
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਦਫ਼ਤਰੀ ਕਾਮਿਆਂ ਨੇ ਕਲਮ ਛੋੜ ਅਤੇ ਕੰਪਿਊਟਰ ਬੰਦ ਹੜਤਾਲ 26 ਤੱਕ ਵਧਾਈ

-ਭਲਕੇ ਕੇਜਰੀਵਾਲ, ਭਗਵੰਤ ਮਾਨ ਤੇ ਸੌਰਭ ਦਾਸ ਕਾਕਰੋਚ ਪਾਰਟੀ ਦੇ ਫੂਕੇ ਜਾਣਗੇ ਪੁਤਲੇ
-27 ਨੂੰ ਕਾਮੇ ਦਫ਼ਤਰਾਂ ਨੂੰ ਲਾਉਣਗੇ ਕੁੰਡੇ
ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ : ਪੰਜਾਬ ਸਰਕਾਰ ਦੇ ਦਫ਼ਤਰੀ ਕਾਮਿਆਂ ਦੀ ਸਿਰਮੌਰ ਜਥੇਬੰਦੀ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੂਨੀਅਨ ਦੀ ਸੂਬਾ ਪੱਧਰੀ ਆਨ ਲਾਈਨ ਮੀਟਿੰਗ ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ ਤੇ ਸੂਬਾ ਜਨਰਲ ਸਕੱਤਰ ਤਰਸੇਮ ਸਿੰਘ ਭੱਠਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਹਾਜ਼ਰ ਸੂਬਾ ਲੀਡਰਸ਼ਿਪ ਵਿਭਾਗੀ ਜਥੇਬੰਦੀਆਂ ਦੇ ਪ੍ਰਧਾਨ ਤੇ ਜਨਰਲ ਸਕੱਤਰ ਤੋਂ ਇਲਾਵਾ ਜਿਲਿਆਂ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਹਾਜ਼ਰ ਹੋਏ। ਮੀਟਿੰਗ ’ਚ 17 ਅਗਸਤ ਤੋਂ ਸ਼ੁਰੂ ਕੀਤੀ ਗਈ ਕਲਮ-ਛੋੜ ਹੜਤਾਲ ਤੇ ਕੰਪਿਊਟਰ ਬੰਦ ਹੜਤਾਲ ਨੂੰ ਰਿਵਿਊ ਕੀਤਾ ਗਿਆ ਤੇ ਅਗਲੀ ਵਿਉਂਤਬੰਦੀ ਲਈ ਵਿਚਾਰ ਲਏ ਗਏ। ਸਮੁੱਚੀ ਲੀਡਰਸ਼ਿਪ ਨੇ ਪਿਛਲੇ ਹਫਤੇ ਤੋਂ ਲਗਾਤਾਰ ਚੱਲ ਰਹੀ ਕਲਮ ਛੋੜ ਹੜਤਾਲ ਅਤੇ ਕੰਪਿਊਟਰ ਬੰਦ ਹੜਤਾਲ ਨੂੰ ਮੁਕੰਮਲ ਕਾਮਯਾਬ ਦੱਸਿਆ ਤੇ ਇਹ ਵੀ ਦੱਸਿਆ ਕਿ ਮੁਲਾਜ਼ਮਾਂ ਦੇ ਵਿੱਚ ਇਸ ਸਮੇਂ ਭਗਵੰਤ ਮਾਨ ਸਰਕਾਰ ਵਿਰੁੱਧ ਬਹੁਤ ਜਿਆਦਾ ਰੋਸ ਪਾਇਆ ਜਾ ਰਿਹਾ ਹੈ। ਉਹ ਗੁੱਸੇ ਨਾਲ ਭਰੇ ਪੀਤੇ ਬੈਠੇ ਹਨ ਅਤੇ ਇਸ ਸਰਕਾਰ ਨੂੰ 2027 ਵਿੱਚ ਚਲਦਾ ਕਰ ਦੇਣ ਲਈ ਉਤਾਵਲੇ ਹਨ। ਸਮੁੱਚੀ ਲੀਡਰਸ਼ਿਪ ਵੱਲੋਂ ਇਸ ਕਲਮ ਛੋੜ ਹੜਤਾਲ ਅਤੇ ਕੰਪਿਊਟਰ ਬੰਦ ਹੜਤਾਲ ਨੂੰ 26 ਅਗਸਤ ਤੱਕ ਵਧਾਉਣ ਤੇ 27 ਅਗਸਤ ਨੂੰ ਸਮੂਹਿਕ ਛੁੱਟੀ ਲੈ ਕੇ ਦਫਤਰਾਂ ਨੂੰ ਕੁੰਡੇ ਲਾਉਣ ਦਾ ਸੁਝਾਅ ਦਿੱਤਾ। ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਕਰੋਚ ਪਾਰਟੀ ਦੇ ਸੌਰਭ ਦਾਸ ਵੱਲੋਂ ਡੀਏ ਸਬੰਧੀ ਦਿੱਤੇ ਗਏ ਫੈਸਲੇ ਤੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਕਾਰਜ ਪ੍ਰਣਾਲੀ ਤੇ ਜੋ ਉਸ ਵੱਲੋਂ ਸਵਾਲ ਚੁੱਕੇ ਹਨ ਤੇ ਉਸ ਨੂੰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਵੱਲੋਂ ਟੈਗ ਕੀਤਾ ਗਿਆ ਹੈ,ਦੀ ਪੁਰਜ਼ੋਰ ਸ਼ਬਦਾਂ ਨਾਲ ਨਿਖੇਧੀ ਕਰਦੇ ਹਾਂ। ਇਸ ਮੌਕੇ ਗੁਰਪ੍ਰੀਤ ਸਿੰਘ ਖਟੜਾ ਸੂਬਾ ਪ੍ਰੈੱਸ ਸਕੱਤਰ ਨੇ ਦੱਸਿਆ ਕਿ ਹੜਤਾਲ ਦੌਰਾਨ 24 ਅਗਸਤ ਨੂੰ ਜ਼ਿਲ੍ਹਾ ਲੀਡਰਸ਼ਿਪ ਵੱਲੋਂ ਵੱਖ ਵੱਖ ਵਿਭਾਗਾਂ ਵਿੱਚ ਜਾ ਕੇ 27 ਅਗਸਤ ਦੇ "ਪੰਜਾਬ ਮਹਾਬੰਦ" ਦੇ ਐਕਸ਼ਨ ਨੂੰ ਸਫਲ ਕਰਨ ਲਈ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਮੋਟੀਵੇਟ ਕੀਤਾ ਜਾਵੇਗਾ। 25 ਅਗਸਤ ਨੂੰ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਮੁਲਾਜ਼ਮ ਵਿਰੋਧੀ ਚਿਹਰੇ ‘ਆਪ’ ਦੇ ਕਨਵੀਨਰ ਕੇਜਰੀਵਾਲ ਤੇ ਕਾਕਰੋਚ ਪਾਰਟੀ ਦੇ ਸੌਰਵ ਦਾਸ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਰੁੱਧ ਰੋਸ ਰੈਲੀ ਕਰਨ ਉਪਰੰਤ ਇਨ੍ਹਾਂ ਦੇ ਪੁਤਲੇ ਲੈ ਕੇ ਰੋਸ ਮਾਰਚ ਕੀਤਾ ਜਾਵੇਗਾ। 26 ਅਗਸਤ ਨੂੰ ਕਲਮ ਛੋੜ ਹੜਤਾਲ ਕਰਕੇ ਦਫਤਰਾਂ ਦੇ ਕੰਮ ਦਾ ਬਾਈਕਾਟ ਕੀਤਾ ਜਾਵੇਗਾ•। ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਪਿਛਲੇ ਦਿਨੀ ਸਰਕਾਰ ਵੱਲੋਂ ਜੋ ਮੁਲਾਜ਼ਮਾਂ ਦੀਆਂ ਤਨਖਾਹਾਂ ਸਬੰਧੀ ਝੂਠਾ ਭਰਮ ਭੁਲੇਖਾ ਆਪਣੇ ਸੋਸ਼ਲ ਮੀਡੀਆ ਵਿੰਗ ਰਾਹੀਂ ਫੈਲਾਇਆ ਗਿਆ ਹੈ। ਉਸ ਦੇ ਜਵਾਬ ਵਿੱਚ ਸੱਚ ਨੂੰ ਦਰਸਾਉਂਦੇ ਅਤੇ ਇਹ ਸੰਘਰਸ਼ ਪੰਜਾਬ ਦੇ ਨੌਜਵਾਨਾਂ ਦੇ ਬੇਹਤਰ ਭਵਿੱਖ ਤੇ ਆਉਣ ਵਾਲੀਆਂ ਪੀੜੀਆਂ ਦੀਆਂ ਮੰਗਾਂ ਨਾਲ ਸਬੰਧਿਤ ਹੋਣ ਸਬੰਧੀ ਪੈਂਫਲਟ ਅਤੇ ਪੋਸਟਰ ਤਿਆਰ ਕਰਕੇ ਦਫਤਰਾਂ ਅਤੇ ਸ਼ਹਿਰਾਂ ਦੀਆਂ ਜਨਤਕ ਥਾਵਾਂ ਤੇ ਲਗਾਏ ਜਾਣਗੇ।
ਇਸ ਤੋਂ ਇਲਾਵਾ ਹੋਰਡਿੰਗ ਵੀ ਲਗਾਏ ਜਾਣਗੇ। ਸੋਸ਼ਲ ਮੀਡੀਏ ਨੂੰ ਹੋਰ ਸਰਗਰਮ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ। 27 ਅਗਸਤ ਨੂੰ ਸਮੁੱਚੇ ਪੰਜਾਬ ਦੇ ਸਰਕਾਰੀ/ ਅਰਧ ਸਰਕਾਰੀ ਦਫਤਰਾਂ ਵਿੱਚ ਕੰਮ ਕਰਦੇ ਦਫਤਰੀ ਕਾਮੇ ਅਤੇ ਇਹਨਾਂ ਨਾਲ ਜੁੜੇ ਭਰਾਤਰੀ ਜਥੇਬੰਦੀਆਂ ਦੇ ਕਾਮੇ ਸਮੂਹਿਕ ਛੁੱਟੀ ਲੈ ਕੇ ਦਫਤਰਾਂ ਨੂੰ ਕੁੰਡੇ ਲਾ ਕੇ ਬੰਦ ਰੱਖਣਗੇ। ਇਸ ਮੌਕੇ ਪੰਜਾਬ ਰਾਜ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਤੇਜਿੰਦਰ ਸਿੰਘ ਨੰਗਲ ਨੇ ਦੱਸਿਆ ਕਿ ਕਲਾਸ ਫੋਰ ਤੋਂ ਲੈ ਕੇ ਡ੍ਰਾਈਵਰਾਂ ਸਮੇਤ ਕਲਾਸ ਵਨ ਤੱਕ ਕਰਮਚਾਰੀਆਂ/ਅਧਿਕਾਰੀਆਂ ਦੀਆਂ ਜਥੇਬੰਦੀਆਂ ਨੇ ਵੀ ਪੰਜਾਬ ਮਹਾਂ ਬੰਦ ਨੂੰ ਆਪਣੀ ਸਹਿਮਤੀ ਦਿੱਤੀ ਹੈ, ਕੁਝ ਨੇ ਸ਼ਮੂਲੀਅਤ ਕਰਨ ਅਤੇ ਸਮਰਥਨ ਕਰਨ ਦਾ ਵੀ ਭਰੋਸਾ ਦਿਵਾਇਆ ਹੈ ਪ੍ਰੰਤੂ ਦਫਤਰੀ ਕਾਮਿਆਂ ਵੱਲੋਂ ਇਸ ਪੰਜਾਬ ਮਹਾਂਬੰਦ ਦੌਰਾਨ ਕਿਸੇ ਵੀ ਦਫਤਰ ਵਿੱਚ ਕਿਸੇ ਵੀ ਕਰਮਚਾਰੀ/ਅਧਿਕਾਰੀ ਜਾਂ ਆਮ ਜਨਤਾ ਨੂੰ ਪ੍ਰਵੇਸ਼ ਨਾ ਕਰਨ ਸਬੰਧੀ ਪਹਿਲਾਂ ਅਪੀਲ ਕੀਤੀ ਜਾਵੇਗੀ। ਅਖੀਰ ਵਿੱਚ ਜਥੇਬੰਦੀ ਨੇ ਪੁਲਿਸ ਪ੍ਰਸ਼ਾਸਨ ਦੇ ਉਹਨਾਂ ਚੋਣਵੇਂ ਅਧਿਕਾਰੀਆਂ ਤੇ ਪੁਲਿਸ ਮੁਲਾਜ਼ਮਾਂ ਨੂੰ ਆਗਾਹ ਕੀਤਾ ਹੈ ਕਿ ਉਹ ਸਰਕਾਰਾਂ ਪਿੱਛੇ ਲੱਗ ਕੇ ਆਪਣੇ ਮੁਲਾਜ਼ਮਾਂ ‘ਤੇ ਜੁਲਮ ਢਾਹੁਣਾ ਬੰਦ ਕਰਨ। ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਹਨ ਅਤੇ ਇਸ ਸਰਕਾਰ ਦਾ ਜਾਣਾ ਵੀ ਸੌ ਫੀਸਦੀ ਤੈਅ ਹੈ ਇਸ ਲਈ ਉਹ ਆਪਣੇ ਹੱਥਾਂ ’ਤ ਫੜੇ ਹਥਿਆਰਾਂ ਤੇ ਡਾਂਗਾਂ ’ਤੇ ਕੰਟਰੋਲ ਕਰਨ ਨਹੀਂ ਤਾਂ ਅਗਲੇ ਐਕਸ਼ਨ ਪੁਲਿਸ ਪ੍ਰਸ਼ਾਸਨ ਵਿਰੁੱਧ ਵੀ ਕੀਤੇ ਜਾਣਗੇ।