
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਹਾੜੀ ਸਬੰਧੀ ਖੋਜ ਅਤੇ ਪਸਾਰ ਮਾਹਿਰਾਂ ਦੀ ਵਰਕਸ਼ਾਪ ਸਮਾਪਤ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਪੀਏਯੂ ਦੇ ਡਾਇਰੈਕਟੋਰੇਟ ਪਸਾਰ ਸਿੱਖਿਆ ਵੱਲੋਂ ਹਾੜ੍ਹੀ ਦੀਆਂ ਫ਼ਸਲਾਂ ਲਈ ਖੋਜ ਅਤੇ ਪਸਾਰ ਮਾਹਿਰਾਂ ਦੀ ਦੋ-ਰੋਜ਼ਾ ਵਰਕਸ਼ਾਪ ਸ਼ੁੱਕਰਵਾਰ ਨੂੰ ਪਾਲ ਆਡੀਟੋਰੀਅਮ ਵਿੱਚ ਸਮਾਪਤ ਹੋ ਗਈ। ਵਰਕਸ਼ਾਪ ਦੇ ਦੂਜੇ ਦਿਨ ਮਾਹਿਰਾਂ ਲਈ ਖੇਤ ਪ੍ਰਦਰਸ਼ਨੀਆਂ ਤੋਂ ਇਲਾਵਾ ਤਕਨੀਕੀ ਸੈਸ਼ਨ ਵੀ ਹੋਏ। ਇਨ੍ਹਾਂ ਵਿੱਚ ਖੇਤੀ ਮਸ਼ੀਨਰੀ, ਨਵੀਆਂ ਛਿੜਕਾਅ ਤਕਨੀਕਾਂ, ਬਦਲਵੀਆਂ ਫਸਲਾਂ ਦੀ ਕਾਸ਼ਤ, ਜੀਵਾਣੂੰ ਖਾਦਾਂ ਤੇ ਹਾੜ੍ਹੀ ਦੀਆਂ ਫ਼ਸਲਾਂ ਦੇ ਅਰਥ ਸ਼ਾਸਤਰ ਨਾਲ ਸਬੰਧਤ ਨਵੀਆਂ ਖੋਜ ਤਕਨਾਲੋਜੀਆਂ ਸਾਂਝੀਆਂ ਕੀਤੀਆਂ ਗਈਆਂ। ਇਸ ਵਰਕਸ਼ਾਪ ’ਚ ਖੇਤੀਬਾੜੀ ਵਿਭਾਗ, ਪੰਜਾਬ ਦੇ ਅਧਿਕਾਰੀਆਂ ਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ, ਫਾਰਮ ਸਲਾਹਕਾਰ ਸੇਵਾ ਕੇਂਦਰਾਂ, ਖੇਤਰੀ ਖੋਜ ਕੇਂਦਰਾਂ ਦੇ ਮਾਹਿਰਾਂ ਅਤੇ ਪੀਏਯੂ ਵਿਗਿਆਨੀਆਂ ਨੇ ਭਾਰੀ ਗਿਣਤੀ ਵਿੱਚ ਭਾਗ ਲਿਆ। ਦੂਜੇ ਦਿਨ ਦੀ ਕਾਰਵਾਈ ’ਚ ਪੰਜਾਬ ਦੇ ਨਿਰਦੇਸ਼ਕ ਖੇਤੀਬਾੜੀ ਗੁਰਜੀਤ ਸਿੰਘ ਬਰਾੜ; ਪੀਏਯੂ ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ; ਡਾ. ਕਰਮਜੀਤ ਸਿੰਘ ਗਿੱਲ; ਅਤੇ ਪੰਜਾਬ ਦੇ ਖੇਤੀਬਾੜੀ ਵਿਭਾਗ ਦੇ ਸੰਯੁਕਤ ਨਿਰਦੇਸ਼ਕ ਨਰਿੰਦਰ ਸਿੰਘ ਬੈਨੀਪਾਲ ਤੋਂ ਇਲਾਵਾ ਹੋਰ ਅਧਿਕਾਰੀ ਅਤੇ ਵਿਗਿਆਨੀ ਸ਼ਾਮਲ ਸਨ। ਦਿਨ ਦੀ ਸ਼ੁਰੂਆਤ ਮਾਹਿਰਾਂ ਦੇ ਖੇਤ ਪ੍ਰਦਰਸ਼ਨੀਆਂ ਦੇ ਦੌਰੇ ਨਾਲ ਹੋਈ। ਪਸਾਰ ਕਰਮੀਆਂ ਨੇ ਖੇਤ ਪ੍ਰਦਰਸ਼ਨੀਆਂ ਵਿਚ ਨਵੀਆਂ ਕਿਸਮਾਂ ਅਤੇ ਕਾਸ਼ਤ ਤਕਨੀਕਾਂ ਦੇ ਪ੍ਰਦਰਸ਼ਨ ਨੂੰ ਦੇਖਿਆ ਤੇ ਯੂਨੀਵਰਸਿਟੀ ਮਾਹਿਰਾਂ ਤੋਂ ਇਸ ਬਾਬਤ ਜਾਣਕਾਰੀ ਹਾਸਲ ਕੀਤੀ। ਉਪਰੰਤ ਤੀਜਾ ਤਕਨੀਕੀ ਸੈਸ਼ਨ ਹੋਇਆ, ਜਿਸਦੀ ਪ੍ਰਧਾਨਗੀ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਕੀਤੀ। ਡਾ. ਭੁੱਲਰ ਨੇ ਵਿਸ਼ੇਸ਼ ਟਿੱਪਣੀ ’ਚ ਇਸ ਵਰਕਸ਼ਾਪ ਨੂੰ ’ਵਰਸਿਟੀ ਤੇ ਖੇਤੀਬਾੜੀ ਵਿਭਾਗ ਵਿਚਕਾਰ ਸਾਂਝ ਦਾ ਪ੍ਰਤੀਕ ਕਿਹਾ। ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਤੇ ਡਾ ਤਰਸੇਮ ਸਿੰਘ ਢਿੱਲੋਂ ਵੱਲੋਂ ਇਸ ਸੈਸ਼ਨ ਦਾ ਸੰਚਾਲਨ ਕੀਤਾ। ਖੇਤ ਮਸ਼ੀਨਰੀ ਤੇ ਪਾਵਰ ਇੰਜੀਨੀਅਰਿੰਗ ਵਿਭਾਗ ਦੇ ਡਾ. ਮਹੇਸ਼ ਕੁਮਾਰ ਨਾਰੰਗ ਨੇ ਖੇਤੀਬਾੜੀ ’ਚ ਮਸ਼ੀਨਰੀ ਤੇ ਛਿੜਕਾਅ ਤਕਨਾਲੋਜੀ 'ਤੇ ਪੇਸ਼ਕਾਰੀ ਦਿੰਦਿਆਂ ਕੁਸ਼ਲ ਸਪਰੇਅ ਤਕਨਾਲੋਜੀਆਂ ਦੀ ਭੂਮਿਕਾ 'ਤੇ ਚਾਨਣਾ ਪਾਇਆ। ਡਾ. ਵਰੁਣ ਅੱਤਰੀ ਨੇ ਪੰਜਾਬ ਵਿੱਚ ਬਾਂਸ ਦੀ ਕਾਸ਼ਤ ਦੀ ਸੰਭਾਵਨਾ ਰਾਹੀਂ ਖੇਤੀ ਵਿਭਿੰਨਤਾ ਤੇ ਆਮਦਨ ਦੀ ਸੰਭਾਵਨਾ ਨੂੰ ਉਜਾਗਰ ਕੀਤਾ। ਡਾ. ਜੁਪਿੰਦਰ ਕੌਰ ਨੇ ਹਾੜੀ ਦੀਆਂ ਫਸਲਾਂ ਵਿੱਚ ਜੀਵਾਣੂੰ ਖਾਦਾਂ ਦੀ ਭੂਮਿਕਾ ਤੇ ਵਰਤੋਂ ਬਾਰੇ ਵਿਸਥਾਰ ਨਾਲ ਦੱਸਦਿਆਂ ਮਿੱਟੀ ਦੀ ਸਿਹਤ ਅਤੇ ਪੌਸ਼ਟਿਕ ਤੱਤਾਂ ਦੇ ਵਾਧੇ ’ਚ ਉਨ੍ਹਾਂ ਦੇ ਯੋਗਦਾਨ 'ਤੇ ਜ਼ੋਰ ਦਿੱਤਾ। ਅਰਥ ਸ਼ਾਸਤਰ ਅਤੇ ਸਮਾਜ ਸ਼ਾਸਤਰ ਵਿਭਾਗ ਦੇ ਮੁਖੀ ਡਾ ਜਤਿੰਦਰ ਮੋਹਨ ਸਿੰਘ ਨੇ ਹਾੜੀ ਦੀਆਂ ਫਸਲਾਂ ਬਾਰੇ ਆਰਥਿਕ ਨਜ਼ਰੀਆ ਪੇਸ਼ ਕਰਨ ਸਮੇਂ ਉਤਪਾਦਨ ਲਾਗਤ ਅਤੇ ਆਮਦਨ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਖ ਤੱਥਾਂ ਨੂੰ ਉਜਾਗਰ ਕੀਤਾ। ਤਕਨੀਕੀ ਸੈਸ਼ਨ ਤੋਂ ਬਾਅਦ ਵਿਚ ਚਰਚਾ ਸੈਸ਼ਨ ਵਿਚ ਸਵਾਲਾਂ ਦੇ ਨਾਲ ਤਜਰਬੇ ਅਤੇ ਸੁਝਾਅ ਸਾਂਝੇ ਕੀਤੇ।