ਕਾਂਗਰਸ ਵੱਲੋਂ ਗੌਰਵ ਭੱਟੀ ਨੂੰ ਸਰਬਸੰਮਤੀ ਨਾਲ ਮਿਲਿਆ ਸਮਰਥਨ ਐੱਫ ਐਂਡ ਸੀਸੀ ਚੋਣ: ਕਾਂਗਰਸ ਵੱਲੋਂ ਗੌਰਵ ਭੱਟੀ ਉਮੀਦਵਾਰ, ਸਰਬਸੰਮਤੀ ਨਾਲ ਮਿਲਿਆ ਸਮਰਥਨ
Publish Date: Fri, 21 Aug 2026 08:49 PM (IST)
Updated Date: Sat, 22 Aug 2026 04:04 AM (IST)
-ਵਿਰੋਧੀ ਧਿਰ ਦੀ ਇਕਜੁੱਟਤਾ ’ਤੇ ਜ਼ੋਰ, ਲੋਕਤੰਤਰਿਕ ਨੁਮਾਇੰਦਗੀ ਲਈ ਲੜਾਈ ਜਾਰੀ ਸਰਬਜੀਤ ਲੁਧਿਆਣਵੀ,ਪੰਜਾਬੀ ਜਾਗਰਣ, ਲੁਧਿਆਣਾ ਨਗਰ ਨਿਗਮ ਦੀ ਐੱਫ ਐਂਡ ਸੀਸੀ ਚੋਣ ਨੂੰ ਲੈ ਕੇ ਕਾਂਗਰਸ ਵੱਲੋਂ ਕੌਂਸਲਰ ਗੌਰਵ ਭੱਟੀ ਨੂੰ ਉਮੀਦਵਾਰ ਬਣਾਉਣ ਦਾ ਫੈਸਲਾ ਸਰਬਸੰਮਤੀ ਨਾਲ ਲਿਆ ਗਿਆ ਹੈ। ਵਿਰੋਧੀ ਧਿਰ ਦੇ ਨੇਤਾ ਸ਼ਾਮ ਸੁੰਦਰ ਮਲਹੋਤਰਾ, ਡਿਪਟੀ ਵਿਰੋਧੀ ਧਿਰ ਦੇ ਨੇਤਾ ਦੀਪਿਕਾ ਸੰਨੀ ਭੱਲਾ, ਉਪ ਨੇਤਾ ਹਰਜਿੰਦਰ ਪਾਲ ਲਾਲੀ ਅਤੇ ਸਮੂਹ ਕਾਂਗਰਸੀ ਕੌਂਸਲਰਾਂ ਦੀ ਮੀਟਿੰਗ ਦੌਰਾਨ ਇਸ ਸਬੰਧੀ ਸਹਿਮਤੀ ਬਣੀ। ਮੀਟਿੰਗ ਦੌਰਾਨ ਕਾਂਗਰਸੀ ਆਗੂਆਂ ਨੇ ਕਿਹਾ ਕਿ ਐੱਫ ਐਂਡ ਸੀਸੀ ਮੈਂਬਰਾਂ ਦੀ ਚੋਣ ਦਾ ਮਾਮਲਾ ਕੌਂਸਲਰ ਗੌਰਵ ਭੱਟੀ ਵੱਲੋਂ ਹਾਈਕੋਰਟ ਵਿੱਚ ਰਿਟ ਪਟੀਸ਼ਨ ਦਾਇਰ ਕਰਕੇ ਕਾਨੂੰਨੀ ਤੌਰ ’ਤੇ ਉਠਾਇਆ ਗਿਆ ਸੀ। ਇਸ ਤੋਂ ਬਾਅਦ ਐੱਫ ਐਂਡ ਸੀਸੀ ਵਿੱਚ ਦੋ ਮੈਂਬਰਾਂ ਦੀ ਚੋਣ ਦਾ ਰਸਤਾ ਸਾਫ਼ ਹੋਇਆ। ਇਸੇ ਕਾਰਨ ਸਮੂਹ ਕਾਂਗਰਸੀ ਕੌਂਸਲਰਾਂ ਨੇ ਗੌਰਵ ਭੱਟੀ ਦੀ ਉਮੀਦਵਾਰੀ ਨੂੰ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ। ਵਿਰੋਧੀ ਧਿਰ ਦੇ ਨੇਤਾ ਸ਼ਾਮ ਸੁੰਦਰ ਮਲਹੋਤਰਾ ਨੇ ਕਿਹਾ ਕਿ ਇਹ ਲੜਾਈ ਕਿਸੇ ਵਿਅਕਤੀ ਵਿਸ਼ੇਸ਼ ਲਈ ਨਹੀਂ, ਸਗੋਂ ਨਗਰ ਨਿਗਮ ਵਿੱਚ ਵਿਰੋਧੀ ਧਿਰ ਦੀ ਸੰਵਿਧਾਨਕ ਅਤੇ ਲੋਕਤੰਤਰਿਕ ਨੁਮਾਇੰਦਗੀ ਯਕੀਨੀ ਬਣਾਉਣ ਲਈ ਲੜੀ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਹੈ ਕਿ ਸਾਰੇ ਵਿਰੋਧੀ ਕੌਂਸਲਰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਕਜੁੱਟ ਹੋਣ ਅਤੇ ਲੋਕਾਂ ਦੇ ਮੁੱਦਿਆਂ ਦੀ ਆਵਾਜ਼ ਨੂੰ ਹੋਰ ਮਜ਼ਬੂਤ ਕਰਨ। ਸ਼ਾਮ ਸੁੰਦਰ ਮਲਹੋਤਰਾ ਨੇ ਕਿਹਾ ਕਿ ਐੱਫ ਐਂਡਸੀਸੀ ’ਚ ਵਿਰੋਧੀ ਧਿਰ ਦੀ ਨੁਮਾਇੰਦਗੀ ਸਿਰਫ਼ ਇੱਕ ਮੈਂਬਰ ਦੀ ਚੋਣ ਦਾ ਮਾਮਲਾ ਨਹੀਂ, ਬਲਕਿ ਨਗਰ ਨਿਗਮ ਦੇ ਕੰਮਕਾਜ ਵਿੱਚ ਪਾਰਦਰਸ਼ਤਾ, ਜਵਾਬਦੇਹੀ ਅਤੇ ਲੋਕਤੰਤਰਿਕ ਸੰਤੁਲਨ ਮਜ਼ਬੂਤ ਕਰਨ ਨਾਲ ਜੁੜਿਆ ਮਸਲਾ ਹੈ। ਮੀਟਿੰਗ ਵਿੱਚ ਕੌਂਸਲਰ ਅਰਜਨ ਸਿੰਘ ਚੀਮਾ, ਸੋਨੂ ਡੀਕੋ, ਇੰਦਰਜੀਤ ਇੰਦੀ, ਮੋਨੂ ਖਿੰਡਾ, ਪੰਕਜ ਕਾਕਾ, ਕਮਲਜੀਤ ਬੋਪਾਰਾਏ, ਸਵਰਨ ਦੀਪ ਚਾਹਲ, ਸੁਖਦੇਵ ਸ਼ੀਰਾ, ਗੁਰਪ੍ਰੀਤ ਗੋਪੀ, ਜਸਵਿੰਦਰ ਬੀਰੂ, ਅਰੁਣ ਸ਼ਰਮਾ, ਸੁਖਦੇਵ ਬਾਵਾ, ਰਾਜੀਵ ਡਾਬਰ, ਹਰਵਿੰਦਰ ਕਲੇਰ, ਵਿਜੇ ਕਲਸੀ ਅਤੇ ਗੌਰਵ ਭੱਟੀ ਸਮੇਤ ਸਮੂਹ ਕਾਂਗਰਸੀ ਕੌਂਸਲਰ ਮੌਜੂਦ ਸਨ। ਸਾਰੇ ਕੌਂਸਲਰਾਂ ਨੇ ਗੌਰਵ ਭੱਟੀ ਦੀ ਜਿੱਤ ਲਈ ਇਕਜੁੱਟ ਹੋ ਕੇ ਕੰਮ ਕਰਨ ਦਾ ਭਰੋਸਾ ਦਿੱਤਾ।