ਸਟੀਲ ਦੀਆਂ ਕੀਮਤਾਂ ’ਚ ਬੇਤਹਾਸ਼ਾ ਵਾਧੇ ਤੋਂ ਸਨਅਤਕਾਰ ਪਰੇਸ਼ਾਨ ਅਹਿਮ ਖ਼ਬਰ-ਸਟੀਲ ਦੀਆਂ ਕੀਮਤਾਂ ’ਚ ਬੇਤਹਾਸ਼ਾ ਵਾਧੇ ਤੋਂ ਉਦਯੋਗ ਪ੍ਰੇਸ਼ਾਨ
Publish Date: Sat, 22 Aug 2026 07:36 PM (IST)
Updated Date: Sat, 22 Aug 2026 07:39 PM (IST)
ਫਿਕੋ ਨੇ ਕੇਂਦਰ ਤੋਂ ਰੈਗੂਲੇਟਰੀ ਬਾਡੀ ਦੀ ਕੀਤੀ ਮੰਗ ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ : ਸਟੀਲ ਦੀਆਂ ਕੀਮਤਾਂ ਵਿੱਚ ਪਿਛਲੇ ਕੁਝ ਦਿਨਾਂ ਦੌਰਾਨ ਹੋਏ ਤੇਜ਼ ਵਾਧੇ ਦਾ ਫੈਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨ (ਫਿਕੋ) ਨੇ ਸਖ਼ਤ ਵਿਰੋਧ ਕੀਤਾ ਹੈ। ਫਿਕੋ ਨੇ ਕੇਂਦਰ ਸਰਕਾਰ ਤੋਂ ਸਟੀਲ ਦੀਆਂ ਕੀਮਤਾਂ ਦੀ ਨਿਗਰਾਨੀ ਅਤੇ ਨਿਯਮਨ ਲਈ ਤੁਰੰਤ ਰੈਗੂਲੇਟਰੀ ਕਮੇਟੀ ਜਾਂ ਬਾਡੀ ਬਣਾਉਣ ਦੀ ਮੰਗ ਕੀਤੀ ਹੈ। ਫਿਕੋ ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਚਦੇਵਾ ਨੇ ਕੇਂਦਰੀ ਸਟੀਲ ਮੰਤਰੀ ਐੱਚਡੀ ਕੁਮਾਰਸਵਾਮੀ ਨੂੰ ਨਿੱਜੀ ਤੌਰ ’ਤੇ ਦਖਲ ਦੇ ਕੇ ਮਾਮਲੇ ਦਾ ਜਲਦ ਹੱਲ ਕਰਨ ਦੀ ਅਪੀਲ ਕੀਤੀ ਹੈ। ਫਿਕੋ ਆਗੂਆਂ ਮੁਤਾਬਕ ਪਿਛਲੇ 15 ਦਿਨਾਂ ਵਿੱਚ ਸਟੀਲ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਹੈ, ਜਿਸ ਦਾ ਸਿੱਧਾ ਅਸਰ ਐਮਐਸਐਮਈ ਸੈਕਟਰ ’ਤੇ ਪੈ ਰਿਹਾ ਹੈ। ਫਿਕੋ ਨੇ ਕਿਹਾ ਕਿ ਕਈ ਉਦਯੋਗ ਪਹਿਲਾਂ ਤੈਅ ਹੋਈਆਂ ਕੀਮਤਾਂ ’ਤੇ ਮਿਲੇ ਆਰਡਰ ਪੂਰੇ ਕਰ ਰਹੇ ਹਨ, ਪਰ ਉਨ੍ਹਾਂ ਨੂੰ ਹੁਣ ਸਟੀਲ ਅਤੇ ਲੋਹਾ ਕਾਫ਼ੀ ਮਹਿੰਗੇ ਭਾਅ ’ਤੇ ਖਰੀਦਣਾ ਪੈ ਰਿਹਾ ਹੈ। ਇਸ ਕਾਰਨ ਉਤਪਾਦਨ ਲਾਗਤ ਵਿੱਚ ਵਾਧਾ ਹੋ ਰਿਹਾ ਹੈ ਅਤੇ ਉਦਯੋਗਾਂ ਦੇ ਮੁਨਾਫ਼ੇ ’ਤੇ ਭਾਰੀ ਦਬਾਅ ਪੈ ਰਿਹਾ ਹੈ। ਫਿਕੋ ਦਾ ਕਹਿਣਾ ਹੈ ਕਿ ਸਟੀਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਭਾਰਤੀ ਨਿਰਮਾਤਾਵਾਂ ਦੀ ਅੰਤਰਰਾਸ਼ਟਰੀ ਮੁਕਾਬਲੇਬਾਜ਼ੀ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ। ਉਦਯੋਗਿਕ ਜਥੇਬੰਦੀ ਨੇ ਕਿਹਾ ਕਿ ਭਾਰਤ ਵਿੱਚ ਲੋਹੇ ਦਾ ਕੱਚਾ ਮਾਲ ਵੱਡੀ ਮਾਤਰਾ ਵਿੱਚ ਉਪਲਬਧ ਹੋਣ ਦੇ ਬਾਵਜੂਦ ਸਟੀਲ ਦੀਆਂ ਕੀਮਤਾਂ ਵਿੱਚ ਵਾਰ-ਵਾਰ ਅਤੇ ਵੱਡਾ ਵਾਧਾ ਚਿੰਤਾ ਦਾ ਵਿਸ਼ਾ ਹੈ। ਇਸ ਦੀ ਸਰਕਾਰ ਵੱਲੋਂ ਗੰਭੀਰ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਸਟੀਲ ਦੀਆਂ ਕੀਮਤਾਂ ਨੂੰ ਇੱਕ ਉਚਿਤ ਰੈਗੂਲੇਟਰੀ ਬਾਡੀ ਰਾਹੀਂ ਨਿਯਮਤ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਐਮਐਸਐਮਈ ਖੇਤਰ ਨੂੰ ਬਚਾਇਆ ਜਾ ਸਕੇ। ਕੀਮਤਾਂ ਵਿੱਚ ਲਗਾਤਾਰ ਵਾਧੇ ਕਾਰਨ ਉਦਯੋਗਾਂ ਲਈ ਕੰਮ ਕਰਨਾ ਬਹੁਤ ਮੁਸ਼ਕਲ ਹੋ ਰਿਹਾ ਹੈ। ਚੀਨ ਤੇ ਤਾਈਵਾਨ ਨਾਲ ਮੁਕਾਬਲੇ ਲਈ ਵਾਜਬ ਕੀਮਤਾਂ ਜ਼ਰੂਰੀ ਫਿਕੋ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਟੀਲ ਦੀਆਂ ਕੀਮਤਾਂ ਦੀ ਨਿਗਰਾਨੀ, ਪਾਰਦਰਸ਼ਤਾ ਅਤੇ ਕੀਮਤਾਂ ਨੂੰ ਤਰਕਸੰਗਤ ਬਣਾਉਣ ਲਈ ਤੁਰੰਤ ਇੱਕ ਵਿਸ਼ੇਸ਼ ਕਮੇਟੀ ਜਾਂ ਰੈਗੂਲੇਟਰੀ ਬਾਡੀ ਕਾਇਮ ਕੀਤੀ ਜਾਵੇ। ਜਥੇਬੰਦੀ ਮੁਤਾਬਕ ਇਸ ਨਾਲ ਭਾਰਤੀ ਨਿਰਮਾਤਾਵਾਂ ਨੂੰ ਵਾਜਬ ਅਤੇ ਮੁਕਾਬਲੇਯੋਗ ਕੀਮਤਾਂ ’ਤੇ ਉਤਪਾਦ ਤਿਆਰ ਕਰਨ ਵਿੱਚ ਮਦਦ ਮਿਲੇਗੀ। ਫਿਕੋ ਨੇ ਕਿਹਾ ਕਿ ਵਾਜਬ ਸਟੀਲ ਕੀਮਤਾਂ ਭਾਰਤੀ ਉਦਯੋਗਾਂ ਦੀ ਮਜ਼ਬੂਤੀ ਲਈ ਬਹੁਤ ਜ਼ਰੂਰੀ ਹਨ। ਇਸ ਨਾਲ ਦੇਸ਼ ਦੇ ਨਿਰਮਾਤਾ ਚੀਨ, ਤਾਈਵਾਨ ਅਤੇ ਹੋਰ ਨਿਰਮਾਣਕਾਰੀ ਦੇਸ਼ਾਂ ਨਾਲ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕਰ ਸਕਣਗੇ।