
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਖੈਹਰਾ ਬੇਟ ਦੀ ਅਗਵਾਈ ’ਚ ਲਗਾਇਆ ਬੂਟਿਆਂ ਦਾ ਲੰਗਰ

ਗੁਰਦੀਪ ਭਾਮੀਆਂ, ਪੰਜਾਬੀ ਜਾਗਰਣ, ਸਾਹਨੇਵਾਲ/ਕੋਹਾੜਾ
ਗੁਰਦੁਆਰਾ ਸ੍ਰੀ ਦੇਗਸਰ ਕਟਾਣਾ ਸਾਹਿਬ ਵਿਖੇ ਵਾਤਾਵਰਨ ਦੀ ਸੰਭਾਲ ਤੇ ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਦੇ ਉਦੇਸ਼ ਨਾਲ ਨੀਫਾ ਪੰਜਾਬ ਦੇ ਪ੍ਰਧਾਨ ਸੱਚਪ੍ਰੀਤ ਸਿੰਘ ਖੈਹਰਾ ਬੇਟ ਦੀ ਅਗਵਾਈ ਹੇਠ ਬੂਟਿਆਂ ਦਾ ਲੰਗਰ ਲਾਇਆ। ਇਸ ਦੌਰਾਨ ਸੰਗਤਾਂ ਅਤੇ ਇਲਾਕਾ ਵਾਸੀਆਂ ਨੂੰ ਫਲਦਾਰ ਬੂਟੇ ਵੰਡੇ ਗਏ।ਇਹ ਉਪਰਾਲਾ ਨੀਫਾ ਦੇ ਫਾਉਂਡਰ ਚੇਅਰਮੈਨ ਪ੍ਰਿਤਪਾਲ ਸਿੰਘ ਪੰਨੂ ਦੀ ਅਗਵਾਈ ਤੇ ਨੀਫਾ ਪੰਜਾਬ ਦੇ ਸਰਪ੍ਰਸਤ ਸਰਬਪ੍ਰੀਤ ਸਿੰਘ ਦੀ ਸਰਪ੍ਰਸਤੀ ਹੇਠ ਕੀਤਾ ਗਿਆ। ਡਾ. ਗੁਰਜੀਤ ਸਿੰਘ ਗਰਚਾ ਵੱਲੋਂ ਫਲਦਾਰ ਬੂਟੇ ਸਪੋਂਸਰ ਕੀਤੇ ਗਏ, ਜਿਨ੍ਹਾਂ ਨੂੰ ਨੀਫਾ ਟੀਮ ਨੇ ਸੰਗਤ ’ਚ ਵੰਡਿਆ।ਸੱਚਪ੍ਰੀਤ ਸਿੰਘ ਖੈਹਰਾ ਬੇਟ ਨੇ ਕਿਹਾ ਕਿ ਵਾਤਾਵਰਨ ਦੀ ਸੰਭਾਲ ਅੱਜ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਸਿਰਫ਼ ਬੂਟੇ ਲਗਾਉਣਾ ਹੀ ਨਹੀਂ, ਸਗੋਂ ਉਨ੍ਹਾਂ ਦੀ ਸੰਭਾਲ ਕਰਨਾ ਵੀ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਪ੍ਰਿਤਪਾਲ ਸਿੰਘ ਪੰਨੂ ਨੇ ਕਿਹਾ ਕਿ ਵਾਤਾਵਰਨ ਦੀ ਰੱਖਿਆ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਸਾਡੀ ਜ਼ਿੰਮੇਵਾਰੀ ਹੈ ਤੇ ਹਰ ਵਿਅਕਤੀ ਨੂੰ ਘੱਟੋ-ਘੱਟ ਇਕ ਬੂਟਾ ਲਾ ਕੇ ਉਸ ਦੀ ਸੰਭਾਲ ਕਰਨ ਦਾ ਸੰਕਲਪ ਲੈਣਾ ਚਾਹੀਦਾ ਹੈ। ਸਰਬਪ੍ਰੀਤ ਸਿੰਘ ਨੇ ਕਿਹਾ ਕਿ ਵਾਤਾਵਰਨ ਸੰਭਾਲ ਦੀ ਮੁਹਿੰਮ ਨੂੰ ਲੋਕ ਲਹਿਰ ਬਣਾਉਣ ਦੀ ਲੋੜ ਹੈ। ਉਨ੍ਹਾਂ ਡਾ. ਗੁਰਜੀਤ ਸਿੰਘ ਗਰਚਾ ਦਾ ਬੂਟੇ ਸਪੋਂਸਰ ਕਰਨ ਲਈ ਧੰਨਵਾਦ ਕੀਤਾ। ਇਸ ਮੌਕੇ ਸਤਿੰਦਰਪਾਲ ਸਿੰਘ, ਸਟੇਟ ਟਰੇਜ਼ਰਰ, ਦੀਪਕ ਵਾਲੀਆ, ਜਨਰਲ ਸਕੱਤਰ ਪੰਜਾਬ, ਡਾ. ਗੁਰਜੀਤ ਸਿੰਘ ਗਰਚਾ, ਗੁਰਪ੍ਰੀਤ ਅਤੇ ਸਿਮਰਨ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਨੀਫਾ ਪੰਜਾਬ ਨੇ ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਲਾਉਣ ਤੇ ਉਨ੍ਹਾਂ ਦੀ ਸੰਭਾਲ ਕਰਨ ਦੀ ਅਪੀਲ ਕੀਤੀ।