
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ‘ਕਥਿਹੁ ਅਕਥ ਕਹਾਣੀ’ ਪੁਸਤਕ ਲੋਕ ਅਰਪਣ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਵੀਰਵਾਰ ਨੂੰ ਪੰਜਾਬ ਦੇ ਖੇਤੀਬਾੜੀ ਤੇ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਕੈਲੀਫੋਰਨੀਆ ਅਮਰੀਕਾ ਵਾਸੀ ਗੁਰਬਖ਼ਸ਼ ਕੌਰ ਕਾਹਲੋਂ ਰਚਿਤ ਪੁਸਤਕ ‘ਕਥਿਹੁ ਅਕਥ ਕਹਾਣੀ’ ਲੋਕ ਅਰਪਣ ਕੀਤੀ। ਇਸ ਮੌਕੇ ਖੁੱਡੀਆ ਨੇ ਕਿਹਾ ਕਿ ਪੁਸਤਕ ਨੂੰ ਆਸਾਨ ਭਾਸ਼ਾ ’ਚ ਲਿਖਣਾ ਬੇਹੱਦ ਸ਼ਲਾਘਾਯੋਗ ਕਾਰਜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਵਿੱਚ ਸੇਵਾ ਨਿਭਾਉਣ ਉਪਰੰਤ 1977 ਤੋਂ ਅਮਰੀਕਾ ਵੱਸਦੇ ਬੀਬੀ ਗੁਰਬਖ਼ਸ਼ ਕੌਰ ਕਾਹਲੋਂ ਦੀ ਇਹ ਲਿਖਤ ਪੰਜਾਬੀਆਂ ਦਾ ਰਾਹ ਰੁਸ਼ਨਾਵੇਗੀ। ਗੁਰਮਤਿ ਰਾਹ ਤੇ ਤੁਰਦਿਆਂ ਕਈ ਪ੍ਰਸ਼ਨ ਸਾਡੇ ਸਾਹਮਣੇ ਆਉਂਦੇ ਹਨ ਜਿੰਨ੍ਹਾਂ ਦਾ ਉੱਤਰ ਗੁਰਬਾਣੀ ਸਪੱਸ਼ਟ ਰੂਪ ਵਿਚ ਦਿੰਦੀ ਹੈ ਪਰ ਵਿਦਵਾਨ ਲੋਕਾਂ ਦੀ ਗੁੰਝਲਦਾਰ ਭਾਸ਼ਾ ਕਾਰਨ ਸਾਡੇ ਲਈ ਅਣਸੁਲਝੇ ਸਵਾਲ ਰਹਿ ਜਾਂਦੇ ਹਨ।
ਉਨ੍ਹਾਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਦਾ ਧੰਨਵਾਦ ਕੀਤਾ ਜਿਹੜੇ ਹਰ ਫੇਰੀ ਤੇ ਉਨ੍ਹਾਂ ਨੂੰ ਪੁਸਤਕਾਂ ਦੇ ਕੇ ਨਿਵਾਜਦੇ ਹਨ। ਇਸ ਮੌਕੇ ਸਿਡਨੀਆਸਟ੍ਰੇਲੀਆ ਤੋਂ ਭਾਰਤ ਫੇਰੀ ’ਤੇ ਆਏ ਪ੍ਰਭਜੋਤ ਸਿੰਘ ਸੰਧੂ ਨੇ ਵੀ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਪੰਜਾਬ ਦੇ ਖੇਤੀ ਅਰਥਚਾਰੇ ਦੇ ਵਿਕਾਸ ਲਈ ਕੁੱਝ ਠੋਸ ਸੁਝਾਅ ਦਿੱਤੇ। ਇਸ ਮੌਕੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਪ੍ਰਭਜੋਤ ਸਿੰਘ ਸੰਧੂ ਨੂੰ ਪੁਸਤਕਾਂ ਦਾ ਸੈੱਟ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਗੁਰਮੀਤ ਸਿੰਘ ਖੁੱਡੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੁਰਮਤਿ ਮਾਰਗ ਦੀ ਸਹੀ ਤੇ ਸੁਖੈਨ ਵਿਆਖਿਆ ਵਾਲੀ ਪੁਸਤਕ ਦਾ ਉਨ੍ਹਾਂ ਵਰਗੇ ਨਿੱਤ ਨੇਮੀ ਆਦਮੀ ਵੱਲੋਂ ਹੋਣਾ ਯਕੀਨਨ ਬਖਸ਼ਿਸ਼ ਵਾਂਗ ਹੈ। ਇਸ ਮੌਕੇ ਸਰਬੱਤ ਦਾ ਭਲਾ ਟਰੱਸਟ ਲੁਧਿਆਣਾ ਦੇ ਮੁਖੀ ਜਸਵੰਤ ਸਿੰਘ ਛਾਪਾ ਤੇ ਕੁੱਝ ਹੋਰ ਸ਼ਖਸੀਅਤਾਂ ਵੀ ਹਾਜ਼ਰ ਸਨ।