ਖੁੰਬਾਂ ਦੀ ਕਾਸ਼ਤ ਸਬੰਧੀ ਪੰਜ ਦਿਨਾ ਟ੍ਰੇਨਿੰਗ ਸਮਾਪਤ ਖੁੰਬਾਂ ਦੀ ਕਾਸ਼ਤ ਸਬੰਧੀ ਪੰਜ ਦਿਨਾਂ ਸਿਖਲਾਈ ਕੋਰਸ ਸਮਾਪਤ
Publish Date: Fri, 21 Aug 2026 08:40 PM (IST)
Updated Date: Sat, 22 Aug 2026 04:04 AM (IST)
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ ਪੀਏਯੂ. ਦੇ ਸਕਿੱਲ ਡਿਵੈੱਲਪਮੈਂਟ ਸੈਂਟਰ ਵੱਲੋਂ ਪੰਜਾਬ ਦੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਲਈ ਮਾਇਕਰੋਬਾਇਓਲੋਜੀ ਵਿਭਾਗ, ਪੀਏਯੂ. ਦੇ ਸਹਿਯੋਗ ਨਾਲ ਖੁੰਬਾਂ ਦੀ ਕਾਸ਼ਤ ਸਬੰਧੀ ਪੰਜ ਦਿਨਾਂ ਦਾ ਸਿਖਲਾਈ ਕੋਰਸ ਕਰਵਾਇਆ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਰੁਪਿੰਦਰ ਕੌਰ, ਸਹਿਯੋਗੀ ਨਿਰਦੇਸ਼ਕ (ਸਕਿੱਲ ਡਿਵੈੱਲਪਮੈਂਟ) ਨੇ ਦੱਸਿਆ ਕਿ ਇਸ ਸਿਖਲਾਈ ਕੋਰਸ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੋਂ 91 ਸਿਖਿਆਰਥੀਆਂ ਨੇ ਭਾਗ ਲਿਆ। ਇਸ ਕੋਰਸ ਦੌਰਾਨ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ ਡਾ. ਮੱਖਣ ਸਿੰਘ ਭੁੱਲਰ, ਨਿਰਦੇਸ਼ਕ ਪਸਾਰ ਸਿੱਖਿਆ ਨੇ ਆਪਣੇ ਸੰਬੋਧਨ ਵਿੱਚ ਸਿਖਿਆਰਥੀਆਂ ਨੂੰ ਖੇਤੀ ਨੂੰ ਖੇਤੀ ਵਪਾਰ ਵੱਲ ਲੈ ਕੇ ਜਾਣ ਲਈ ਸਕਿੱਲ ਡਿਵੈੱਲਪਮੈਂਟ ਸੈਂਟਰ, ਪੀਏਯੂ. ਵੱਲੋਂ ਕੀਤੇ ਜਾਂਦੇ ਉਪਰਾਲਿਆਂ ਦਾ ਲਾਹਾ ਲੈਣ ਲਈ ਕਿਹਾ। ਡਾ. ਕੁਲਵੀਰ ਕੌਰ, ਕੋਰਸ ਕੋਆਰਡੀਨੇਟਰ ਨੇ ਇਸ ਕੋਰਸ ਬਾਰੇ ਦੱਸਦਿਆਂ ਕਿਹਾ ਕਿ ਸਮੇਂ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਖੁੰਬਾਂ ਦੀ ਕਾਸ਼ਤ ਕਰਕੇ ਕਿਸਾਨ ਵੀਰ ਅਤੇ ਕਿਸਾਨ ਬੀਬੀਆਂ ਵੱਧ ਤੋਂ ਵੱਧ ਮੁਨਾਫਾ ਕਮਾ ਸਕਦੇ ਹਨ ਅਤੇ ਉਹਨਾਂ ਨੇ ਖੇਤੀ ਆਮਦਨ ਵਧਾਉਣ ਵਿੱਚ ਸਹਾਇਕ ਧੰਦਿਆਂ ਦੀ ਮੁੱਖ ਭੂਮਿਕਾ ਬਾਰੇ ਵਿਚਾਰ ਸਾਂਝੇ ਕੀਤੇ। ਡਾ. ਲਵਲੀਸ਼ ਗਰਗ, ਕੋਰਸ ਕੋਆਰਡੀਨੇਟਰ ਨੇ ਇਸ ਕੋਰਸ ਬਾਰੇ ਦੱਸਦਿਆਂ ਕਿਹਾ ਕਿ ਢੀਂਗਰੀ ਖੁੰਬਾਂ ਦੀ ਬਿਜਾਈ ਕਰਕੇ ਕਿਸਾਨ ਵੀਰ ਅਤੇ ਕਿਸਾਨ ਬੀਬੀਆਂ ਵੱਧ ਤੋਂ ਵੱਧ ਮੁਨਾਫਾ ਕਮਾ ਸਕਦੇ ਹਨ। ਮਾਇਕਰੋਬਾਇਓਲੋਜੀ ਵਿਭਾਗ ਦੇ ਤਕਨੀਕੀ ਮਾਹਿਰ ਡਾ. ਸ਼ਿਵਾਨੀ ਸ਼ਰਮਾ ਨੇ ਖੁੰਬਾਂ ਦੀ ਮਹੱਤਤਾ ਅਤੇ ਕੇਸਿੰਗ ਮਿੱਟੀ ਤਿਆਰ ਕਰਨ ਦੀ ਵਿਧੀ ਬਾਰੇ ਦੱਸਿਆ। ਇਸ ਮੌਕੇ ਡਾ. ਜਸਪ੍ਰੀਤ ਕੌਰ ਅਤੇ ਡਾ. ਐਨਾ ਗੋਇਲ ਨੇ ਖਾਦ ਬਣਾਉਣ ਦੀ ਵਿਧੀ, ਵਾਤਾ ਅਨੁਕੂਲ ਹਾਲਤਾਂ ਵਿੱਚ ਖੁੰਬਾਂ ਉਗਾਉਣ ਲਈ ਜਰੂਰੀ ਨੁਕਤੇ, ਪਰਾਲੀ ਵਾਲੀਆਂ ਖੁੰਬਾਂ, ਮਿਲਕੀ ਖੁੰਬਾਂ, ਢੀਂਗਰੀ ਅਤੇ ਸਟਿਕੀ ਖੁੰਬਾਂ ਬੀਜਣ ਦਾ ਪ੍ਰੈਕਟੀਕਲ, ਕੰਪੋਸਟ ਤੇ ਢੱਕਣ ਵਾਲੀ ਮਿੱਟੀ ਤਿਆਰ ਕਰਨ ਦੀ ਵਿਧੀ ਅਤੇ ਬਿਜਾਈ ਦੀ ਪ੍ਰੈਕਟੀਕਲ ਜਾਣਕਾਰੀ ਸਾਂਝੀ ਕੀਤੀ। ਪ੍ਰੋਸੈਸਿੰਗ ਅਤੇ ਫੂਡ ਇੰਜਨੀਅਰਿੰਗ ਵਿਭਾਗ ਦੇ ਡਾ. ਮਨਿੰਦਰ ਕੌਰ ਨੇ ਖੁੰਬਾਂ ਦੀ ਪ੍ਰੋਸੈਸਿੰਗ ਬਾਰੇ ਜਾਣਕਾਰੀ ਸਾਂਝੀ ਕੀਤੀ। ਕੀਟ ਵਿਗਿਆਨ ਵਿਭਾਗ ਤੋਂ ਡਾ. ਅਨੁਰੀਤ ਕੌਰ ਚੰਦੀ ਨੇ ਖੁੰਬਾਂ ਦੇ ਕੀੜੇ ਅਤੇ ਉਨ੍ਹਾਂ ਦੀ ਰੋਕਥਾਮ ਅਤੇ ਡਾ. ਸੁਖਜੀਤ ਕੌਰ ਸੀਨੀਮਾਟੋਲੋਜਿਸਟ ਨੇ ਖੁੰਬਾਂ ਦੇ ਨੀਮਾਟੋਡ, ਉਨ੍ਹਾਂ ਦੀ ਰੋਕਥਾਮ ਅਤੇ ਦਵਾਈਆਂ ਦੀ ਵਰਤੋਂ ਬਾਰੇ ਦੱਸਿਆ| ਭੋਜਨ ਵਿਗਿਆਨ ਤੇ ਤਕਨਾਲੋਜੀ ਵਿਭਾਗ ਤੋਂ ਡਾ. ਸੋਨਿਕਾ ਸ਼ਰਮਾ ਨੇ ਖੁੰਬਾਂ ਦੇ ਖੁਰਾਕੀ ਤੱਤ, ਉਨ੍ਹਾਂ ਦੀ ਰੋਜ਼ਾਨਾ ਖੁਰਾਕ ਵਿਚ ਮਹੱਤਤਾ ਅਤੇ ਖੁੰਬਾਂ ਦੇ ਪਕਵਾਨ ਬਨਾਉਣ ਦੀ ਵਿਧੀ ਬਾਰੇ ਦੱਸਿਆ। ਸਕਿੱਲ ਡਿਵੈਲਪਮੈਂਟ ਸੈਂਟਰ ਦੇ ਡਾ. ਰਾਹੁਲ ਗੁਪਤਾ ਨੇ ਪੰਜਾਬ ਐਗਰੀ ਬਿਜਨਿਸ ਇਨਕੂਵੇਟਰ ਬਾਰੇ ਵਿਸਥਾਰ-ਪੂਰਵਕ ਜਾਣਕਾਰੀ ਸਾਂਝੀ। ਡਾ. ਜਸਪ੍ਰੀਤ ਕੌਰ, ਬਾਗਬਾਨੀ ਵਿਭਾਗ(ਪੰਜਾਬ ਸਰਕਾਰ) ਨੇ ਵੱਖ-ਵੱਖ ਵਿਸ਼ਿਆਂ ਉੱਪਰ ਸਿਖਿਆਰਥੀਆਂ ਨੂੰ ਖੁੰਬਾਂ ਦਾ ਧੰਦਾ ਸੁਰੂ ਕਰਨ ਲਈ ਸਬਸਿਡੀ ਸੇਵਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਕੰਵਲਜੀਤ ਕੌਰ ਨੇ ਸਾਰੇ ਸਿਖਿਆਰਥੀਆਂ ਦਾ ਅਤੇ ਯੂਨੀਵਰਸਿਟੀ ਦੇ ਮਾਹਿਰਾਂ ਦਾ ਧੰਨਵਾਦ ਕੀਤਾ ਅਤੇ ਸਿਖਿਆਰਥੀਆਂ ਨੂੰ ਇਸ ਕੋਰਸ ਉਪਰੰਤ ਪ੍ਰਾਪਤ ਕੀਤੀ ਜਾਣਕਾਰੀ ਨੂੰ ਆਪਣੇ ਕਿੱਤੇ ਵਿੱਚ ਅਪਨਾਉਣ ਦੀ ਸਲਾਹ ਦਿੱਤੀ।