
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮਾਨਵੀ ਮੁੱਲਾਂ ਨੂੰ ਖਤਮ ਕਰ ਰਹੇ ਨਫ਼ਰਤ ’ਤੇ ਸਵਾਰਥ-ਸਵਾਮੀ ਪ੍ਰਕਾਸ਼ਾਨੰਦ

-ਆਸ਼ਰਮ ਹਰਨਾਮਪੁਰਾ ’ਚ ਦਿਵਯ ਜੋਤੀ ਜਾਗ੍ਰਿਤੀ ਸੰਸਥਾਨ ਨੇ ਕਰਵਾਈ ਭਜਨ ਪ੍ਰਭਾਤ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਸਥਾਨਕ ਆਸ਼ਰਮ ਹਰਨਾਮਪੁਰਾ ਵਿਖੇ ਦਿਵਯ ਜੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਭਜਨ ਪ੍ਰਭਾਤ ਕਰਵਾਈ ਗਈ। ਸਵਾਮੀ ਪ੍ਰਕਾਸ਼ਾਨੰਦ ਨੇ ਸੰਗਤ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਐਤਵਾਰ ਨੂੰ ਸਮਾਜ ਨਫ਼ਰਤ ਤੇ ਸਵਾਰਥ ਵਰਗੀਆਂ ਕੁਰੀਤੀਆਂ ਨਾਲ ਗ੍ਰਸਤ ਹੈ ਜੋ ਮਨੁੱਖੀ ਕਦਰਾਂ ਤੇ ਆਚਰਣ ਨੂੰ ਖਤਮ ਕਰ ਰਹੀਆਂ ਹਨ। ਐਸਾ ਨਹੀਂ ਹੈ ਕਿ ਸਮੱਸਿਆਵਾਂ ਦੇ ਹੱਲ ਲਈ ਕੋਈ ਯਤਨ ਨਹੀਂ ਕੀਤੇ ਜਾ ਰਹੇ ਬਲਕਿ ਨਿਰੰਤਰ ਕੋਸ਼ਿਸ਼ ਜਾਰੀ ਹੈ ਪਰ ਸਹੀ ਦਿਸ਼ਾ ਦੀ ਘਾਟ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਬੁਰਾਈਆਂ ਦਾ ਅੰਤ ਯਤਨਾਂ ਨਾਲ ਨਹੀਂ ਬਲਕਿ ਉਨ੍ਹਾਂ ਦੀਆਂ ਜੜ੍ਹਾਂ ਨੂੰ ਖਤਮ ਕਰਨ ਨਾਲ ਹੀ ਸੰਭਵ ਹੈ। ਉਦਾਹਰਨ ਦਿੰਦਿਆਂ ਸਵਾਮੀ ਜੀ ਨੇ ਕਿਹਾ ਕਿ ਜਿਵੇਂ ਇੱਕ ਜੰਗਲੀ ਬੂਟਾ ਉੱਗ ਗਿਆ ਹੋਵੇ ਤੇ ਬੂਟੇ ਨੇ ਵਿਸ਼ਾਲ ਰੁੱਖ ਦਾ ਰੂਪ ਧਾਰਣ ਕਰ ਲਿਆ ਹੋਵੇ ਉਸ ਉੱਤੇ ਫੁੱਲ ਆਏ, ਫਲ ਆਏ ਪਰੰਤੂ ਸਾਰੇ ਦੇ ਸਾਰੇ ਜ਼ਹਿਰੀਲੇ। ਹੁਣ ਜੇ ਅਸੀਂ ਸੋਚੀਏ ਕਿ ਉਸ ਰੁੱਖ ਦੀ ਹੋਂਦ ਨੂੰ ਖਤਮ ਕਰਨ ਦੇ ਬਦਲੇ ਕੇਵਲ ਫਲ ਫੁੱਲ ਅਤੇ ਉਸ ਦੀਆਂ ਟਾਹਣੀਆਂ ਨੂੰ ਹੀ ਨਸ਼ਟ ਕਰ ਦੇਈਏ ਤਾਂ ਉਹ ਰੁੱਖ ਕਦੇ ਨਸ਼ਟ ਨਹੀਂ ਹੋਵੇਗਾ। ਉਹ ਦੁਬਾਰਾ ਫਿਰ ਖੜ੍ਹਾ ਹੋ ਜਾਵੇਗਾ। ਜੇ ਅਸੀਂ ਰੁੱਖ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਚਾਹੁੰਦੇ ਹਾਂ ਤਾਂ ਇਸ ਲਈ ਜ਼ਰੂਰੀ ਹੈ ਕਿ ਅਸੀਂ ਉਸ ਨੂੰ ਜੜ੍ਹੋਂ ਪੁੱਟ ਦੇਈਏ। ਇਸੇ ਤਰ੍ਹਾਂ ਜੇ ਅਸੀਂ ਸਮਾਜ ਤੋਂ ਬੁਰਾਈਆਂ ਨੂੰ ਖਤਮ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਉਸ ਦੀ ਜੜ੍ਹ ਤੱਕ ਜਾਣਾ ਹੋਵੇਗਾ। ਉਸ ਜੜ੍ਹ ਤੱਕ ਪਹੁੰਚਣ ਦਾ ਮਾਧਿਅਮ ਕੇਵਲ ਅਤੇ ਕੇਵਲ ਬ੍ਰਹਮਗਿਆਨ ਹੈ। ਸਵਾਮੀ ਜੀ ਨੇ ਕਿਹਾ ਕਿ ਜਦੋਂ ਮਨੁੱਖ ਨੂੰ ਬ੍ਰਹਮਗਿਆਨ ਦੀ ਪ੍ਰਾਪਤੀ ਹੋਵੇਗੀ ਤਾਂ ਉਸ ਦੀ ਧਿਆਨ ਸਾਧਨਾ ਨਾਲ ਅੰਦਰ ਦੀਆਂ ਸਾਰੀਆਂ ਬੁਰਾਈਆਂ ਖਤਮ ਹੋ ਜਾਣਗੀਆਂ ਅਤੇ ਇੱਕ ਉੱਤਮ ਮਨੁੱਖ ਦਾ ਨਿਰਮਾਣ ਹੋਵੇਗਾ ਜੋ ਇਸ ਸਮਾਜ ਨੂੰ ਅੱਗੇ ਲੈ ਕੇ ਜਾਵੇਗਾ।