ਦਿੱਲੀ ਹਾਈਵੇ ਤੇ ਤਿੰਨ ਬਦਮਾਸ਼ਾਂ ਨੇ ਨੌਜਵਾਨਾਂ ਨੂੰ ਘੇਰ ਕੇ ਲੁੱਟਿਆ ਮੋਟਰਸਾਈਕਲ ਦਿੱਲੀ ਹਾਈਵੇ ਤੇ ਤਿੰਨ ਬਦਮਾਸ਼ਾਂ ਨੇ ਨੌਜਵਾਨਾਂ ਨੂੰ ਘੇਰ ਕੇ ਲੁੱਟਿਆ ਕੀਮਤੀ ਮੋਟਰਸਾਈਕਲ
Publish Date: Sun, 23 Aug 2026 08:30 PM (IST)
Updated Date: Mon, 24 Aug 2026 04:07 AM (IST)
-ਮੋਤੀ ਨਗਰ ਪੁਲ ’ਤੇ ਦਿੱਤਾ ਵਾਰਦਾਤ ਨੂੰ ਅੰਜਾਮ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ ਲੁਧਿਆਣਾ-ਦਿੱਲੀ ਹਾਈਵੇ ’ਤੇ ਮੋਤੀ ਨਗਰ ਪੁਲ ਦੇ ਉੱਪਰ ਰਾਤ ਸਮੇਂ ਤਿੰਨ ਮੋਟਰਸਾਈਕਲ ਸਵਾਰ ਬਦਮਾਸ਼ਾਂ ਵੱਲੋਂ ਇਕ ਨੌਜਵਾਨ ਨੂੰ ਘੇਰ ਕੇ ਉਸ ਦਾ ਕੀਮਤੀ ਹੌਂਡਾ ਮੋਟਰਸਾਈਕਲ ਲੁੱਟ ਲਿਆ। ਪੁਲਿਸ ਦਾ ਕਹਿਣਾ ਹੈ ਕਿ ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰਾਂ ਦੀ ਨੋਕ ਤੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਵਾਰਦਾਤ ਤੋਂ ਬਾਅਦ ਮੁਲਜ਼ਮ ਮੋਟਰਸਾਈਕਲ ਲੈ ਕੇ ਦਿੱਲੀ ਰੋਡ ਵੱਲ ਫਰਾਰ ਹੋ ਗਏ। ਪੀੜਤ ਵੱਲੋਂ ਰਾਹਗੀਰਾਂ ਤੋਂ ਮਦਦ ਮੰਗਣ ਦੇ ਬਾਵਜੂਦ ਕੋਈ ਸਾਥ ਨਾ ਮਿਲਣ ਕਾਰਨ ਮੁਲਜ਼ਮ ਮੌਕੇ ਤੋਂ ਬਚ ਨਿਕਲੇ। ਮਾਮਲੇ ਵਿੱਚ ਪੁਲਿਸ ਨੇ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਥਾਣਾ ਮੋਤੀ ਨਗਰ ਵਿੱਚ ਦਰਜ ਮੁਕੱਦਮੇ ਮੁਤਾਬਕ 36 ਸਾਲਾ ਸੁਭਾਸ਼ ਸਿੰਘ ਵਾਸੀ ਗਿਆਸਪੁਰਾ ਇਕ ਪੇਪਰ ਫੈਕਟਰੀ ਵਿੱਚ ਮਾਰਕੀਟਿੰਗ ਦਾ ਕੰਮ ਕਰਦਾ ਹੈ। ਉਸ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਹ ਇਕ ਮਜ਼ਦੂਰ ਨੂੰ ਘਰ ਛੱਡਣ ਤੋਂ ਬਾਅਦ ਰਾਤ ਕਰੀਬ 10 ਵਜੇ ਆਪਣੇ ਘਰ ਵੱਲ ਵਾਪਸ ਜਾ ਰਿਹਾ ਸੀ। ਜਦੋਂ ਉਹ ਮੋਤੀ ਨਗਰ ਪੁਲ ਦੇ ਉੱਪਰ ਪਹੁੰਚਿਆ ਤਾਂ ਪਿੱਛੋਂ ਆਏ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ। ਸ਼ਿਕਾਇਤਕਰਤਾ ਅਨੁਸਾਰ ਤਿੰਨਾਂ ਨੌਜਵਾਨਾਂ ਨੇ ਆਪਣਾ ਮੋਟਰਸਾਈਕਲ ਉਸ ਦੇ ਮੋਟਰਸਾਈਕਲ ਦੇ ਬਰਾਬਰ ਲਾ ਦਿੱਤਾ। ਅਚਾਨਕ ਘੇਰਾਬੰਦੀ ਹੋਣ ਕਾਰਨ ਉਹ ਘਬਰਾ ਗਿਆ ਅਤੇ ਆਪਣਾ ਮੋਟਰਸਾਈਕਲ ਛੱਡ ਕੇ ਹੇਠਾਂ ਉਤਰ ਗਿਆ। ਇਸ ਤੋਂ ਬਾਅਦ ਮੁਲਜ਼ਮ ਉਸ ਦਾ ਕੀਮਤੀ ਹੌਂਡਾ ਮੋਟਰਸਾਈਕਲ ਲੈ ਕੇ ਮੌਕੇ ਤੋਂ ਫਰਾਰ ਹੋ ਗਏ। ਮੁਲਜ਼ਮਾਂ ਨੇ ਉਸ ਦੇ ਮੋਢੇ ’ਤੇ ਪਾਇਆ ਬੈਗ ਵੀ ਲੈ ਜਾਣ ਦਾ ਦੋਸ਼ ਹੈ। ਪੀੜਤ ਨੇ ਦੱਸਿਆ ਕਿ ਵਾਰਦਾਤ ਤੋਂ ਬਾਅਦ ਉਸ ਨੇ ਮੁਲਜ਼ਮਾਂ ਦਾ ਪਿੱਛਾ ਕਰਨ ਅਤੇ ਉਨ੍ਹਾਂ ਨੂੰ ਰੋਕਣ ਲਈ ਰਾਹਗੀਰਾਂ ਤੋਂ ਮਦਦ ਲੈਣ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨੇ ਉਸ ਦਾ ਸਾਥ ਨਹੀਂ ਦਿੱਤਾ। ਮੋਟਰਸਾਈਕਲ ਵਿੱਚ ਪੈਟਰੋਲ ਘੱਟ ਹੋਣ ਕਾਰਨ ਫੜੇ ਜਾ ਸਕਦੇ ਸਨ ਮੁਲਜਮ ਨੌਜਵਾਨ ਮੁਤਾਬਕ ਉਸ ਦੇ ਮੋਟਰਸਾਈਕਲ ਵਿੱਚ ਪੈਟਰੋਲ ਬਹੁਤ ਘੱਟ ਸੀ। ਉਸ ਦਾ ਦਾਅਵਾ ਹੈ ਕਿ ਜੇਕਰ ਮੌਕੇ ’ਤੇ ਕਿਸੇ ਰਾਹਗੀਰ ਨੇ ਉਸ ਦੀ ਮਦਦ ਕੀਤੀ ਹੁੰਦੀ ਤਾਂ ਮੁਲਜ਼ਮਾਂ ਨੂੰ ਕੁਝ ਦੂਰੀ ’ਤੇ ਹੀ ਰੋਕਿਆ ਜਾ ਸਕਦਾ ਸੀ। ਦੋ ਹਫਤਿਆਂ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਅਦ ਕੀਤੀ ਐਫਆਈਆਰ ਦਰਜ ਪੀੜਿਤ ਨੇ ਦੱਸਿਆ ਕਿ ਵਾਰਦਾਤ ਨੂੰ ਦੋ ਹਫ਼ਤਿਆਂ ਤੋਂ ਵੱਧ ਸਮਾਂ ਬੀਤਣ ਤੋਂ ਬਾਅਦ ਪੁਲਿਸ ਵੱਲੋਂ 22 ਅਗਸਤ ਨੂੰ ਇਸ ਮਾਮਲੇ ਵਿੱਚ ਮੁਕੱਦਮਾ ਦਰਜ ਕੀਤਾ ਗਿਆ। ਪੁਲਿਸ ਨੇ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 304 ਅਤੇ 3(5) ਬੀਐਨਐਸ ਤਹਿਤ ਕੇਸ ਦਰਜ ਕੀਤਾ ਹੈ। ਫਿਲਹਾਲ ਕਿਸੇ ਵੀ ਮੁਲਜ਼ਮ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਵੱਲੋਂ ਵਾਰਦਾਤ ਵਾਲੇ ਰਸਤੇ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀਆਂ ਰਿਕਾਰਡਿੰਗਾਂ ਦੀ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਮੁਲਜ਼ਮਾਂ ਦੇ ਆਉਣ-ਜਾਣ ਵਾਲੇ ਰਸਤੇ ਅਤੇ ਉਨ੍ਹਾਂ ਦੀ ਪਛਾਣ ਸਬੰਧੀ ਕੋਈ ਸੁਰਾਗ ਮਿਲ ਸਕੇ। ਪੁਲਿਸ ਵੱਲੋਂ ਲੁੱਟੇ ਗਏ ਮੋਟਰਸਾਈਕਲ ਦੀ ਵੀ ਭਾਲ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਤੱਕ ਪਹੁੰਚਣ ਲਈ ਜਾਂਚ ਅੱਗੇ ਵਧਾਈ ਜਾ ਰਹੀ ਹੈ। ਪੀੜਤ ਦਾ ਦਾਅਵਾ : ਪਿਸਤੌਲ ਦੀ ਨੋਕ ’ਤੇ ਲੁੱਟਿਆ ਮੋਟਰਸਾਈਕਲ ਪੀੜਤ ਸੁਭਾਸ਼ ਸਿੰਘ ਨੇ ਦੋਸ਼ ਲਗਾਇਆ ਹੈ ਕਿ ਤਿੰਨ ਨੌਜਵਾਨਾਂ ਨੇ ਉਸ ਨੂੰ ਘੇਰ ਕੇ ਉਸ ਦੀ ਕਮਰ ’ਤੇ ਪਿਸਤੌਲ ਲਗਾ ਦਿੱਤੀ ਸੀ ਅਤੇ ਇਸੇ ਡਰ ਕਾਰਨ ਉਸ ਨੇ ਆਪਣਾ ਮੋਟਰਸਾਈਕਲ ਛੱਡ ਦਿੱਤਾ। ਉਸ ਦਾ ਦੋਸ਼ ਹੈ ਕਿ ਮੁਲਜ਼ਮ ਪਿਸਤੌਲ ਦੀ ਨੋਕ ’ਤੇ ਉਸ ਦਾ ਮੋਟਰਸਾਈਕਲ ਲੁੱਟ ਕੇ ਫਰਾਰ ਹੋ ਗਏ। ਹਾਲਾਂਕਿ ਪੁਲਿਸ ਵੱਲੋਂ ਦਰਜ ਮੁਕੱਦਮੇ ਵਿੱਚ ਇਸ ਸਮੇਂ ਮਾਮਲਾ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਮੋਟਰਸਾਈਕਲ ਖੋਹਣ ਦੇ ਦੋਸ਼ਾਂ ਤਹਿਤ ਦਰਜ ਕੀਤਾ ਗਿਆ ਹੈ ਅਤੇ ਅਗਲੀ ਜਾਂਚ ਵਿੱਚ ਇਸ ਦਾਅਵੇ ਸਬੰਧੀ ਤੱਥਾਂ ਦੀ ਵੀ ਪੜਤਾਲ ਕੀਤੀ ਜਾ ਸਕਦੀ ਹੈ। ਪੁਲਿਸ ਇਸ ਮਾਮਲੇ ਦੀ ਅਲੱਗ ਅਲੱਗ ਐਗਲਾ ਤੋਂ ਪੜਤਾਲ ਕਰ ਰਹੀ ਹੈ ਅਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਨੂੰ ਜਲਦੀ ਹੀ ਹੱਲ ਕਰ ਲਿਆ ਜਾਵੇਗਾ। --