‘ਜਾਨਵਰਾਂ ਦੇ ਮੁੱਲਾਂਕਣ ਦੀ ਭੂਮਿਕਾ’ ਵਿਸ਼ੇ 'ਤੇ ਕੀਤਾ ਵਿਚਾਰ-ਵਟਾਂਦਰਾ ‘ਜਾਨਵਰਾਂ ਦੇ ਮੁਲਾਂਕਣ ਦੀ ਭੂਮਿਕਾ’ ਵਿਸ਼ੇ 'ਤੇ ਵਿਚਾਰ-ਵਟਾਂਦਰਾ ਸੈਸ਼ਨ ਕਰਵਾਇਆ
Publish Date: Sun, 23 Aug 2026 08:48 PM (IST)
Updated Date: Mon, 24 Aug 2026 04:07 AM (IST)
ਫੋਟੋ ਨੰਬਰ-1 ਸਟਾਫ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਸਾਰ ਸਿੱਖਿਆ ਨਿਰਦੇਸ਼ਾਲੇ ਨੇ ਨਸਲ ਸੁਧਾਰ ਵਿੱਚ ਜਾਨਵਰਾਂ ਦੇ ਮੁਲਾਂਕਣ ਦੀ ਭੂਮਿਕਾ ਵਿਸ਼ੇ ਤੇ ਇੱਕ ਵਿਚਾਰ-ਵਟਾਂਦਰਾ ਸੈਸ਼ਨ ਕਰਵਾਇਆ। ਇਸ ਸੈਸ਼ਨ ਨੇ ਪਸ਼ੂਆਂ ਦੇ ਮੁਲਾਂਕਣ ਲਈ ਇੱਕ ਮਿਆਰੀ ਢਾਂਚਾ ਵਿਕਸਤ ਕਰਨ ਲਈ ਫੀਲਡ ਵੈਟਨਰੀ ਅਫਸਰਾਂ, ਵਿਗਿਆਨੀਆਂ, ਕਿਸਾਨਾਂ ਅਤੇ ਖੋਜ ਵਿਦਵਾਨਾਂ ਨੂੰ ਇਕੱਠਾ ਕੀਤਾ। ਵਾਈਸ ਚਾਂਸਲਰ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਚੰਗਾ ਮੁਲਾਂਕਣ ਮੁੱਖ ਤੌਰ ਤੇ ਬੇਹਤਰ ਅਣੂਵੰਸ਼ਕੀ ਗੁਣਾਂ ਅਤੇ ਨਸਲ ਸੁਧਾਰ ਵਿੱਚ ਯੋਗਦਾਨ ਪਾਉਂਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਅਤੇ ਨੌਜਵਾਨ ਅਧਿਆਪਕਾਂ ਲਈ ਮੁਲਾਂਕਣ ਮੁਕਾਬਲੇ ਕਰਵਾਉਣ ਅਤੇ ਇੱਕ ਵਿਆਪਕ ਨੀਤੀ ਦਸਤਾਵੇਜ਼ ਵਿਕਸਤ ਕਰਨ ਦਾ ਸੁਝਾਅ ਦਿੱਤਾ। ਡਾ. ਪੀਐਸ. ਵਾਲੀਆ, ਨਿਰਦੇਸ਼ਕ , ਪਸ਼ੂ ਪਾਲਣ ਵਿਭਾਗ, ਪੰਜਾਬ ਨੇ ਕਿਹਾ ਕਿ ਜਾਨਵਰਾਂ ਸਬੰਧੀ ਨਿਰਣਾ ਸਿਰਫ਼ ਦਿੱਖ ਬਾਰੇ ਨਹੀਂ ਹੁੰਦਾ, ਬਲਕਿ ਬਿਹਤਰ ਪਸ਼ੂ ਚੋਣ ਫੈਸਲੇ ਨੂੰ ਜਾਇਜ਼ ਠਹਿਰਾਉਣ ਲਈ ਠੋਸ ਤਕਨੀਕੀ ਗਿਆਨ ਦੀ ਲੋੜ ਹੁੰਦੀ ਹੈ। ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਪ੍ਰਤੀਭਾਗੀਆਂ ਦਾ ਸਵਾਗਤ ਕਰਦੇ ਹੋਏ, ਇੱਕ ਢਾਂਚਾਗਤ ਮੁਲਾਂਕਣ ਨਿਰਣਾ ਨੀਤੀ ਦੀ ਜ਼ਰੂਰਤ ਤੇ ਚਾਨਣਾ ਪਾਇਆ। ਉਨ੍ਹਾਂ ਮੌਜੂਦਾ ਮੁਲਾਂਕਣ ਅਭਿਆਸਾਂ ਵਿੱਚ ਪਾੜੇ ਨੂੰ ਪੂਰਾ ਕਰਨ ਅਤੇ ਮੌਜੂਦਾ ਮਿਆਰਾਂ ਅਨੁਸਾਰ ਮੱਝਾਂ ਦੇ ਸਕੋਰ ਕਾਰਡ ਨੂੰ ਸੋਧਣ ਤੇ ਜ਼ੋਰ ਦਿੱਤਾ। ਡਾ. ਹਰਵੀਨ ਕੌਰ, ਸੰਯੁਕਤ ਨਿਰਦੇਸ਼ਕ, ਪਸ਼ੂ ਪਾਲਣ ਵਿਭਾਗ ਨੇ ਖੇਤਰੀ ਪੱਧਰ ਦੀਆਂ ਚੁਣੌਤੀਆਂ ਤੇ ਚਾਨਣਾ ਪਾਇਆ ਅਤੇ ਕਿਹਾ ਕਿ ਪ੍ਰਗਤੀਸ਼ੀਲ ਕਿਸਾਨ ਨਸਲ ਸੁਧਾਰ ਪ੍ਰਤੀ ਵੱਧ ਤੋਂ ਵੱਧ ਜਾਗਰੂਕ ਹੋ ਰਹੇ ਹਨ ਅਤੇ ਸਹੀ ਰਿਕਾਰਡ ਬਣਾਉਣ ਵਿੱਚ ਸੰਜੀਦਾ ਹਨ। ਤਕਨੀਕੀ ਸੈਸ਼ਨਾਂ ਵਿੱਚ ਡਾ. ਰਵਦੀਪ ਸਿੰਘ ਨੇ ਡੇਅਰੀ ਪਸ਼ੂਆਂ ਦੇ ਮੁਲਾਂਕਣ ਦੇ ਇਤਿਹਾਸ ਅਤੇ ਮਹੱਤਵ ਬਾਰੇ, ਡਾ. ਪੁਨੀਤ ਮਲਹੋਤਰਾ ਨੇ ਮੂਰ੍ਹਾ ਅਤੇ ਨੀਲੀ ਰਾਵੀ ਨਸਲ ਦੀਆਂ ਵਿਸ਼ੇਸ਼ਤਾਵਾਂ ਅਤੇ ਮੁਲਾਂਕਣ ਮਾਪਦੰਡਾਂ ਬਾਰੇ ਅਤੇ ਡਾ. ਰਵੀਕਾਂਤ ਗੁਪਤਾ ਨੇ ਹੋਲਸਟਾਈਨ ਫ੍ਰੀਜ਼ੀਅਨ ਅਤੇ ਜਰਸੀ ਪਸ਼ੂਆਂ ਲਈ ਮੁਲਾਂਕਣ ਮਾਪਦੰਡਾਂ ਬਾਰੇ ਚਾਨਣਾ ਪਾਇਆ। ਮਾਹਰ ਸੈਸ਼ਨ ਤੋਂ ਬਾਅਦ ਇੱਕ ਖੁੱਲ੍ਹੀ ਵਿਚਾਰ ਚਰਚਾ ਅਤੇ ਗੱਲਬਾਤ ਸੈਸ਼ਨ ਕਰਵਾਇਆ ਗਿਆ। ਡਾ.ਪਰਮਿੰਦਰ ਸਿੰਘ, ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ ਅਤੇ ਕਿਹਾ ਕਿ ਵੈਟਰਨਰੀ ਵਰਸਿਟੀ ਸੈਸ਼ਨ ਦੇ ਨਤੀਜਿਆਂ ਦੇ ਆਧਾਰ ਤੇ ਇੱਕ ਰਸਮੀ ਨੀਤੀ ਪੱਤਰ ਅਤੇ ਮਿਆਰੀ ਦਿਸ਼ਾ-ਨਿਰਦੇਸ਼ ਤਿਆਰ ਕਰੇਗੀ। ਸੈਸ਼ਨ ਵਿੱਚ ਲਗਭਗ 100 ਪ੍ਰਤੀਭਾਗੀ ਸ਼ਾਮਲ ਹੋਏ।