
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪੇਜ਼ ਨੰਬਰ 4 ਦੀ ਲੀਡ-ਭਾਜਪਾ ਦੀ ਜ਼ਿਲ੍ਹਾ ਟੀਮ ਦੇ ਐਲਾਨ ’ਤੇ ਗੁੱਟਬਾਜ਼ੀ ਦਾ ਪਰਛਾਵਾਂ

-ਭਾਜਪਾ ਦੀ ਜ਼ਿਲ੍ਹਾ ਟੀਮ ਦੇ ਐਲਾਨ ਸਦਕਾ ਦਿਹਾਤੀ-ਸ਼ਹਿਰੀ ਦੀ ਖਿੱਚੋਤਾਣ ਨਾਲ ਵਧੀ ਚਿੰਤਾ
ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ, ਲੁਧਿਆਣਾ
ਕਾਂਗਰਸ ਦੀ ਅੰਦਰੂਨੀ ਖਿੱਚੋਤਾਣ ਤੇ ਕਲੇਸ਼ ਤੋਂ ਬਾਅਦ ਹੁਣ ਲੁਧਿਆਣਾ ਭਾਜਪਾ ਦੀ ਜ਼ਿਲ੍ਹਾ ਇਕਾਈ ਵੀ ਗੁੱਟਬਾਜ਼ੀ ਦੇ ਭੰਵਰ ਵਿੱਚ ਫਸਦੀ ਨਜ਼ਰ ਆ ਰਹੀ ਹੈ। ਨਵਾਂ ਜ਼ਿਲ੍ਹਾ ਪ੍ਰਧਾਨ ਸੁਨੀਲ ਮੌਦਗਿੱਲ ਬਣੇ ਨੂੰ ਇੱਕ ਮਹੀਨੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ, ਪਰ ਜ਼ਿਲ੍ਹਾ ਟੀਮ ਦਾ ਐਲਾਨ ਅਜੇ ਵੀ ਅਹੁਦਿਆਂ ਦੀ ਖਿੱਚੋਤਾਣ ਹੇਠ ਅਟਕਿਆ ਹੋਇਆ ਹੈ। ਸੂਤਰਾਂ ਅਨੁਸਾਰ ਮੀਤ ਪ੍ਰਧਾਨ ਤੇ ਜਨਰਲ ਸਕੱਤਰ ਦੇ ਅਹਿਮ ਅਹੁਦਿਆਂ ਨੂੰ ਲੈ ਕੇ ਵੱਖ-ਵੱਖ ਧੜਿਆਂ ਵਿਚਕਾਰ ਸਹਿਮਤੀ ਨਹੀਂ ਬਣ ਰਹੀ। ਪੁਰਾਣੇ ਤੇ ਸਰਗਰਮ ਵਰਕਰ ਆਪਣੀ ਨੁਮਾਇੰਦਗੀ ਨੂੰ ਲੈ ਕੇ ਸਵਾਲ ਖੜ੍ਹੇ ਕਰ ਰਹੇ ਹਨ, ਜਦਕਿ ਕਈ ਆਗੂ ਆਪਣੇ-ਆਪਣੇ ਧੜੇ ਦੇ ਵਿਅਕਤੀਆਂ ਨੂੰ ਅਹੁਦੇ ਦਿਵਾਉਣ ਲਈ ਜ਼ੋਰ ਲਾ ਰਹੇ ਹਨ। ਨਤੀਜਾ ਇਹ ਹੈ ਕਿ ਟੀਮ ਬਣਾਉਣ ਦੀ ਕਵਾਇਦ ਅੱਗੇ ਵਧਣ ਦੀ ਬਜਾਏ ਅੰਦਰੂਨੀ ਸਿਆਸਤ ਵਿੱਚ ਉਲਝਦੀ ਜਾ ਰਹੀ ਹੈ।
-ਦਿਹਾਤੀ-ਸ਼ਹਿਰੀ ਪੇਚ ਨੇ ਹੋਰ ਉਲਝਾਇਆ ਮਾਮਲਾ
ਜ਼ਿਲ੍ਹਾ ਟੀਮ ਦੇ ਗਠਨ ਵਿੱਚ ਦਿਹਾਤੀ ਬਨਾਮ ਸ਼ਹਿਰੀ ਅਹੁਦੇਦਾਰੀ ਦਾ ਪੇਚ ਵੀ ਭਾਜਪਾ ਲਈ ਸਿਰਦਰਦ ਬਣਿਆ ਹੋਇਆ ਹੈ। ਸੂਤਰਾਂ ਮੁਤਾਬਕ ਲੁਧਿਆਣਾ ਦਿਹਾਤੀ ਨਾਲ ਸਬੰਧਤ ਕੁਝ ਆਗੂ ਸ਼ਹਿਰੀ ਸੰਗਠਨ ’ਚ ਅਹਿਮ ਅਹੁਦਿਆਂ ਦੀ ਦੌੜ ਵਿੱਚ ਹਨ। ਇਸ ਮਸਲੇ ਨੂੰ ਲੈ ਕੇ ਪਹਿਲਾਂ ਵੀ ਹਾਈਕਮਾਂਡ ਵੱਲੋਂ ਸਖ਼ਤ ਰੁਖ ਅਪਣਾਏ ਜਾਣ ਦੀ ਚਰਚਾ ਰਹੀ ਹੈ, ਪਰ ਅੰਦਰੂਨੀ ਰੇੜਕਾ ਹਾਲੇ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ। ਪਾਰਟੀ ਅੰਦਰ ਚਰਚਾ ਹੈ ਕਿ ਜੇਕਰ ਟੀਮ ਬਣਾਉਣ ਸਮੇਂ ਪੁਰਾਣੇ ਵਰਕਰਾਂ, ਵੱਖ-ਵੱਖ ਧੜਿਆਂ ਅਤੇ ਸ਼ਹਿਰੀ-ਦਿਹਾਤੀ ਸੰਤੁਲਨ ਨੂੰ ਨਜ਼ਰਅੰਦਾਜ਼ ਕੀਤਾ ਤਾਂ ਅਹੁਦਿਆਂ ਦੀ ਲੜਾਈ ਆਉਣ ਵਾਲੇ ਦਿਨਾਂ ’ਚ ਖੁੱਲ੍ਹੀ ਨਾਰਾਜ਼ਗੀ ਦਾ ਰੂਪ ਧਾਰ ਸਕਦੀ ਹੈ।
-2027 ਤੋਂ ਪਹਿਲਾਂ ਸੰਗਠਨ ਦੀ ਪਰਖ
2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੁਧਿਆਣਾ ਸ਼ਹਿਰ ’ਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਇੱਕਜੁੱਟ ਸੰਗਠਨ ਦੀ ਲੋੜ ਹੈ। ਸ਼ਹਿਰ ਦੀਆਂ ਛੇ ਵਿਧਾਨ ਸਭਾ ਸੀਟਾਂ ’ਤੇ ਜ਼ਮੀਨੀ ਪੱਧਰ ਦੀ ਤਿਆਰੀ ਲਈ ਵਰਕਰਾਂ ਨੂੰ ਇੱਕ ਮੰਚ ’ਤੇ ਲਿਆਉਣਾ ਪਾਰਟੀ ਦੀ ਵੱਡੀ ਚੁਣੌਤੀ ਹੈ। ਅਜਿਹੇ ’ਚ ਜੇਕਰ ਜ਼ਿਲ੍ਹਾ ਟੀਮ ਬਣਨ ਤੋਂ ਪਹਿਲਾਂ ਹੀ ਅਹੁਦਿਆਂ ਦੀ ਖਿੱਚੋਤਾਣ ਤੇ ਧੜੇਬੰਦੀ ਹਾਵੀ ਰਹੀ ਤਾਂ ਇਸ ਦਾ ਸਿੱਧਾ ਅਸਰ ਵਿਧਾਨ ਸਭਾ ਚੋਣ ਦੀ ਤਿਆਰੀ ’ਤੇ ਪੈਣ ਦਾ ਖ਼ਦਸ਼ਾ ਨਜ਼ਰ ਆ ਰਿਹਾ ਹੈ। ਹੁਣ ਗੇਂਦ ਹਾਈਕਮਾਂਡ ਦੇ ਪਾਲੇ ਵਿੱਚ ਹੈ। ਦੇਖਣਾ ਇਹ ਹੋਵੇਗਾ ਕਿ ਹਾਈਕਮਾਂਡ ਅਹੁਦਿਆਂ ਲਈ ਚੱਲ ਰਹੀ ਅੰਦਰੂਨੀ ਜੰਗ ਖ਼ਤਮ ਕਰਕੇ ਸਾਰੇ ਧੜਿਆਂ ਨੂੰ ਇਕ ਛੱਤ ਹੇਠ ਲਿਆਉਂਦੀ ਹੈ ਜਾਂ ਫਿਰ ਜ਼ਿਲ੍ਹਾ ਟੀਮ ਦਾ ਐਲਾਨ ਹੀ ਭਾਜਪਾ ਦੀ ਅੰਦਰੂਨੀ ਖਿੱਚੋਤਾਣ ਦਾ ਸਭ ਤੋਂ ਵੱਡਾ ਸਬੂਤ ਬਣ ਕੇ ਰਹਿ ਜਾਂਦਾ ਹੈ।