
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸੰਤ ਬਾਬਾ ਸੁੱਚਾ ਸਿੰਘ ਦੀ 24ਵੀਂ ਯਾਦ ਨੂੰ ਸਮਰਪਿਤ ਨਾਮ ਸਿਮਰਨ ਸਮਾਗਮਾਂ ਦੀ ਆਰੰਭਤਾ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਪਰਮ ਸੰਤ ਬਾਬਾ ਸੁੱਚਾ ਸਿੰਘ ਦੀ 24ਵੀਂ ਯਾਦ ਨੂੰ ਸਮਰਪਿਤ ਬਰਸੀ ਸਮਾਗਮਾਂ ਦੀ ਆਰੰਭਤਾ ਸੰਤ ਬਾਬਾ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਵੱਲੋਂ ਸਮੂਹ ਪ੍ਰਬੰਧਕਾਂ ਤੇ ਸੇਵਾਦਾਰਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਕੀਤੀ ਗਈ। ਇਸ ਮੌਕੇ ਬੀਤੇ ਕੱਲ੍ਹ ਤੋਂ ਸ਼ਾਮ ਦੇ ਨਾਮ ਸਿਮਰਨ ਸਮਾਗਮ ਆਰੰਭ ਹੋਏ, ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਰਧਾ ਅਤੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ ਮਹਾਂਪੁਰਸ਼ਾਂ ਵੱਲੋਂ ਸੰਗਤ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਗਈ। ਸੰਤ ਬਾਬਾ ਸੁੱਚਾ ਸਿੰਘ ਦੇ ਜੀਵਨ, ਸੇਵਾਵਾਂ ਅਤੇ ਗੁਰਮਤਿ ਪ੍ਰਚਾਰ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਉਨ੍ਹਾਂ ਨੇ ਬਹੁਤ ਹੀ ਬਿਖੜੇ ਹਾਲਾਤ ’ਚੋਂ ਲੰਘਦਿਆਂ ਸਿੱਖ ਕੌਮ ਤੇ ਸਮੁੱਚੀ ਮਨੁੱਖਤਾ ਦੀ ਨਿੱਗਰ ਤੇ ਉਸਾਰੂ ਸੇਵਾ ਕੀਤੀ। ਉਨ੍ਹਾਂ ਵੱਲੋਂ ਗੁਰਸਿੱਖੀ ਦੇ ਪ੍ਰਚਾਰ-ਪ੍ਰਸਾਰ ਤੇ ਲੋਕਾਈ ਦੀ ਭਲਾਈ ਲਈ ਕੀਤੇ ਕਾਰਜ ਅੱਜ ਵੀ ਸਮਾਜ ਲਈ ਪ੍ਰੇਰਣਾ ਦਾ ਸਰੋਤ ਹਨ। ਮਹਾਂਪੁਰਸ਼ਾਂ ਨੇ ਕਿਹਾ ਕਿ ਸੰਤ ਬਾਬਾ ਸੁੱਚਾ ਸਿੰਘ ਨੇ ਗੁਰਬਾਣੀ ਦੇ ਸਿਧਾਂਤਾਂ ਨੂੰ ਆਪਣੇ ਜੀਵਨ ’ਚ ਅਪਣਾ ਕੇ ਸੰਗਤ ਨੂੰ ਆਤਮਿਕ ਸੁੱਖ ਅਤੇ ਆਨੰਦ ਦੀ ਪ੍ਰਾਪਤੀ ਦਾ ਰਾਹ ਦਿਖਾਇਆ।
ਉਨ੍ਹਾਂ ਨੇ ਹਉਮੈ, ਦੁਬਿਧਾ, ਆਪਾ-ਧਾਪੀ, ਦੁੱਖਾਂ ਅਤੇ ਵਿਸ਼ੇ-ਵਿਕਾਰਾਂ ’ਚ ਫਸੀ ਮਨੁੱਖਤਾ ਦੀ ਪੀੜਾ ਨੂੰ ਗੰਭੀਰਤਾ ਨਾਲ ਮਹਿਸੂਸ ਕੀਤਾ ਤੇ ਲੋਕਾਂ ਨੂੰ ਗੁਰੂ ਦੇ ਸ਼ਬਦ ਨਾਲ ਜੁੜ ਕੇ ਜੀਵਨ ਸਫਲ ਬਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸੰਤ ਬਾਬਾ ਸੁੱਚਾ ਸਿੰਘ ਦਾ ਸਮੁੱਚਾ ਜੀਵਨ ਨਾਮ ਸਿਮਰਨ, ਸੇਵਾ, ਸਿਮਰਨ ਅਤੇ ਮਨੁੱਖਤਾ ਦੀ ਭਲਾਈ ਨੂੰ ਸਮਰਪਿਤ ਰਿਹਾ। ਉਨ੍ਹਾਂ ਸਿੱਖ ਧਰਮ ਦੀ ਚੜ੍ਹਦੀ ਕਲਾ, ਉਸਾਰੀ ਅਤੇ ਇਸ ਦੀ ਆਜ਼ਾਦ ਹਸਤੀ ਦੀ ਬਰਕਰਾਰੀ ਲਈ ਮਿਸਾਲੀ ਅਤੇ ਯਾਦਗਾਰੀ ਘਾਲਣਾ ਘਾਲੀ। ਉਨ੍ਹਾਂ ਦੀਆਂ ਸਿੱਖਿਆਵਾਂ ਅੱਜ ਵੀ ਸੰਗਤ ਨੂੰ ਸੱਚ, ਸੇਵਾ ਅਤੇ ਗੁਰਬਾਣੀ ਦੇ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕਰਦੀਆਂ ਹਨ। ਸੰਤ ਬਾਬਾ ਅਮੀਰ ਸਿੰਘ ਨੇ ਸੰਗਤਾਂ ਨੂੰ ਨਾਮ ਸਿਮਰਨ ਨਾਲ ਜੁੜਨ ਤੇ ਗੁਰਮਤਿ ਦੇ ਸਿਧਾਂਤਾਂ ਅਨੁਸਾਰ ਜੀਵਨ ਬਤੀਤ ਕਰਨ ਦੀ ਪ੍ਰੇਰਣਾ ਦਿੱਤੀ।
ਉਨ੍ਹਾਂ ਕਿਹਾ ਕਿ ਮਨੁੱਖੀ ਜੀਵਨ ਦੀ ਅਸਲ ਸ਼ਾਂਤੀ ਬਾਹਰੀ ਪਦਾਰਥਾਂ ਵਿੱਚ ਨਹੀਂ, ਸਗੋਂ ਪ੍ਰਭੂ ਦੇ ਨਾਮ ਤੇ ਗੁਰੂ ਦੀ ਬਾਣੀ ਨਾਲ ਜੁੜਨ ਵਿੱਚ ਹੈ। ਸਮਾਗਮ ਦੌਰਾਨ ਸੰਗਤਾਂ ਨੇ ਇਕਾਗਰ ਚਿੱਤ ਹੋ ਕੇ ਨਾਮ ਸਿਮਰਨ ਕੀਤਾ ਅਤੇ ਗੁਰਬਾਣੀ ਦਾ ਆਨੰਦ ਮਾਣਿਆ। ਅੰਤ ਵਿੱਚ ਮਹਾਂਪੁਰਸ਼ਾਂ ਅਤੇ ਪ੍ਰਬੰਧਕਾਂ ਵੱਲੋਂ ਸਮੂਹ ਸੰਗਤਾਂ ਨੂੰ ਬਰਸੀ ਸਮਾਗਮਾਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ। ਪ੍ਰਬੰਧਕਾਂ ਅਨੁਸਾਰ ਭਵਿੱਖ ’ਚ ਵੀ ਨਾਮ ਸਿਮਰਨ, ਗੁਰਮਤਿ ਵਿਚਾਰਾਂ ਅਤੇ ਹੋਰ ਧਾਰਮਿਕ ਸਮਾਗਮਾਂ ਰਾਹੀਂ ਸੰਗਤਾਂ ਨੂੰ ਗੁਰੂ ਦੇ ਚਰਨਾਂ ਨਾਲ ਜੋੜਨ ਦਾ ਉਪਰਾਲਾ ਜਾਰੀ ਰਹੇਗਾ।