ਪੀਏਯੂ ਦੇ ਵਿਦਿਆਰਥੀਆਂ ਨੂੰ ਕਾਰਪੋਰੇਟ ਜਗਤ ਦੇ ਸੱਚ ਤੋਂ ਕਰਵਾਇਆ ਜਾਣੂ ਪੀਏਯੂ ਵਿਦਿਆਰਥੀਆਂ ਨੂੰ ਕਾਰਪੋਰੇਟ ਜਗਤ ਦੀ ਹਕੀਕਤ ਤੋਂ ਕਰਵਾਇਆ ਜਾਣੂ
Publish Date: Fri, 21 Aug 2026 06:39 PM (IST)
Updated Date: Sat, 22 Aug 2026 04:03 AM (IST)
-ਵਰਧਮਾਨ ਸਪੈਸ਼ਲ ਸਟੀਲਜ਼ ਦੇ ਐੱਮਡੀ ਸਚਿਤ ਜੈਨ ਹੋਏ ਰੂ-ਬ-ਰੂ ਫੋਟੋ ਨੰਬਰ-5 ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਅਤੇ ਉਦਯੋਗ ਜਗਤ ਦਰਮਿਆਨ ਸੰਵਾਦ ਨੂੰ ਮਜ਼ਬੂਤ ਕਰਨ ਲਈ ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਦੇ ਵਾਈਸ-ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸਚਿਤ ਜੈਨ ਨਾਲ ਵਿਸ਼ੇਸ਼ ਇੰਟਰਐਕਟਿਵ ਸੈਸ਼ਨ ਕਰਵਾਇਆ ਗਿਆ। ਇਸ ਮੌਕੇ ਉਨ੍ਹਾਂ ‘ਕੈਂਪਸ ਤੋਂ ਕਾਰਪੋਰੇਟ ਤੱਕ ਉਦਯੋਗ ਵਿੱਚ ਨੌਜਵਾਨਾਂ ਲਈ ਮੌਕੇ’ ਵਿਸ਼ੇ ’ਤੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ। ਰਵਾਇਤੀ ਲੈਕਚਰ ਦੀ ਬਜਾਏ ਇਹ ਸੈਸ਼ਨ ਖੁੱਲ੍ਹੇ ਅਤੇ ਵਿਚਾਰ-ਵਟਾਂਦਰੇ ਵਾਲੇ ਮੰਚ ਵਜੋਂ ਕਰਵਾਇਆ ਗਿਆ, ਜਿਸ ’ਚ ਵਿਦਿਆਰਥੀਆਂ ਨੂੰ ਸਿੱਧੇ ਤੌਰ ’ਤੇ ਇੱਕ ਤਜਰਬੇਕਾਰ ਉਦਯੋਗਪਤੀ ਨਾਲ ਗੱਲਬਾਤ ਕਰਨ, ਸਵਾਲ ਪੁੱਛਣ ਤੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲਿਆ। ਸਚਿਤ ਜੈਨ ਨੇ ਆਪਣੇ ਲੰਮੇ ਸਨਅਤੀ ਤੇ ਪ੍ਰਬੰਧਕੀ ਤਜਰਬੇ ਦੇ ਆਧਾਰ ’ਤੇ ਵਿਦਿਆਰਥੀਆਂ ਨੂੰ ਅਕਾਦਮਿਕ ਜੀਵਨ ਤੋਂ ਪੇਸ਼ੇਵਰ ਜੀਵਨ ਵੱਲ ਤਬਦੀਲੀ ਤੇ ਉਦਯੋਗ ਦੀਆਂ ਬਦਲਦੀਆਂ ਉਮੀਦਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੌਜਵਾਨਾਂ ਨਾਲ ਸਧਾਰਨ ਅਤੇ ਪ੍ਰਭਾਵਸ਼ਾਲੀ ਅੰਦਾਜ਼ ਵਿੱਚ ਗੱਲਬਾਤ ਕਰਦਿਆਂ ਕਰੀਅਰ ਦੀ ਚੋਣ, ਸਮੇਂ ਅਤੇ ਤਰਜੀਹਾਂ ਦੀ ਸੰਭਾਲ, ਪੇਸ਼ੇਵਰ ਵਿਕਾਸ, ਲੀਡਰਸ਼ਿਪ, ਬਦਲਦੇ ਹਾਲਾਤ ਅਨੁਸਾਰ ਆਪਣੇ ਆਪ ਨੂੰ ਢਾਲਣ ਤੇ ਭਵਿੱਖ ਦੇ ਕਾਰਜ-ਸਥਾਨ ਲਈ ਤਿਆਰੀ ਵਰਗੇ ਮੁੱਦਿਆਂ ’ਤੇ ਵਿਚਾਰ ਸਾਂਝੇ ਕੀਤੇ। ਸੈਸ਼ਨ ਦੌਰਾਨ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਵੱਖ-ਵੱਖ ਸਵਾਲ ਪੁੱਛੇ। ਇਹ ਗੱਲਬਾਤ ਰਵਾਇਤੀ ਪ੍ਰਸ਼ਨ-ਉੱਤਰ ਸੈਸ਼ਨ ਦੀ ਬਜਾਏ ਵਿਚਾਰਾਂ, ਤਜਰਬਿਆਂ ਅਤੇ ਸੁਝਾਵਾਂ ਦੇ ਖੁੱਲ੍ਹੇ ਆਦਾਨ-ਪ੍ਰਦਾਨ ’ਚ ਬਦਲ ਗਈ। ਵਿਦਿਆਰਥੀਆਂ ਨੇ ਉਦਯੋਗ ਦੀਆਂ ਲੋੜਾਂ ਅਤੇ ਸਫਲ ਕਰੀਅਰ ਬਣਾਉਣ ਲਈ ਲੋੜੀਂਦੇ ਹੁਨਰਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਪੀਏਯੂ ਦੇ ਵਾਈਸ-ਚਾਂਸਲਰ ਅਤੇ ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ ਨੇ ਅਜਿਹੇ ਪ੍ਰੋਗਰਾਮਾਂ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਉਦਯੋਗ ਜਗਤ ਦੇ ਤਜਰਬੇਕਾਰ ਆਗੂਆਂ ਨਾਲ ਸਿੱਧਾ ਸੰਵਾਦ ਕਰਨ ਦੇ ਮੌਕੇ ਮਿਲਣੇ ਚਾਹੀਦੇ ਹਨ। ਜੈਨ ਦਾ ਸਵਾਗਤ ਕਰਦਿਆਂ ਡੀਨ ਪੋਸਟ-ਗ੍ਰੈਜੂਏਟ ਸਟੱਡੀਜ਼ ਡਾ. ਵੀਐੱਸ. ਹਾਂਸ ਨੇ ਕਿਹਾ ਕਿ ਕਲਾਸਰੂਮ ਦੀ ਸਿੱਖਿਆ ਤੋਂ ਪੇਸ਼ੇਵਰ ਜ਼ਿੰਮੇਵਾਰੀਆਂ ਤੱਕ ਦੇ ਸਫ਼ਰ ਲਈ ਅਜਿਹੇ ਉਦਯੋਗ-ਵਿਦਿਆਰਥੀ ਸੰਵਾਦ ਬਹੁਤ ਮਹੱਤਵਪੂਰਨ ਹਨ। ਯੂਨੀਵਰਸਿਟੀ ਕਾਊਂਸਲਿੰਗ ਅਤੇ ਪਲੇਸਮੈਂਟ ਗਾਈਡੈਂਸ ਸੈੱਲ ਦੇ ਇੰਚਾਰਜ ਡਾ. ਸੰਦੀਪ ਜੈਨ ਨੇ ਪ੍ਰੋਗਰਾਮ ਦਾ ਸੰਚਾਲਨ ਕੀਤਾ। ਪੀਏਯੂ ਦਾ ਉਦੇਸ਼ ਵਿਦਿਆਰਥੀਆਂ ਨੂੰ ਸਿਰਫ਼ ਨੌਕਰੀ ਦੇ ਯੋਗ ਬਣਾਉਣਾ ਹੀ ਨਹੀਂ, ਸਗੋਂ ਉਨ੍ਹਾਂ ਨੂੰ ਬਦਲਦੇ ਉਦਯੋਗਿਕ ਮਾਹੌਲ ਅਨੁਸਾਰ ਢਲਣ, ਆਪਣੀ ਸਮਰੱਥਾ ਦਾ ਪ੍ਰਦਰਸ਼ਨ ਕਰਨ ਤੇ ਸਮਾਜ ਤੇ ਉਦਯੋਗ ਲਈ ਮੁੱਲ ਪੈਦਾ ਕਰਨ ਦੇ ਸਮਰੱਥ ਬਣਾਉਣਾ ਹੈ। ਇਸ ਮੌਕੇ ’ਵਰਸਿਟੀ ਦੇ ਅਧਿਕਾਰੀ, ਅਧਿਆਪਕ ਅਤੇ ਵੱਡੀ ਗਿਣਤੀ ’ਚ ਵਿਦਿਆਰਥੀ ਹਾਜ਼ਰ ਸਨ।