
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਖੋਜ ਅਤੇ ਪਸਾਰ ਮਾਹਿਰਾਂ ਦੀ ਦੋ ਰੋਜ਼ਾ ਵਰਕਸ਼ਾਪ ਆਰੰਭ

ਫੋਟੋ ਨੰਬਰ-20
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਵੀਰਵਾਰ ਨੂੰ ਪੀਏਯੂ. ਦੇ ਪਾਲ ਆਡੀਟੋਰੀਅਮ ’ਚ ਹਾੜੀ ਦੀਆਂ ਫ਼ਸਲਾਂ ਲਈ ਖੋਜ ਅਤੇ ਪਸਾਰ ਮਾਹਿਰਾਂ ਦੀ ਦੋ ਰੋਜ਼ਾ ਵਰਕਸ਼ਾਪ ਆਰੰਭ ਹੋਈ। ਇਸ ਵਰਕਸ਼ਾਪ ਵਿੱਚ ਪੀਏਯੂ, ਕ੍ਰਿਸ਼ੀ ਵਿਗਿਆਨ ਕੇਂਦਰਾਂ, ਕਿਸਾਨ ਸਲਾਹਕਾਰ ਸੇਵਾ ਕੇਂਦਰਾਂ ਅਤੇ ਖੇਤੀਬਾੜੀ ਵਿਭਾਗ ਦੇ ਖੋਜ ਅਤੇ ਪਸਾਰ ਮਾਹਿਰ ਹਿੱਸਾ ਲੈ ਰਹੇ ਹਨ। ਇਸ ਸੈਸ਼ਨ ਦੇ ਮੁੱਖ ਮਹਿਮਾਨ ਪੀਏਯੂ ਦੇ ਵਾਈਸ ਚਾਂਸਲਰ ਡਾ. ਰਿਸ਼ੀਪਾਲ ਸਿੰਘ ਆਈਏਐੱਸ ਸਨ ਅਤੇ ਖੇਤੀਬਾੜੀ ਵਿਭਾਗ ਦੇ ਨਿਰਦੇਸ਼ਕ ਗੁਰਜੀਤ ਸਿੰਘ ਬਰਾੜ ਨੇ ਇਸ ਸੈਸ਼ਨ ਦੀ ਪ੍ਰਧਾਨਗੀ ਕੀਤੀ। ਆਪਣੇ ਭਾਸ਼ਣ ’ਚ ਵਾਈਸ ਚਾਂਸਲਰ ਨੇ ਕਿਹਾ ਕਿ ਪੀਏਯੂ ਦਾ ਯੋਗਦਾਨ ਸਿਰਫ ਹਰੀ ਕ੍ਰਾਂਤੀ ਲਿਆਉਣ ਵਾਲੀ ਤਕਨਾਲੋਜੀ ਦੇ ਵਿਕਾਸ ਤੇ ਰੂਪਾਂਤਰਨ ਦੇ ਰੂਪ ਵਿੱਚ ਹੀ ਨਹੀਂ ਦੇਖਿਆ ਜਾ ਸਕਦਾ, ਸਗੋਂ ਸਾਡੀਆਂ ਖੋਜ, ਪਸਾਰ ਤੇ ਅਕਾਦਮਿਕ ਪ੍ਰਾਪਤੀਆਂ ਦੇ ਕਾਰਨ ਹੀ ਰਾਸ਼ਟਰੀ ਰੈਂਕਿੰਗ ਏਜੰਸੀ ਨੇ ਇਸ ਸੰਸਥਾ ਨੂੰ ਲਗਾਤਾਰ ਤਿੰਨ ਸਾਲਾਂ ਤੋਂ ਦੇਸ਼ ਦੀ ਸਭ ਤੋਂ ਵਧੀਆ ਖੇਤੀ ਸੰਸਥਾ ਵਜੋਂ ਮਾਨਤਾ ਦਿੱਤੀ ਹੈ। ਪ੍ਰਧਾਨਗੀ ਭਾਸ਼ਣ ਵਿੱਚ ਗੁਰਜੀਤ ਸਿੰਘ ਬਰਾੜ ਨੇ ਕਿਹਾ ਕਿ ਖੋਜੀਆਂ ਤੇ ਪਸਾਰ ਮਾਹਿਰਾਂ ਦੀ ਅਜਿਹੀ ਇਕੱਤਰਤਾ ਦੀ ਮਿਸਾਲ ਮਿਲਣਾ ਔਖਾ ਹੈ। ਪੀਏਯੂ ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਆਉਂਦੇ ਹਾੜੀ ਸੀਜ਼ਨ ਦੌਰਾਨ ਪੀਏਯੂ ਦੀਆਂ ਖੋਜ ਸਿਫ਼ਾਰਸ਼ਾਂ ਸਾਂਝੀਆਂ ਕੀਤੀਆਂ। ਇਸ ਸੈਸ਼ਨ ਵਿੱਚ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਸਭ ਦਾ ਸਵਾਗਤ ਕੀਤਾ। ਇਸ ਸੈਸ਼ਨ ਦਾ ਮੰਚ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕੀਤਾ। ਅੰਤ ਵਿੱਚ ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ ਨੇ ਸਭ ਦਾ ਧੰਨਵਾਦ ਕੀਤਾ। ਖੇਤੀ ਕਾਮਿਆਂ ਦੀ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਖੁਰਾਕੀ ਪ੍ਰਬੰਧ ਬਾਰੇ ਖੇਤੀ ਪ੍ਰਕਾਸ਼ਨਾਂ ਲੋਕ ਅਰਪਿਤ ਕੀਤੀ ਗਈ। ਇਸ ਪੁਸਤਕ ਦੇ ਰਚਨਾਤਮਕ ਸਹਿਯੋਗੀ ਡਾ. ਪਰਮਿੰਦਰ ਕੌਰ, ਡਾ. ਦਿਵਿਆ ਜੈਨ, ਡਾ. ਪਿਵਰਜੀਤ ਕੌਰ ਢਿੱਲੋਂ ਅਤੇ ਡਾ. ਅਮਨਦੀਪ ਕੌਰ ਮੱਕੜ ਹਨ ਅਤੇ ਇਸ ਦੀ ਸੰਪਾਦਨਾ ਡਾ. ਗੁਰਉਪਦੇਸ਼ ਕੌਰ ਨੇ ਕੀਤੀ ਹੈ। ਇਸਦੇ ਨਾਲ ਹੀ ਖੇਤਾਂ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਦੀ ਸਿਹਤ ਅਤੇ ਪੋਸ਼ਣ ਬਾਰੇ ਇੱਕ ਕਿਤਾਬ ਵੀ ਜਾਰੀ ਕੀਤੀ ਗਈ। ਅੱਜ ਦੇ ਤਕਨੀਕੀ ਸੈਸ਼ਨਾਂ ’ਚ ਕਣਕ, ਜੌਂਅ ਅਤੇ ਚਾਰੇ ਬਾਰੇ ਸੈਸ਼ਨ ਹੋਇਆ। ਮਾਹਿਰਾਂ ਨੇ ਸੰਬੰਧਿਤ ਫ਼ਸਲਾਂ ਦੀ ਕਾਸ਼ਤ, ਕਿਸਮਾਂ ਅਤੇ ਤਕਨੀਕਾਂ ਬਾਰੇ ਵਿਚਾਰ ਕੀਤੀ। ਸ਼ਾਮ ਦੇ ਤਕਨੀਕੀ ਸੈਸ਼ਨ ਵਿੱਚ ਤੇਲਬੀਜਾਂ, ਦਾਲਾਂ, ਕਮਾਦ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਵਿਚਾਰਿਆ। ਇਸ ਕਾਨਫਰੰਸ ਦੇ ਦੂਜੇ ਦਿਨ ਹੋਣ ਵਾਲੇ ਸੈਸ਼ਨ ਵਿੱਚ ਖੇਤੀ ਇੰਜਨੀਅਰਿੰਗ, ਖੇਤੀ ਜੰਗਲਾਤ, ਮਾਈਕ੍ਰੋਬਾਇਆਲੋਜੀ ਤੇ ਅਰਥ ਸ਼ਾਸਤਰ ਨਾਲ ਸੰਬੰਧਿਤ ਵਿਚਾਰਾਂ ਕੀਤੀਆਂ ਜਾਣਗੀਆਂ।