ਪਾਇਲਟ ਨੂੰ ਘੇਰ ਕੇ ਲੁੱਟਿਆ, ਇਕ ਮਹੀਨੇ ਬਾਅਦ ਕੇਸ ਦਰਜ ਰੇਲਵੇ ਦੇ ਲੋਕੋ ਪਾਇਲਟ ਨੂੰ ਘੇਰ ਕੇ ਲੁੱਟਿਆ, ਇੱਕ ਮਹੀਨੇ ਬਾਅਦ ਮੁਕੱਦਮਾ ਦਰਜ
Publish Date: Sun, 23 Aug 2026 08:31 PM (IST)
Updated Date: Mon, 24 Aug 2026 04:07 AM (IST)
ਫੋਟੋ ਨੰਬਰ-12 ਸੁਸ਼ੀਲ ਕੁਮਾਰ ਸ਼ਸ਼ੀ,ਪੰਜਾਬੀ ਜਾਗਰਣ ਲੁਧਿਆਣਾ ਨਾਈਟ ਡਿਊਟੀ ਤੋਂ ਘਰ ਪਰਤ ਰਹੇ ਰੇਲਵੇ ਦੇ ਲੋਕੋ ਪਾਇਲਟ ਨੂੰ ਦੋ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਆਏ ਪੰਜ ਬਦਮਾਸ਼ਾਂ ਨੇ ਘੇਰ ਕੇ ਲੁੱਟ ਲਿਆ। ਵਾਰਦਾਤ ਤੋਂ ਕਰੀਬ ਇੱਕ ਮਹੀਨੇ ਬਾਅਦ ਥਾਣਾ ਨੰਬਰ-5 ਦੀ ਪੁਲਿਸ ਨੇ ਮੁਕਦਮਾ ਦਰਜ ਕੀਤਾ ਹੈ। ਭਾਰਤ ਨਗਰ ਚੌਂਕ ਦੇ ਗੁਲਮੋਹਰ ਹੋਟਲ ਨੇੜੇ ਵਾਪਰੀ ਇਸ ਘਟਨਾ ਵਿੱਚ ਅਣਪਛਾਤੇ ਵਿਅਕਤੀ ਲੋਕੋ ਪਾਇਲਟ ਦਾ ਬੈਗ ਖੋਹ ਕੇ ਫਰਾਰ ਹੋ ਗਏ। ਬੈਗ ਵਿੱਚ ਨਕਦੀ ਅਤੇ ਨਿੱਜੀ ਦਸਤਾਵੇਜ਼ਾਂ ਤੋਂ ਇਲਾਵਾ ਰੇਲਵੇ ਵਿਭਾਗ ਨਾਲ ਸਬੰਧਤ ਸਰਕਾਰੀ ਸਾਮਾਨ ਵੀ ਸੀ। ਪੁਲਿਸ ਹੁਣ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਸ਼ੱਕੀਆਂ ਦੀ ਪਛਾਣ ਕਰਨ ਵਿੱਚ ਜੁਟੀ ਹੋਈ ਹੈ। ਪੁਲਿਸ ਨੂੰ ਦਿੱਤੇ ਬਿਆਨ ਵਿੱਚ 51 ਸਾਲਾ ਵਿਜੇ ਸਿੰਘ ਯਾਦਵ ਨੇ ਦੱਸਿਆ ਕਿ ਉਹ ਰੇਲਵੇ ਵਿਭਾਗ ਵਿੱਚ ਲੋਕੋ ਪਾਇਲਟ ਵਜੋਂ ਨੌਕਰੀ ਕਰਦਾ ਹੈ। 24 ਜੁਲਾਈ 2026 ਦੀ ਰਾਤ ਕਰੀਬ 2.30 ਵਜੇ ਡਿਊਟੀ ਖਤਮ ਕਰਨ ਤੋਂ ਬਾਅਦ ਉਹ ਰੇਲਵੇ ਸਟੇਸ਼ਨ ਤੋਂ ਪੈਦਲ ਆਪਣੇ ਘਰ ਵੱਲ ਜਾ ਰਿਹਾ ਸੀ। ਜਦੋਂ ਉਹ ਭਾਰਤ ਨਗਰ ਚੌਕ ਨੇੜੇ ਗੁਲਮੋਹਰ ਹੋਟਲ ਪਹੁੰਚਿਆ ਤਾਂ 2 ਮੋਟਰਸਾਈਕਲਾਂ ਤੇ ਸਵਾਰ ਹੋ ਕੇ ਆਏ 5 ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਨੂੰ ਘੇਰ ਲਿਆ। ਸ਼ਿਕਾਇਤਕਰਤਾ ਅਨੁਸਾਰ ਅਣਪਛਾਤੇ ਵਿਅਕਤੀਆਂ ਦੇ ਹੱਥਾਂ ਵਿੱਚ ਹਥਿਆਰ ਸਨ ਅਤੇ ਬਦਮਾਸ਼ਾਂ ਨੇ ਉਨ੍ਹਾਂ ਨੂੰ ਡਰਾ-ਧਮਕਾ ਕੇ ਬੈਗ ਜ਼ਬਰਦਸਤੀ ਖੋਹ ਲਿਆ। ਬੈਗ ਵਿੱਚ ਰੈਡਮੀ ਕੰਪਨੀ ਦਾ ਮੋਬਾਈਲ ਫੋਨ, ਪਰਸ ਵਿੱਚ ਕੁਝ ਨਕਦੀ, ਆਧਾਰ ਕਾਰਡ, ਪੈਨ ਕਾਰਡ ਅਤੇ ਆਈਡੀ ਕਾਰਡ ਮੌਜੂਦ ਸਨ। ਇਸ ਤੋਂ ਇਲਾਵਾ ਬੈਗ ਵਿੱਚ ਰੇਲਵੇ ਵਿਭਾਗ ਨਾਲ ਸਬੰਧਤ ਸਰਕਾਰੀ ਵਾਕੀ-ਟਾਕੀ ਸੈੱਟ ਟਾਰਚ, ਰੈੱਡ-ਗ੍ਰੀਨ ਝੰਡੀਆਂ, ਇੰਟਰਡਕਸ਼ਨ ਬੁੱਕ, ਕੰਪੀਟੈਂਸੀ ਬੁੱਕ, ਵਰਕਿੰਗ ਟਾਈਮ ਟੇਬਲ, ਟ੍ਰੈਵਲ ਸੂਟਿੰਗ ਬੁੱਕ, ਡਰਾਈਵਰ ਮੀਮੋ ਬੁੱਕ ਅਤੇ ਕੱਪੜੇ ਵੀ ਸਨ। ਪੂਰੇ ਇੱਕ ਮਹੀਨੇ ਬਾਅਦ ਕੀਤਾ ਗਿਆ ਮੁਕੱਦਮਾ ਦਰਜ ਲੋਕੋ ਪਾਇਲੇਟ ਨੇ ਦੱਸਿਆ ਕਿ ਉਹਨਾਂ ਨੇ ਵਾਰਦਾਤ ਵਾਲੇ ਦਿਨ 24 ਜੁਲਾਈ ਨੂੰ ਹੀ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੂੰ ਵੀ ਇੱਕ ਲਿਖਤ ਸ਼ਿਕਾਇਤ ਦੇ ਦਿੱਤੀ ਸੀ। ਸਮੇਂ ਸਿਰ ਸ਼ਿਕਾਇਤ ਦੇਣ ਦੇ ਬਾਵਜੂਦ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਵਾਰਦਾਤ ਦੇ ਇੱਕ ਮਹੀਨੇ ਬਾਅਦ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਧਾਰਾ 304(2), 3(5) ਬੀਐਨਐਸ ਤਹਿਤ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ। ਪੁਲਿਸ ਵੱਲੋਂ ਘਟਨਾ ਵਾਲੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਫੁਟੇਜ ਵਿੱਚ ਕੁਝ ਸ਼ੱਕੀ ਮੋਟਰਸਾਈਕਲ ਸਵਾਰਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਦੇ ਆਧਾਰ ’ਤੇ ਪੁਲਿਸ ਉਨ੍ਹਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਫਿਲਹਾਲ ਕਿਸੇ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ। --