
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਵੀਐੱਨਆਰ ਸੀਡਜ਼ ਪ੍ਰਾਈਵੇਟ ਲਿਮਿਟਡ ਨਾਲ ਸਮਝੌਤੇ ’ਤੇ ਦਸਤਖਤ

-ਡਾ. ਅਜਮੇਰ ਸਿੰਘ ਢੱਟ ਤੇ ਪਾਰਥ ਭੱਟ ਨੇ ਕੀਤੇ ਸਮਝੌਤੇ ਦੀਆਂ ਸ਼ਰਤਾਂ ’ਤੇ ਦਸਤਖ਼ਤ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਪੀਏਯੂ ਨੇ ਛੱਤੀਸਗੜ੍ਹ ਦੇ ਰਾਇਪੁਰ ਵਿਖੇ ਸਥਿਤ ਕੰਪਨੀ ਵੀਐੱਨਆਰ ਸੀਡਜ਼ ਪ੍ਰਾਈਵੇਟ ਲਿਮਿਟਿਡ ਨਾਲ ਇਕ ਸਮਝੌਤੇ ’ਤੇ ਦਸਤਖ਼ਤ ਕੀਤੇ ਹਨ। ਇਹ ਸਮਝੌਤਾ ਮਿਰਚਾਂ ਦੀ ਕਿਸਮ ਸੀਐੱਚ 52, ਪੇਠਾ ਕੱਦੂ ਦੀ ਕਿਸਮ ਸਰਦਾਰ, ਪਿਆਜ਼ ਦੀ ਕਿਸਮ ਪੀਆਰਓ 7, ਖਰਬੂਜ਼ੇ ਦੀਆਂ ਕਿਸਮਾਂ ਐੱਮਐੱਚ 27, ਐੱਚਐੱਚ 56, ਐੱਮਐੱਚ 57, ਪੰਜਾਬ ਅੰਮ੍ਰਿਤ ਤੇ ਪੰਜਾਬ ਸ਼ਾਰਦਾ ਦੇ ਪ੍ਰਸਾਰ ਲਈ ਕੀਤਾ ਹੈ। ਸਮਝੌਤੇ ਦੀਆਂ ਸ਼ਰਤਾਂ ਉੱਪਰ ਪੀਏਯੂ ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਤੇ ਸੰਬੰਧਿਤ ਕੰਪਨੀ ਵੱਲੋਂ ਪਾਰਥ ਭੱਟ ਨੇ ਦਸਤਖ਼ਤ ਕੀਤੇ। ਵਧੀਕ ਨਿਰਦੇਸ਼ਕ ਖੋਜ (ਖੇਤੀ ਇੰਜਨੀਅਰਿੰਗ) ਡਾ. ਮਹੇਸ਼ ਕੁਮਾਰ ਤੇ ਤਕਨਾਲੋਜੀ ਵਪਾਰੀਕਰਨ ਸੈੱਲ ਦੇ ਸਹਿਯੋਗੀ ਨਿਰਦੇਸ਼ਕ ਡਾ. ਖੁਸ਼ਦੀਪ ਧਰਨੀ ਤੋਂ ਇਲਾਵਾ ਸਬਜ਼ੀ ਵਿਗਿਆਨ ਵਿਭਾਗ ਦੇ ਮੁਖੀ ਡਾ. ਸਤਪਾਲ ਸ਼ਰਮਾ ਵੀ ਇਸ ਮੌਕੇ ਮੌਜੂਦ ਸਨ। ਡਾ. ਅਜਮੇਰ ਸਿੰਘ ਢੱਟ ਨੇ ਇਸ ਸਮਝੌਤੇ ਲਈ ਸਬਜ਼ੀ ਵਿਗਿਆਨ ਵਿਭਾਗ ਦੇ ਸਮੂਹ ਵਿਗਿਆਨੀਆਂ ਨੂੰ ਵਧਾਈ ਦਿੱਤੀ। ਡਾ. ਸਤਪਾਲ ਸ਼ਰਮਾ ਨੇ ਸਬਜ਼ੀਆਂ ਦੀਆਂ ਇਨ੍ਹਾਂ ਕਿਸਮਾਂ ਦੇ ਉੱਭਰਵੇਂ ਗੁਣਾਂ ਦੀ ਵਿਆਖਿਆ ਕਰਦਿਆਂ ਖਰਬੂਜ਼ਿਆਂ ਦੀਆਂ ਕਿਸਮਾਂ ਨੂੰ ਮੰਡੀ ਦੀਆਂ ਲੋੜਾਂ ਦੇ ਅਨੁਕੂਲ ਕਿਹਾ।
ਉਨ੍ਹਾਂ ਕਿਹਾ ਕਿ ਇਹ ਕਿਸਮਾਂ ਜਿੱਥੇ ਝਾੜ ਪੱਖੋਂ ਉੱਚ ਦਰਜਾ ਹਾਸਲ ਹਨ ਉੱਥੇ ਮਿਠਾਸ ਤੇ ਪੋਸ਼ਣ ਦੇ ਗੁਣਾਂ ਦੀਆਂ ਵੀ ਧਾਰਨੀ ਹਨ। ਮਿਰਚਾਂ ਦੀ ਕਿਸਮ ਸੀਐੱਚ-52 ਬਾਰੇ ਉਨ੍ਹਾਂ ਕਿਹਾ ਕਿ ਇਸ ਕਿਸਮ ਦੇ ਫਲ ਲੰਮੇ, ਪਤਲੇ ਛਿੱਲੜ ਵਾਲੇ ਤੇ ਪੱਤਾ ਮਰੋੜ ਰੋਗ ਦਾ ਸਾਹਮਣਾ ਕਰਨ ਦੀ ਸਮਰਥਾ ਵਾਲੇ ਹਨ ਤੇ ਇਸਦਾ ਝਾੜ 106 ਕੁਇੰਟਲ ਪ੍ਰਤੀ ਏਕੜ ਤੱਕ ਆ ਸਕਦਾ ਹੈ। ਪਿਆਜ਼ ਦੀ ਕਿਸਮ ਪੀਆਰਓ-7 ਹਾੜੀ ਦੇ ਮੌਸਮ ’ਚ ਬੀਜਣ ਲਈ ਅਨੁਕੂਲ ਬਿਹਤਰੀਨ ਕਿਸਮ ਹੈ। ਪੇਠਾ ਕੱਦੂ ਦੀ ਕਿਸਮ ਪੰਜਾਬ ਸਰਦਾਰ ਨੂੰ ਵੀ ਉਨ੍ਹਾਂ ਨੇ ਉੱਚ ਝਾੜ ਵਾਲੀ ਕਿਸਮ ਕਿਹਾ। ਅੰਤ ’ਚ ਡਾ. ਖੁਸ਼ਦੀਪ ਧਰਨੀ ਨੇ ਸਭ ਦਾ ਧੰਨਵਾਦ ਕਰਦਿਆਂ ਪੀਏਯੂ ਦੀਆਂ ਸਬਜ਼ੀਆਂ ਦੀਆਂ ਕਿਸਮਾਂ ਨੂੰ ਅਜੋਕੇ ਯੁੱਗ ਦੀਆਂ ਮੰਗਾਂ ਅਨੁਸਾਰ ਢੁੱਕਵੀਆਂ ਦੱਸਿਆ।