ਪੁਰਾਣੀ ਚਾਸ਼ਨੀ ਨਾਲ ਬਣ ਰਹੀ ਸੀ ਮਠਿਆਈ, ਫੂਡ ਸੇਫਟੀ ਟੀਮ ਨੇ 300 ਕਿੱਲੋ ਕੀਤੀ ਜ਼ਬਤ ਪੁਰਾਣੀ ਚਾਸ਼ਨੀ ਨਾਲ ਬਣ ਰਹੀ ਸੀ ਮਿਠਾਈ, ਫੂਡ ਸੇਫਟੀ ਟੀਮ ਨੇ 300 ਕਿਲੋ ਕੀਤੀ ਜ਼ਬਤ
Publish Date: Sat, 22 Aug 2026 08:47 PM (IST)
Updated Date: Sat, 22 Aug 2026 08:48 PM (IST)
ਸਟੀਵਨ ਗੁਪਤਾ, ਪੰਜਾਬੀ ਜਾਗਰਣ ਲੁਧਿਆਣਾ : ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਲੁਧਿਆਣਾ ਵਿੱਚ ਮਠਿਆਈਆਂ ਦੀ ਗੁਣਵੱਤਾ ਨੂੰ ਲੈ ਕੇ ਫੂਡ ਸੇਫਟੀ ਵਿਭਾਗ ਨੇ ਕਾਰਵਾਈ ਤੇਜ਼ ਕਰ ਦਿੱਤੀ ਹੈ। ਜੱਸੀਆਂ ਰੋਡ ਸਥਿਤ ਨਿਊ ਗੁਰਨਾਮ ਨਗਰ ਵਿੱਚ ਵਿਭਾਗ ਦੀ ਟੀਮ ਨੇ ਇੱਕ ਘਰ ਵਿੱਚ ਛਾਪੇਮਾਰੀ ਕਰਕੇ ਕਰੀਬ 300 ਕਿੱਲੋ ਵੱਖ-ਵੱਖ ਕਿਸਮਾਂ ਦੀ ਮਠਿਆਈ ਬਰਾਮਦ ਕੀਤੀ। ਵਿਭਾਗ ਨੂੰ ਮਿਲੀ ਸੂਚਨਾ ਮੁਤਾਬਕ ਇੱਥੇ ਵੱਖ-ਵੱਖ ਮਠਿਆਈਆਂ ਦੀਆਂ ਦੁਕਾਨਾਂ ਤੋਂ ਪਹਿਲਾਂ ਵਰਤੀ ਜਾ ਚੁੱਕੀ ਚਾਸ਼ਨੀ ਖਰੀਦ ਕੇ ਉਸ ਦੀ ਮੁੜ ਵਰਤੋਂ ਨਾਲ ਮਠਿਆਈਆਂ ਤਿਆਰ ਕੀਤੀਆਂ ਜਾ ਰਹੀਆਂ ਸਨ। ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਗਈ ਕਾਰਵਾਈ ਦੌਰਾਨ ਫੂਡ ਸੇਫਟੀ ਟੀਮ ਨੇ ਮੌਕੇ ਦੀ ਜਾਂਚ ਕੀਤੀ। ਜਾਂਚ ਦੌਰਾਨ ਵੱਡੀ ਮਾਤਰਾ ਵਿੱਚ ਤਿਆਰ ਮਠਿਆਈ ਮਿਲਣ ’ਤੇ ਉਸ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ। ਟੀਮ ਵੱਲੋਂ ਮਠਿਆਈ ਦੇ ਤਿੰਨ ਸੈਂਪਲ ਜਾਂਚ ਲਈ ਲਏ ਗਏ ਹਨ। ਇਸ ਦੇ ਨਾਲ ਹੀ ਕਰੀਬ 300 ਕਿੱਲੋ ਮਠਿਆਈ ਨੂੰ ਨਿਰਧਾਰਤ ਫੂਡ ਸੇਫਟੀ ਪ੍ਰਕਿਰਿਆ ਤਹਿਤ ਨਸ਼ਟ ਕਰ ਦਿੱਤਾ ਗਿਆ, ਤਾਂ ਜੋ ਇਹ ਮਠਿਆਈ ਬਾਜ਼ਾਰ ਰਾਹੀਂ ਲੋਕਾਂ ਤੱਕ ਨਾ ਪਹੁੰਚ ਸਕੇ। ਵਿਭਾਗੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਸਬੰਧਤ ਵਿਅਕਤੀ ਵੱਲੋਂ ਵੱਖ-ਵੱਖ ਮਠਿਆਈ ਵਿਕ੍ਰੇਤਾਵਾਂ ਤੋਂ ਪਹਿਲਾਂ ਵਰਤੀ ਜਾ ਚੁੱਕੀ ਚਾਸ਼ਨੀ ਖਰੀਦ ਕੇ ਇਸ ਨੂੰ ਦੁਬਾਰਾ ਮਠਿਆਈਆਂ ਤਿਆਰ ਕਰਨ ਲਈ ਵਰਤਿਆ ਜਾ ਰਿਹਾ ਸੀ। ਫੂਡ ਸੇਫਟੀ ਵਿਭਾਗ ਨੇ ਇਸ ਤਰੀਕੇ ਨੂੰ ਗੰਭੀਰ ਮਾਮਲਾ ਮੰਨਦਿਆਂ ਮੌਕੇ ’ਤੇ ਖਾਣ-ਪੀਣ ਵਾਲੀਆਂ ਵਸਤਾਂ ਦੀ ਤਿਆਰੀ ਅਤੇ ਸਟੋਰੇਜ ਦੇ ਹਾਲਾਤ ਦੀ ਵੀ ਜਾਂਚ ਕੀਤੀ। ਹਾਲਾਤ ਠੀਕ ਨਾ ਪਾਏ ਜਾਣ ’ਤੇ ਵਿਭਾਗ ਵੱਲੋਂ ਚਲਾਨ ਜਾਰੀ ਕੀਤਾ ਗਿਆ। ਜ਼ਿਲ੍ਹਾ ਸਿਹਤ ਅਫ਼ਸਰ ਡਾ. ਆਸ਼ੀਸ਼ ਚਾਵਲਾ ਨੇ ਦੱਸਿਆ ਕਿ ਮੌਕੇ ਤੋਂ ਲਏ ਗਏ ਤਿੰਨ ਸੈਂਪਲਾਂ ਨੂੰ ਜਾਂਚ ਲਈ ਭੇਜਿਆ ਜਾ ਰਿਹਾ ਹੈ। ਸੈਂਪਲਾਂ ਦੀ ਰਿਪੋਰਟ ਮਿਲਣ ਤੋਂ ਬਾਅਦ ਮਾਮਲੇ ਵਿੱਚ ਨਿਯਮਾਂ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਖਾਣ-ਪੀਣ ਵਾਲੀਆਂ ਵਸਤਾਂ ਦੀ ਗੁਣਵੱਤਾ ਅਤੇ ਸਫਾਈ ਨਾਲ ਸਮਝੌਤਾ ਕਰਨ ਵਾਲਿਆਂ ਖ਼ਿਲਾਫ਼ ਲਾਗੂ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।