ਆਪ ਸਰਕਾਰ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ ਅਹਿਮ ਖ਼ਬਰ-ਆਪ ਸਰਕਾਰ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ
Publish Date: Sat, 22 Aug 2026 06:28 PM (IST)
Updated Date: Sat, 22 Aug 2026 06:33 PM (IST)
ਨੀਂਹ ਪੱਥਰ ਤੋਂ ਅੱਗੇ ਨਹੀਂ ਵਧਿਆ ਗਿੱਲ ਨਹਿਰ ਕੰਢੇ ਪਾਰਕ ਦਾ ਕੰਮ ਤਿੰਨ ਸਾਲ ਬਾਅਦ ਵੀ ਕੂੜੇ ਦਾ ਡੰਪ ਜਿਉਂ ਦਾ ਤਿਉਂ ਰੀਨਾ ਜੈਨ ਨੇ ‘ਆਪ’ ਸਰਕਾਰ ’ਤੇ ਕੱਸਿਆ ਤਨਜ ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ ਲੁਧਿਆਣਾ : ਭਾਜਪਾ ਕਾਰਜਕਾਰਨੀ ਮੈਂਬਰ ਰੀਨਾ ਗੋਇਲ ਜੈਨ ਨੇ ਸੂਬੇ ਦੀ ‘ਆਪ’ ਸਰਕਾਰ ’ਤੇ ਵਿਕਾਸ ਦੇ ਨਾਂ ’ਤੇ ਵੱਡੇ-ਵੱਡੇ ਫਲੈਕਸ ਬੋਰਡ ਲਗਾ ਕੇ ਵਾਹੋਵਾਹੀ ਖੱਟਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਦਾਅਵਿਆਂ ਅਤੇ ਜ਼ਮੀਨੀ ਹਕੀਕਤ ਵਿਚਲਾ ਫਰਕ ਲੁਧਿਆਣਾ ਦੀਆਂ ਸੜਕਾਂ, ਗਲੀਆਂ ਅਤੇ ਅਧੂਰੇ ਪ੍ਰੋਜੈਕਟਾਂ ਤੋਂ ਸਾਫ਼ ਨਜ਼ਰ ਆ ਰਿਹਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੀਨਾ ਜੈਨ ਨੇ ਗਿੱਲ ਰੋਡ ਨਹਿਰ ਦੇ ਕਿਨਾਰੇ ਲੰਮੇ ਸਮੇਂ ਤੋਂ ਬਣੇ ਕੂੜੇ ਦੇ ਡੰਪ ਦੀ ਥਾਂ ਸੁੰਦਰ ਪਾਰਕ ਬਣਾਉਣ ਦੇ ਪ੍ਰੋਜੈਕਟ ਦਾ ਮਾਮਲਾ ਉਠਾਇਆ। ਉਨ੍ਹਾਂ ਕਿਹਾ ਕਿ 26 ਦਸੰਬਰ 2023 ਨੂੰ ਇੱਥੇ ਪਾਰਕ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਪਰ ਕਰੀਬ ਤਿੰਨ ਸਾਲ ਬੀਤਣ ਦੇ ਬਾਵਜੂਦ ਕੰਮ ਨੀਂਹ ਪੱਥਰ ਤੋਂ ਅੱਗੇ ਨਹੀਂ ਵਧਿਆ। ਉਨ੍ਹਾਂ ਤਨਜ ਕੱਸਦਿਆਂ ਕਿਹਾ ਕਿ ਮੌਜੂਦਾ ਹਾਲਾਤ ਦੇਖ ਕੇ ਸਿਆਣਿਆਂ ਦੀ ਕਹਾਵਤ ‘ਸਿਆਣੇ ਦਾ ਕਿਹਾ ਸਿਰ ਮੱਥੇ, ਪਰ ਪਰਨਾਲਾ ਉੱਥੇ ਦਾ ਉੱਥੇ’ ਬਿਲਕੁਲ ਢੁੱਕਵੀਂ ਬੈਠਦੀ ਹੈ। ਜੇ ਨੀਂਹ ਪੱਥਰ ਰੱਖਣ ਤੋਂ ਬਾਅਦ ਵੀ ਲੋਕਾਂ ਨੂੰ ਉਸੇ ਥਾਂ ’ਤੇ ਗੰਦਗੀ ਦੇ ਢੇਰਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਵਿਕਾਸ ਦੇ ਦਾਅਵਿਆਂ ਦੀ ਅਸਲ ਤਸਵੀਰ ਖੁਦ ਸਾਹਮਣੇ ਆ ਜਾਂਦੀ ਹੈ। ਰੀਨਾ ਜੈਨ ਨੇ ਆਤਮ ਨਗਰ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੂੰ ਅਪੀਲ ਕੀਤੀ ਕਿ ਵਿਕਾਸ ਕਾਰਜਾਂ ਦੇ ਪੱਥਰਾਂ ’ਤੇ ਨਾਮ ਲਿਖਵਾਉਣ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਦੇ ਹੱਲ ਵੱਲ ਧਿਆਨ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਲੋਕ ਹੁਣ ਐਲਾਨਾਂ ਅਤੇ ਇਸ਼ਤਿਹਾਰਾਂ ਨਾਲ ਸੰਤੁਸ਼ਟ ਹੋਣ ਵਾਲੇ ਨਹੀਂ ਹਨ, ਸਗੋਂ ਉਹ ਜ਼ਮੀਨੀ ਪੱਧਰ ’ਤੇ ਹੋਏ ਕੰਮ ਦਾ ਹਿਸਾਬ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵੱਡੇ-ਵੱਡੇ ਦਾਅਵਿਆਂ ਦੀ ਨਹੀਂ, ਸਾਫ਼-ਸੁਥਰੇ ਸ਼ਹਿਰ, ਬਿਹਤਰ ਬੁਨਿਆਦੀ ਸਹੂਲਤਾਂ ਅਤੇ ਸਮੇਂ ਸਿਰ ਮੁਕੰਮਲ ਹੋਣ ਵਾਲੇ ਵਿਕਾਸ ਕਾਰਜਾਂ ਦੀ ਲੋੜ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ ਲਗਾਤਾਰ ਜਾਗਰੂਕ ਹੋ ਰਹੇ ਹਨ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਉਹ ਆਪਣੇ ਹੱਕ ਦਾ ਫੈਸਲਾ ਖੁਦ ਕਰਨਗੇ। ਰੀਨਾ ਜੈਨ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਭਾਜਪਾ ਦਾ ਝੰਡਾ ਹੋਰ ਬੁਲੰਦ ਹੋਵੇਗਾ। ਇਸ ਮੌਕੇ ਭਾਜਪਾ ਦੇ ਨੌਜਵਾਨ ਆਗੂ ਅਮਨ ਸੈਣੀ ਵੀ ਮੌਜੂਦ ਸਨ।