ਗੰਦਾ ਪਾਣੀ ਪੀਣ ਲਈ ਮਜਬੂਰ ਹੋਏ ਵਾਰਡ ਨੰਬਰ 2 ਦੇ ਵਾਸੀ
ਗੰਦਾ ਪਾਣੀ ਪੀਣ ਲਈ ਮਜਬੂਰ ਹੋਏ ਵਾਰਡ ਨੰਬਰ ਦੋ ਦੇ ਵਾਸੀ
Publish Date: Sat, 22 Aug 2026 08:10 PM (IST)
Updated Date: Sat, 22 Aug 2026 08:12 PM (IST)
ਜਸਦੀਪ ਵਰਤੀਆ, ਪੰਜਾਬੀ ਜਾਗਰਣ ਲੁਧਿਆਣਾ : ਹਲਕਾ ਲੁਧਿਆਣਾ ਉੱਤਰੀ ਵਿੱਚ ਵਿਕਾਸ ਦੇ ਦਾਅਵਿਆਂ ਦੀ ਉਸ ਸਮੇਂ ਪੋਲ ਖੁੱਲ੍ਹਦੀ ਨਜ਼ਰ ਆਈ, ਜਦੋਂ ਰਵਿੰਦਰ ਨਗਰ ਵਾਰਡ ਨੰਬਰ 2 ਦੀ ਮਸਜਿਦ ਵਾਲੀ ਗਲੀ ਵਿੱਚ ਲੋਕ ਗੰਦੇ ਪਾਣੀ ਦੀ ਗੰਭੀਰ ਸਮੱਸਿਆ ਨਾਲ ਜੂਝਦੇ ਨਜ਼ਰ ਆਏ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਇੱਥੇ ਲੱਗੇ ਪਾਣੀ ਦੇ ਪੰਪ ਵਿੱਚ ਸੀਵਰੇਜ ਦਾ ਗੰਦਾ ਪਾਣੀ ਜਾ ਰਿਹਾ ਹੈ ਅਤੇ ਬਾਅਦ ਵਿੱਚ ਇਹੀ ਪਾਣੀ ਘਰਾਂ ਵਿੱਚ ਸਪਲਾਈ ਹੋ ਰਿਹਾ ਹੈ। ਇਲਾਕਾ ਨਿਵਾਸੀਆਂ ਅਨੁਸਾਰ ਪਾਣੀ ਦੀ ਹਾਲਤ ਇੰਨੀ ਮਾੜੀ ਹੈ ਕਿ ਘਰਾਂ ਵਿੱਚ ਬਣੇ ਸਟੋਰੇਜ ਟੈਂਕਾਂ ਵਿੱਚ ਵੀ ਦੂਸ਼ਿਤ ਪਾਣੀ ਪਹੁੰਚ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਨਹਾਉਣ ਅਤੇ ਰੋਜ਼ਾਨਾ ਵਰਤੋਂ ਲਈ ਵਰਤਿਆ ਜਾਣ ਵਾਲਾ ਪਾਣੀ ਵੀ ਗੰਦਾ ਹੋਣ ਕਾਰਨ ਉਨਾਂ ਨੂੰ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁਹੱਲਾ ਨਿਵਾਸੀ ਰਾਮ ਸੁਰਜੀਤ ਨੇ ਕਿਹਾ ਕਿ ਲੋਕਾਂ ਨੂੰ ਸਾਫ਼ ਪਾਣੀ ਮੁਹੱਈਆ ਸਬੰਧਤ ਵਿਭਾਗਾਂ ਦੀ ਮੁੱਢਲੀ ਜ਼ਿੰਮੇਵਾਰੀ ਹੈ। ਜੇਕਰ ਸੀਵਰੇਜ ਦਾ ਪਾਣੀ ਵਾਟਰ ਸਪਲਾਈ ਵਿੱਚ ਮਿਲ ਰਿਹਾ ਹੈ ਤਾਂ ਇਹ ਬਹੁਤ ਗੰਭੀਰ ਮਾਮਲਾ ਹੈ ਅਤੇ ਇਸ ਨੂੰ ਸਿਰਫ਼ ਆਮ ਸ਼ਿਕਾਇਤ ਸਮਝ ਕੇ ਅਣਦੇਖਾ ਨਹੀਂ ਕੀਤਾ ਜਾ ਸਕਦਾ।