
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਬਸੰਤ ਐਵਨਿਊ ’ਚ ਅਣਪ੍ਰਵਾਨਤ ਕਲੋਨੀ ਦਾ ਸੀਵਰੇਜ ਜੋੜਨ ਦੀ ਕੋਸ਼ਿਸ਼, ਕਲੋਨੀ ਵਾਸੀਆਂ ਨੇ ਰੋਕਿਆ

-ਮਾਮਲੇ ਦੀ ਨਿਰਪੱਖ ਜਾਂਚ ਕਰ ਕੇ ਮੌਜੂਦਾ ਸੀਵਰੇਜ ਸਮੱਸਿਆ ਦਾ ਕੀਤਾ ਜਾਵੇ ਪੱਕਾ ਹੱਲ
ਫੋਟੋ ਨੰਬਰ-18,19
ਜਸਵੀਰ ਸਿੰਘ ਗੁਰਮ, ਪੰਜਾਬੀ ਜਾਗਰਣ ਡੇਹਲੋਂ/ਆਲਮਗੀਰ
ਬਸੰਤ ਐਵਨਿਊ ਵਿਖੇ ਬੀਤੀ ਰਾਤ ਇੱਕ ਪ੍ਰਾਈਵੇਟ ਕਲੋਨੀ ਦੇ ਸੀਵਰੇਜ ਨੂੰ ਬਸੰਤ ਐਵੀਨਿਊ ਦੇ ਸੀਵਰੇਜ ਨਾਲ ਜੋੜਨ ਦੀ ਕੋਸ਼ਿਸ਼ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ। ਕਲੋਨੀ ਵਾਸੀਆਂ ਨੇ ਮੌਕੇ ’ਤੇ ਪਹੁੰਚ ਕੇ ਸੀਵਰੇਜ ਲਾਈਨ ਜੋੜਨ ਦਾ ਕੰਮ ਰੋਕ ਦਿੱਤਾ। ਕਲੋਨੀ ਵਾਸੀਆਂ ਦਾ ਦੋਸ਼ ਹੈ ਕਿ ਇਹ ਕੰਮ ਰਾਤ ਦੇ ਸਮੇਂ ਬਿਨਾਂ ਉਨ੍ਹਾਂ ਦੀ ਸਹਿਮਤੀ ਅਤੇ ਕਥਿਤ ਤੌਰ ’ਤੇ ਬਿਨਾਂ ਲੁੜੀਂਦੀ ਮਨਜ਼ੂਰੀ ਦੇ ਕੀਤਾ ਜਾ ਰਿਹਾ ਸੀ। ਇਸ ਸਬੰਧੀ ‘ਆਪ’ ਦੇ ਬਲਾਕ ਪ੍ਰਧਾਨ ਹਰਦੀਪ ਸਿੰਘ ਚਾਵਲਾ, ਕਲੋਨੀ ਵਾਸੀ ਨਿਰਮਲ ਸਿੰਘ, ਪਵਨ ਦੱਤ ਤੇ ਹੋਰ ਵਸਨੀਕਾਂ ਨੇ ਦੱਸਿਆ ਕਿ ਬਸੰਤ ਐਵਨਿਊ ਵਿੱਚ ਪਹਿਲਾਂ ਹੀ ਸੀਵਰੇਜ ਦੀ ਸਮੱਸਿਆ ਗੰਭੀਰ ਬਣੀ ਹੋਈ ਹੈ। ਕਈ ਘਰਾਂ ਦੀਆਂ ਸੀਵਰੇਜ ਹੋਦੀਆਂ ਭਰੀਆਂ ਪਈਆਂ ਹਨ ਤੇ ਸੀਵਰੇਜ ਦਾ ਗੰਦਾ ਪਾਣੀ ਘਰਾਂ ਦੇ ਬਾਹਰ ਤੇ ਗਲੀਆਂ ਵਿੱਚ ਓਵਰਫਲੋ ਹੋ ਰਿਹਾ ਹੈ। ਵਸਨੀਕਾਂ ਅਨੁਸਾਰ ਕਈ ਥਾਵਾਂ ’ਤੇ ਪੀਣ ਵਾਲੇ ਪਾਣੀ ਵਿੱਚ ਵੀ ਗੰਦਾ ਪਾਣੀ ਮਿਲਣ ਦੀ ਸਮੱਸਿਆ ਸਾਹਮਣੇ ਆ ਰਹੀ ਹੈ। ਵਸਨੀਕਾਂ ਨੇ ਦੋਸ਼ ਲਾਇਆ ਕਿ ਜਦੋਂ ਮੌਜੂਦਾ ਸੀਵਰੇਜ ਪ੍ਰਬੰਧ ਹੀ ਵਾਧੂ ਪਾਣੀ ਦਾ ਬੋਝ ਨਹੀਂ ਝੱਲ ਰਿਹਾ ਤਾਂ ਇੱਕ ਹੋਰ ਪ੍ਰਾਈਵੇਟ ਕਲੋਨੀ ਦਾ ਸੀਵਰੇਜ ਇਸ ਵਿੱਚ ਜੋੜਨ ਨਾਲ ਸਮੱਸਿਆ ਹੋਰ ਗੰਭੀਰ ਹੋ ਸਕਦੀ ਹੈ। ਪਹਿਲਾਂ ਮੌਜੂਦਾ ਸੀਵਰੇਜ ਦੀ ਸਮੱਸਿਆ ਦਾ ਹੱਲ ਕੀਤਾ ਜਾਣਾ ਚਾਹੀਦਾ ਹੈ ਤੇ ਇਸ ਤੋਂ ਬਾਅਦ ਹੀ ਕਿਸੇ ਨਵੇਂ ਕੁਨੈਕਸ਼ਨ ਬਾਰੇ ਫੈਸਲਾ ਲਿਆ ਜਾਣਾ ਚਾਹੀਦਾ ਹੈ। ਇਸ ਮੌਕੇ ਬਲਾਕ ਪ੍ਰਧਾਨ ਚਾਵਲਾ ਅਤੇ ਹੋਰ ਵਸਨੀਕਾਂ ਨੇ ਮੰਗ ਕੀਤੀ ਕਿ ਸਬੰਧਤ ਵਿਭਾਗ ਇਸ ਮਾਮਲੇ ਦੀ ਜਾਂਚ ਕਰੇ ਤੇ ਇਹ ਪਤਾ ਲਾਇਆ ਜਾਵੇ ਕਿ ਸੀਵਰੇਜ ਲਾਈਨ ਜੋੜਨ ਲਈ ਕਿਸ ਵਿਭਾਗ ਤੋਂ ਮਨਜ਼ੂਰੀ ਲਈ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਬਿਨਾਂ ਮਨਜ਼ੂਰੀ ਦੇ ਕੰਮ ਕੀਤਾ ਗਿਆ ਹੈ ਤਾਂ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।
-ਕੀ ਕਹਿਣਾ ਹੈ ਬੀਡੀਪੀਓ ਲੁਧਿਆਣਾ-1 ਦਾ
ਇਸ ਸਬੰਧੀ ਜਦੋਂ ਬੀਡੀਪੀਓ ਲੁਧਿਆਣਾ-1 ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਹਾਲ ਹੀ ਵਿੱਚ ਅਹੁਦਾ ਸੰਭਾਲਿਆ ਹੈ ਅਤੇ ਇਹ ਮਾਮਲਾ ਅੱਜ ਦੁਪਹਿਰ ਬਾਅਦ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਸਬੰਧੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ। ਉਨ੍ਹਾਂ ਕਿਹਾ ਕਿ ਜੇਕਰ ਜਾਂਚ ਦੌਰਾਨ ਸਰਪੰਚ ਦੀ ਕੋਈ ਗਲਤੀ ਸਾਹਮਣੇ ਆਉਂਦੀ ਹੈ ਤਾਂ ਨਿਯਮਾਂ ਅਨੁਸਾਰ ਵਿਭਾਗੀ ਕਾਰਵਾਈ ਕੀਤੀ ਜਾਵੇਗੀ।
-ਕੀ ਕਹਿਣਾ ਹੈ ਸਰਪੰਚ ਅਨੰਦ ਗੋਇਲ ਦਾ
ਜਦੋਂ ਇਸ ਸਬੰਧੀ ਬਸੰਤ ਐਵਨਿਊ ਦੇ ਸਰਪੰਚ ਅਨੰਦ ਗੋਇਲ ਨਾਲ ਗੱਲਬਾਤ ਕੀਤੀ ਉਹਨਾਂ ਤੋਂ ਪੁੱਛਿਆ ਗਿਆ ਕਿ ਕੀ ਬਿਨਾਂ ਮਨਜ਼ੂਰੀ ਤੋਂ ਤੁਸੀਂ ਸੀਵਰੇਜ ਪਾ ਸਕਦੇ ਹੋ ਜੇ ਪਾ ਸਕਦੇ ਹੋ ਤਾਂ ਰਾਤ ਦੇ ਹਨੇਰੇ ਦੇ ਵਿੱਚ ਹੀ ਕਿਉਂ ਇਸ ਸਬੰਧੀ ਸਰਪੰਚ ਅਨੰਦ ਗੋਇਲ ਨੇ ਦੱਸਿਆ ਕਿ ਰਾਤ ਦੇ ਹਨੇਰੇ ਵਿੱਚ ਨਹੀਂ ਸ਼ਾਮ ਨੂੰ 6 ਵਜੇ ਮਸੀਨ ਦਾ ਟਾਈਮ ਮਿਲਿਆ ਸੀ ਤਾਂ ਸ਼ਾਮ ਨੂੰ ਸੀਵਰੇਜ ਸ਼ੁਰੂ ਕੀਤਾ ਗਿਆ ਸੀ ਰਹੀ ਗੱਲ ਮਨਜ਼ੂਰੀ ਦੀ ਸਮੂਹ ਗ੍ਰਾਮ ਪੰਚਾਇਤ ਕੋਲ ਅਧਿਕਾਰ ਹਨ ਕਿ ਇਲਾਕੇ ਦੇ ਵੋਟਰਾਂ ਦਾ ਖਾਸ ਧਿਆਨ ਰੱਖਿਆ ਜਾਵੇ ਇਸ ਸੀਵਰੇਜ ਜੋੜਨ ਦੇ ਨਾਲ ਜਿੱਥੇ ਅਨੇਕਾਂ ਪਰਿਵਾਰਾਂ ਨੂੰ ਲਾਭ ਮਿਲਣਾ ਸੀ ਜਿਸ ਨੂੰ ਬਸੰਤ ਐਵਨਿਊ ਅਪਰੂਡ ਦੇ ਲੋਕਾਂ ਨੇ ਇਤਰਾਜ ਜਤਾਇਆ ਹੈ ਅਤੇ ਸੀਵਰੇਜ ਪਾਉਣ ਤੋਂ ਰੋਕਿਆ ਗਿਆ ਅੱਗੇ ਉਹਨਾਂ ਨਾਲ ਮੀਟਿੰਗ ਕਰਕੇ ਆਪਸੀ ਮਤਭੇਦ ਦੂਰ ਕਰਕੇ ਇਸ ਸੀਵਰੇਜ ਨੂੰ ਪਾਇਆ ਜਾਵੇਗਾ।
-ਕੀ ਕਹਿਣਾ ਹੈ ਗਲਾਡਾ ਦੇ ਐੱਸਡੀਓ ਦਾ
ਇਸ ਸਬੰਧੀ ਜਦੋਂ ਗਲਾਡਾ ਦੇ ਐਸਡੀਓ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਸਬੰਧੀ ਜਾਣਕਾਰੀ ਕਲੋਨੀ ਦੇ ਕੁਝ ਵਸਨੀਕਾਂ ਰਾਹੀਂ ਹੀ ਪ੍ਰਾਪਤ ਹੋਈ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਅਸਲ ਸਥਿਤੀ ਦਾ ਪਤਾ ਲਗਾਉਣ ਲਈ ਉਹ ਆਪਣੇ ਅਧਿਕਾਰੀਆਂ ਨੂੰ ਤੁਰੰਤ ਮੌਕੇ ’ਤੇ ਭੇਜ ਕੇ ਸਾਰੀ ਜਾਣਕਾਰੀ ਹਾਸਲ ਕਰਨਗੇ। ਐਸਡੀਓ ਨੇ ਕਿਹਾ ਕਿ ਜੇਕਰ ਜਾਂਚ ਦੌਰਾਨ ਕਿਸੇ ਕਿਸਮ ਦੀ ਖਾਮੀ ਜਾਂ ਨਿਯਮਾਂ ਦੀ ਉਲੰਘਣਾ ਸਾਹਮਣੇ ਆਉਂਦੀ ਹੈ ਤਾਂ ਉਸ ਦੇ ਖ਼ਿਲਾਫ਼ ਤੁਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।