਾ ਚਾਹੀਦਾ ਹੈ। ਯੂਰੇਨੀਅਮ ਨੂੰ ਬਿਨਾਂ ਪੱਕੇ ਸਬੂਤ ਕੈਂਸਰ ਦਾ ਕਾਰਨ ਐਲਾਨਣਾ ਉਚਿਤ ਨਹੀਂ, ਪਰ ਇਸ ਸੰਭਾਵਿਤ ਸਿਹਤ-ਖਤਰੇ ਜਾਂ ਕਿਸੇ ਹੋਰ ਵਾਤਾਵਰਣਕ ਕਾਰਕ ਨੂੰ ਅਣਡਿੱਠਾ ਕਰਨਾ ਵੀ ਗੰਭੀਰ ਗਲਤੀ ਹੋਵੇਗੀ।
ਇਸ ਲਈ ਪੰਜਾਬ ਤੇ ਕੇਂਦਰ ਸਰਕਾਰ ਨੂੰ ਤੁਰੰਤ ਸਾਂਝੀ ਕਾਰਵਾਈ ਕਰਦਿਆਂ ਮਾਲਵਾ ਦੇ ਜ਼ਿਲ੍ਹਾ ਅਤੇ ਬਲਾਕ ਪੱਧਰ ’ਤੇ ਕੈਂਸਰ ਦੇ ਮਾਮਲਿਆਂ ਅਤੇ ਮੌਤਾਂ ਨੂੰ ਪਾਣੀ, ਮਿੱਟੀ, ਭੋਜਨ, ਕਿੱਤੇ ਅਤੇ ਹੋਰ ਸੰਭਾਵਿਤ ਖਤਰਿਆਂ ਨਾਲ ਜੋੜ ਕੇ ਸੁਤੰਤਰ ਵਿਗਿਆਨਕ ਅਧਿਐਨ ਕਰਵਾਉਣਾ ਚਾਹੀਦਾ ਹੈ। ਬੁੱਢਾ ਦਰਿਆ, ਸਤਲੁਜ,ਹਰੀਕੇ,ਨਹਿਰੀ ਪ੍ਰਣਾਲੀ ਦੀ ਲੜੀਵਾਰ ਪਾਣੀ, ਗਾਦ, ਮਿੱਟੀ ਅਤੇ ਭੂਜਲ ਜਾਂਚ ਕਰਵਾ ਕੇ ਪ੍ਰਦੂਸ਼ਣ ਨੂੰ ਸਰੋਤ ’ਤੇ ਰੋਕਿਆ ਜਾਵੇ। ਨਿਰਧਾਰਤ ਹੱਦ ਤੋਂ ਵੱਧ ਪ੍ਰਦੂਸ਼ਿਤ ਪਾਣੀ ਵਾਲੇ ਇਲਾਕਿਆਂ ਨੂੰ ਤੁਰੰਤ ਸੁਰੱਖਿਅਤ ਵਿਕਲਪਕ ਪਾਣੀ ਦਿੱਤਾ ਜਾਵੇ ਅਤੇ ਪ੍ਰਭਾਵਿਤ ਖੇਤਰਾਂ ਦੀ ਨਿਯਮਿਤ ਨਿਗਰਾਨੀ ਤੇ ਨਕਸ਼ਾਬੰਦੀ ਹੋਵੇ। ਪੰਜਾਬ ਕੈਂਸਰ ਤੇ ਵਾਤਾਵਰਣ ਸਿਹਤ ਰਜਿਸਟਰ ਬਣਾਕੇ ਮਰੀਜ਼ ਦੀ ਉਮਰ, ਸਥਾਨ, ਕੈਂਸਰ ਦੀ ਕਿਸਮ, ਕਿੱਤਾ, ਪਾਣੀ ਦਾ ਸਰੋਤ, ਸੰਭਾਵਿਤ ਖਤਰੇ, ਬਿਮਾਰੀ ਦੀ ਅਵਸਥਾ, ਇਲਾਜ ਅਤੇ ਨਤੀਜੇ ਦਰਜ ਕੀਤੇ ਜਾਣ। ਰੋਕਥਾਮ ਤਹਿਤ ਤੰਬਾਕੂ, ਕੀਟਨਾਸ਼ਕਾਂ, ਭੋਜਨ ਦੀ ਸ਼ੁੱਧਤਾ, ਸਿਹਤਮੰਦ ਖੁਰਾਕ ਤੇ ਕੰਮਕਾਜੀ ਸੁਰੱਖਿਆ ’ਤੇ ਸਖ਼ਤੀ ਹੋਵੇ ਤੇ ਮੂੰਹ, ਛਾਤੀ ਤੇ ਬੱਚੇਦਾਨੀ ਦੇ ਕੈਂਸਰ ਦੀ ਛੇਤੀ ਜਾਂਚ ਪਿੰਡ ਪੱਧਰ ਤੱਕ ਪੁੱਜੇ। ਮਾਲਵਾ ਵਿੱਚ ਜਾਂਚ, ਬਿਮਾਰੀ ਦੀ ਪੁਸ਼ਟੀ, ਸਰਜਰੀ, ਦਵਾਈਆਂ, ਕਿਰਨਾਂ ਰਾਹੀਂ ਇਲਾਜ, ਦਰਦ-ਨਿਵਾਰਣ ਅਤੇ ਅਗਲੀ ਦੇਖਭਾਲ ਦੀਆਂ ਸਹੂਲਤਾਂ ਮਜ਼ਬੂਤ ਕੀਤੀਆਂ ਜਾਣ। ਇਸ ਲਈ ਸਿਹਤ, ਪਾਣੀ, ਖੇਤੀਬਾੜੀ, ਵਾਤਾਵਰਣ ਤੇ ਖੋਜ ਸੰਸਥਾਵਾਂ ਨੂੰ ਜੋੜ ਕੇ ਉੱਚ ਪੱਧਰੀ ਕੈਂਸਰ ਰੋਕਥਾਮ ਤੇ ਨਿਯੰਤਰਣ ਕਾਰਜ-ਦਲ ਬਣਾਇਆ ਜਾਵੇ ਤੇ 2021 ਸਮੇਂ-ਬੱਧ ਕਾਰਵਾਈ ਯੋਜਨਾ ਜਾਰੀ ਕੀਤੀ ਜਾਵੇ। ਮਕਸਦ ਕੇਵਲ ਕੈਂਸਰ ਦਾ ਇਲਾਜ ਕਰਨਾ ਨਹੀਂ, ਸਗੋਂ ਉਸ ਦੇ ਰੋਕਥਾਮਯੋਗ ਕਾਰਨਾਂ ਨੂੰ ਖੋਜ ਕੇ ਉਨ੍ਹਾਂ ਨੂੰ ਜੜ੍ਹ ਤੋਂ ਘਟਾਉਣਾ ਤੇ ਹਰ ਮਰੀਜ਼ ਨੂੰ ਸਮੇਂ ਸਿਰ ਪੂਰਾ ਤੇ ਕਿਫ਼ਾਇਤੀ ਇਲਾਜ ਦੇਣਾ ਹੋਣਾ ਚਾਹੀਦਾ ਹੈ।
-ਬਾਕਸ-
-ਵਿਗਿਆਨਕ ਢੰਗ ਨਾਲ ਕੈਂਸਰ ਦੇ ਕਾਰਨਾਂ ਨੂੰ ਖੋਜਣਾ ਚਾਹੀਦੈ : ਗੋਇਲ
ਸੀਨੀਅਰ ਨਾਗਰਿਕ ਤੇ ਸਰਗਰਮ ਸਮਾਜ ਸੇਵੀ ਬ੍ਰਿਜ ਭੂਸ਼ਣ ਗੋਇਲ ਨੇ ਕਿਹਾ ਕਿ ਸਰਕਾਰ ਨੂੰ ਇਹ ਵਿਗਿਆਨਕ ਢੰਗ ਨਾਲ ਖੋਜਣਾ ਚਾਹੀਦਾ ਹੈ ਕਿ ਕੈਂਸਰ ਕਿਉਂ, ਕਿੱਥੇ ਤੇ ਕਿਹੜੇ ਕਾਰਕਾਂ ਕਾਰਨ ਵੱਧ ਰਿਹਾ ਹੈ, ਇਸ ਸਬੰਧੀ ਪੜਤਾਲ ਕਰਨੀ ਚਾਹੀਦੀ ਹੈ। ਖ਼ਾਸ ਕਰਕੇ ਮਾਲਵਾ ਖੇਤਰ ’ਚ ਕਾਰਣ ਲੱਭਣੇ ਅਤੇ ਹੱਲ ਕਰਨਾ ਬਹੁਤ ਜ਼ਰੂਰੀ ਹੈ।