‘ਅਣਡਿੱਠਾ ਅਣਸੁਣਿਆ ਜਸਵਿੰਦਰ ਭੱਲਾ’ ਪੁਸਤਕ ’ਤੇ ਚਰਚਾ ਜਸਵਿੰਦਰ ਭੱਲਾ ਦੀ ਪਹਿਲੀ ਬਰਸੀ ਮੌਕੇ ‘ਅਣਡਿੱਠਾ ਅਣਸੁਣਿਆ ਜਸਵਿੰਦਰ ਭੱਲਾ’ ਪੁਸਤਕ ’ਤੇ ਚਰਚਾ
Publish Date: Sat, 22 Aug 2026 07:31 PM (IST)
Updated Date: Sat, 22 Aug 2026 07:33 PM (IST)
ਜਸਵਿੰਦਰ ਭੱਲਾ ਨੂੰ ਪਹਿਲੀ ਬਰਸੀ ਮੌਕੇ ਕੀਤਾ ਗਿਆ ਯਾਦ ਭਾਵੁਕ ਹੋਏ ਆਸਟ੍ਰੇਲੀਆ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਡਾ. ਭੱਲਾ ਦੇ ਨੇੜਲੇ ਸਾਥੀ ਪ੍ਰਭਜੋਤ ਸਿੰਘ ਸੰਧੂ ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ : ਪੰਜਾਬੀ ਫਿਲਮਾਂ ਦੇ ਮੰਨੇ-ਪ੍ਰਮੰਨੇ ਹਾਸਰਸ ਕਲਾਕਾਰ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਅਧਿਆਪਕ ਡਾ. ਜਸਵਿੰਦਰ ਭੱਲਾ ਦੀ ਪਹਿਲੀ ਬਰਸੀ ਮੌਕੇ ਉਨ੍ਹਾਂ ਦੇ ਸੰਗੀ-ਸਾਥੀਆਂ, ਸਹਿਕਰਮੀਆਂ ਅਤੇ ਵਿਦਿਆਰਥੀਆਂ ਵੱਲੋਂ ਉਨ੍ਹਾਂ ਦੀ ਕਰਮਭੂਮੀ ਨੂੰ ਸਿਜਦਾ ਕਰਦਿਆਂ ਉਨ੍ਹਾਂ ਨੂੰ ਯਾਦ ਕੀਤਾ ਗਿਆ। ਇਸ ਮੌਕੇ ਪੀਏਯੂ ਵਿੱਚ ਇੱਕ ਯਾਦਗਾਰੀ ਬੈਠਕ ਕਰਵਾਈ ਗਈ, ਜਿਸ ਦੌਰਾਨ ਡਾ. ਭੱਲਾ ਦੀ ਜ਼ਿੰਦਗੀ, ਕਲਾ ਅਤੇ ਅਧਿਆਪਨ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ ਗਈਆਂ। ਆਸਟ੍ਰੇਲੀਆ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਡਾ. ਭੱਲਾ ਦੇ ਨੇੜਲੇ ਸਾਥੀ ਪ੍ਰਭਜੋਤ ਸਿੰਘ ਸੰਧੂ ਨੇ ਭਾਵੁਕ ਹੁੰਦਿਆਂ ਕਿਹਾ ਕਿ ‘ਸਾਡਾ ਭੱਲਾ’ ਇਸ ਯੂਨੀਵਰਸਿਟੀ ਦੇ ਨਾਲ-ਨਾਲ ਦੁਨੀਆ ਭਰ ਦੇ ਪੰਜਾਬੀਆਂ ਦਾ ਹਰਮਨ-ਪਿਆਰਾ ਕਲਾਕਾਰ ਸੀ। ਉਨ੍ਹਾਂ ਕਿਹਾ ਕਿ ਡਾ. ਭੱਲਾ ਆਪਣੀ ਕਲਾ ਰਾਹੀਂ ਹਮੇਸ਼ਾ ਪੰਜਾਬੀਆਂ ਦੇ ਚੇਤਿਆਂ ਵਿੱਚ ਜਿਉਂਦੇ ਰਹਿਣਗੇ। ਉਨ੍ਹਾਂ ਕਿਹਾ ਕਿ ਅਜੇ ਕੱਲ੍ਹ ਦੀਆਂ ਗੱਲਾਂ ਲੱਗਦੀਆਂ ਹਨ ਜਦੋਂ ਉਹ ਇੱਥੇ ਪੜ੍ਹਦੇ ਹੁੰਦੇ ਸਨ ਅਤੇ ਅੱਜ ਵੀ ਇਸ ਮਿੱਟੀ ਦੀ ਖੁਸ਼ਬੂ ਮਹਿਸੂਸ ਹੁੰਦੀ ਹੈ, ਜਿਸ ਨੇ ਜਸਵਿੰਦਰ ਭੱਲਾ ਵਰਗੇ ਕਲਾਕਾਰ ਪੈਦਾ ਕੀਤੇ। ਉੱਘੇ ਰੰਗਕਰਮੀ ਅਤੇ ਲੇਖਕ ਡਾ. ਨਿਰਮਲ ਜੌੜਾ ਨੇ ਕਿਹਾ ਕਿ ਭੱਲਾ ਜ਼ਿੰਦਗੀ ਦੇ ਸ਼ਾਹ-ਅਸਵਾਰ ਸ਼ਖ਼ਸ ਸਨ। ਉਹ ਬਿਹਤਰੀਨ ਕਲਾਕਾਰ ਹੋਣ ਦੇ ਨਾਲ-ਨਾਲ ਇੱਕ ਸਫਲ ਅਧਿਆਪਕ ਵੀ ਸਨ, ਜਿਨ੍ਹਾਂ ਨੇ ਹਜ਼ਾਰਾਂ ਵਿਦਿਆਰਥੀਆਂ ਦਾ ਮਾਰਗਦਰਸ਼ਨ ਕੀਤਾ। ਡਾ. ਜੌੜਾ ਨੇ ਵਿਦਿਆਰਥੀ ਵਜੋਂ ਡਾ. ਭੱਲਾ ਨਾਲ ਜੁੜੀਆਂ ਆਪਣੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ। ਇਸ ਮੌਕੇ ਉੱਘੇ ਸ਼ਾਇਰ ਸਤੀਸ਼ ਗੁਲਾਟੀ ਨੇ ਚੇਤਨਾ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਡਾ. ਭੱਲਾ ਦੇ ਜੀਵਨ ਨਾਲ ਸਬੰਧਤ ਪੁਸਤਕ ‘ਅਣਡਿੱਠਾ ਅਣਸੁਣਿਆ ਜਸਵਿੰਦਰ ਭੱਲਾ’ ਬਾਰੇ ਜਾਣਕਾਰੀ ਦਿੱਤੀ। ਇਹ ਪੁਸਤਕ ਬਾਲ ਮੁਕੰਦ ਸ਼ਰਮਾ ਅਤੇ ਪਾਲੀ ਭੁਪਿੰਦਰ ਸਿੰਘ ਵੱਲੋਂ ਲਿਖੀ ਗਈ ਹੈ। ਸਤੀਸ਼ ਗੁਲਾਟੀ ਨੇ ਦੱਸਿਆ ਕਿ ਪੁਸਤਕ ਵਿੱਚ ਜਸਵਿੰਦਰ ਭੱਲਾ ਦੀ ਜੀਵਨ ਯਾਤਰਾ ਦੇ ਨਾਲ-ਨਾਲ ਉਨ੍ਹਾਂ ਦੇ ਮਿੱਤਰਾਂ ਅਤੇ ਪਿਆਰਿਆਂ ’ਤੇ ਪਏ ਉਨ੍ਹਾਂ ਦੇ ਪ੍ਰਭਾਵ ਨੂੰ ਵੀ ਦਰਜ ਕੀਤਾ ਗਿਆ ਹੈ। ਸੱਭਿਆਚਾਰਕ ਸੱਥ ਪੰਜਾਬ ਦੇ ਚੇਅਰਮੈਨ ਜਸਮੇਰ ਸਿੰਘ ਢੱਟ ਨੇ ਕਿਹਾ ਕਿ ‘ਮਿਸ ਵਰਡ ਪੰਜਾਬਣ’ ਪ੍ਰੋਗਰਾਮ ਦੀ ਸਫਲਤਾ ਵਿੱਚ ਡਾ. ਜਸਵਿੰਦਰ ਭੱਲਾ ਦਾ ਅਹਿਮ ਯੋਗਦਾਨ ਰਿਹਾ। ਉਨ੍ਹਾਂ ਕਿਹਾ ਕਿ ਡਾ. ਭੱਲਾ ਦੀ ਕਾਮੇਡੀ ਹਮੇਸ਼ਾ ਉਸਾਰੂ ਰਹੀ, ਜਿਸ ਕਾਰਨ ਉਹ ਪਰਿਵਾਰਕ ਪ੍ਰੋਗਰਾਮਾਂ ਦੀ ਸ਼ਾਨ ਬਣੇ ਰਹੇ। ਉੱਘੇ ਸਿੱਖਿਆ ਸ਼ਾਸਤਰੀ ਅਤੇ ਸਾਬਕਾ ਜ਼ਿਲ੍ਹਾ ਸਿੱਖਿਆ ਅਫਸਰ ਜਸਵਿੰਦਰ ਵਿਰਕ ਨੇ ਕਿਹਾ ਕਿ ਜਸਵਿੰਦਰ ਭੱਲਾ ਦੇ ਪਿਤਾ ਬਹਾਦਰ ਸਿੰਘ ਭੱਲਾ ਅਤੇ ਮਾਤਾ ਜੀ ਅਧਿਆਪਨ ਦੇ ਕਿੱਤੇ ਨਾਲ ਜੁੜੇ ਹੋਏ ਸਨ। ਇਸ ਕਰਕੇ ਡਾ. ਭੱਲਾ ਨੂੰ ਘਰੋਂ ਹੀ ਚੰਗੀ ਸਿੱਖਿਆ ਅਤੇ ਸਮਾਜਕ ਕਦਰਾਂ-ਕੀਮਤਾਂ ਦੀ ਸਮਝ ਮਿਲੀ। ਉਨ੍ਹਾਂ ਕਿਹਾ ਕਿ ਇਹੀ ਸੰਸਕਾਰ ਉਨ੍ਹਾਂ ਦੀ ਸ਼ਖ਼ਸੀਅਤ ਅਤੇ ਕਲਾ ਵਿੱਚ ਵੀ ਨਜ਼ਰ ਆਉਂਦੇ ਸਨ। ਯਾਦਗਾਰੀ ਬੈਠਕ ਵਿੱਚ ਡਾ. ਜਸਵਿੰਦਰ ਭੱਲਾ ਦੇ ਕਈ ਪੁਰਾਣੇ ਸਾਥੀ, ਸਹਿਕਰਮੀ ਅਤੇ ਵਿਦਿਆਰਥੀ ਸ਼ਾਮਲ ਹੋਏ। ਬੁਲਾਰਿਆਂ ਨੇ ਕਿਹਾ ਕਿ ਡਾ. ਭੱਲਾ ਦੀ ਕਲਾ, ਅਧਿਆਪਨ ਅਤੇ ਸਾਦਗੀ ਭਰੀ ਸ਼ਖ਼ਸੀਅਤ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਦਾ ਸਰੋਤ ਬਣੀ ਰਹੇਗੀ।