ਚੱਲਦੀ ਮਸ਼ੀਨ ’ਚ ਦੁਪੱਟਾ ਫਸਣ ਨਾਲ ਔਰਤ ਦੀ ਮੌਤ ਕੰਗਨਵਾਲ ਦੀ ਧਾਗਾ ਫੈਕਟਰੀ ’ਚ ਮਸ਼ੀਨ ਬਣੀ ਮੌਤ ਦਾ ਕਾਰਨ
Publish Date: Fri, 14 Aug 2026 07:57 PM (IST)
Updated Date: Sat, 15 Aug 2026 04:05 AM (IST)
- ਚਾਰ ਸਾਲਾਂ ਤੋਂ ਫੈਕਟਰੀ ’ਚ ਕਰ ਰਹੀ ਸੀ ਕੰਮ - ਹਾਦਸੇ ਮਗਰੋਂ ਗੁੱਸੇ ’ਚ ਆਏ ਰਿਸ਼ਤੇਦਾਰਾਂ ਨੇ ਦਿੱਲੀ ਹਾਈਵੇ ਕੀਤਾ ਜਾਮ ਫੋਟੋ ਨੰਬਰ-35 ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਕੰਗਨਵਾਲ ਇਲਾਕੇ ’ਚ ਸ਼ੁੱਕਰਵਾਰ ਸਵੇਰੇ ਇਕ ਧਾਗਾ ਫੈਕਟਰੀ ਅੰਦਰ ਵਾਪਰੇ ਦਰਦਨਾਕ ਹਾਦਸੇ ਦੌਰਾਨ ਔਰਤ ਦੀ ਮੌਤ ਹੋ ਗਈ। ਫੈਕਟਰੀ ’ਚ ਕੰਮ ਕਰ ਰਹੀ 55 ਸਾਲਾ ਮਹਿਲਾ ਕਰਮਚਾਰੀ ਸੰਜੂ ਨੇ ਚਲਦੀ ਮਸ਼ੀਨ ’ਚ ਦੁਪੱਟਾ ਫਸਣ ਕਾਰਨ ਥਾਂ ਤੇ ਹੀ ਦਮ ਤੋੜ ਦਿੱਤਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਮ੍ਰਿਤਕਾ ਦੇ ਪਰਿਵਾਰਕ ਮੈਂਬਰ ਤੇ ਵੱਡੀ ਗਿਣਤੀ ’ਚ ਰਿਸ਼ਤੇਦਾਰ ਮੌਕੇ ’ਤੇ ਪਹੁੰਚ ਗਏ ਅਤੇ ਫੈਕਟਰੀ ਪ੍ਰਬੰਧਕਾਂ ਖ਼ਿਲਾਫ਼ ਆਪਣਾ ਰੋਸ ਜ਼ਾਹਰ ਕੀਤਾ। ਮ੍ਰਿਤਕਾ ਦੇ ਪਤੀ ਲਾਲ ਕਿਸ਼ਵਰ ਪਾਸਵਾਨ ਮੁਤਾਬਕ ਸੰਜੂ ਦੇਵੀ ਪਿਛਲੇ ਕਰੀਬ ਚਾਰ ਸਾਲਾਂ ਤੋਂ ਇਸੇ ਧਾਗਾ ਫੈਕਟਰੀ ’ਚ ਕੰਮ ਕਰ ਰਹੀ ਸੀ। ਸ਼ੁੱਕਰਵਾਰ ਸਵੇਰੇ ਵੀ ਉਹ ਹਰ ਰੋਜ਼ ਵਾਂਗ ਆਪਣੀ ਡਿਊਟੀ ’ਤੇ ਪਹੁੰਚੀ ਸੀ। ਸਵੇਰੇ ਕਰੀਬ 8 ਵਜੇ ਕੰਮ ਦੌਰਾਨ ਅਚਾਨਕ ਉਸ ਦਾ ਦੁਪੱਟਾ ਚੱਲਦੀ ਮਸ਼ੀਨ ’ਚ ਫਸ ਗਿਆ। ਇਸ ਤੋਂ ਪਹਿਲਾਂ ਕਿ ਮਹਿਲਾ ਨੂੰ ਬਚਾਉਣ ਲਈ ਕੋਈ ਅੱਗੇ ਆਉਂਦਾ ਉਹ ਗੰਭੀਰ ਹਾਦਸੇ ਦਾ ਸ਼ਿਕਾਰ ਹੋ ਚੁੱਕੀ ਸੀ। ਕੁਝ ਹੀ ਸਮੇਂ ’ਚ ਮਹਿਲਾ ਦੀ ਮੌਕੇ ਤੇ ਹੀ ਮੌਤ ਹੋ ਗਈ। ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਮਸ਼ੀਨ ਦੇ ਆਲੇ-ਦੁਆਲੇ ਲੋੜੀਂਦੇ ਸੁਰੱਖਿਆ ਪ੍ਰਬੰਧ ਹੁੰਦੇ ਤੇ ਕਰਮਚਾਰੀਆਂ ਦੀ ਸੇਫਟੀ ਲਈ ਨਿਯਮਾਂ ਅਨੁਸਾਰ ਸਾਵਧਾਨੀਆਂ ਵਰਤੀਆਂ ਜਾਂਦੀਆਂ ਤਾਂ ਸ਼ਾਇਦ ਇਹ ਹਾਦਸਾ ਟਾਲਿਆ ਜਾ ਸਕਦਾ ਸੀ। ਪਰਿਵਾਰਕ ਮੈਂਬਰਾਂ ਨੇ ਫੈਕਟਰੀ ਪ੍ਰਬੰਧਕਾਂ ’ਤੇ ਲਾਪਰਵਾਹੀ ਦੇ ਗੰਭੀਰ ਦੋਸ਼ ਲਗਾਉਂਦਿਆਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਅਤੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਲਾਸ਼ ਰਸਤੇ ’ਚ ਰੱਖ ਕੇ ਕੀਤਾ ਜ਼ੋਰਦਾਰ ਪ੍ਰਦਰਸ਼ਨ ਹਾਦਸੇ ਤੋਂ ਬਾਅਦ ਰਿਸ਼ਤੇਦਾਰਾਂ ਤੇ ਪਰਿਵਾਰਕ ਮੈਂਬਰਾਂ ਦਾ ਗੁੱਸਾ ਹੋਰ ਭੜਕ ਗਿਆ। ਉਨ੍ਹਾਂ ਲਾਸ਼ ਨੂੰ ਰਸਤੇ ’ਚ ਰੱਖ ਕੇ ਪ੍ਰਦਰਸ਼ਨ ਕੀਤਾ ਤੇ ਫੈਕਟਰੀ ਪ੍ਰਬੰਧਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਗੁੱਸੇ ’ਚ ਆਏ ਲੋਕਾਂ ਨੇ ਕੁਝ ਸਮੇਂ ਲਈ ਦਿੱਲੀ ਹਾਈਵੇ ਵੀ ਜਾਮ ਕਰ ਦਿੱਤਾ। ਇਸ ਕਾਰਨ ਸੜਕ ਦੇ ਦੋਵੇਂ ਪਾਸਿਆਂ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਅਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਫੈਕਟਰੀਆਂ ’ਚ ਕੰਮ ਕਰਦੇ ਮਜ਼ਦੂਰਾਂ ਦੀ ਜਾਨ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ ਤੇ ਮਸ਼ੀਨਾਂ ’ਤੇ ਕੰਮ ਕਰਦੇ ਸਮੇਂ ਹਰ ਲਾਜ਼ਮੀ ਸੇਫਟੀ ਪ੍ਰਬੰਧ ਯਕੀਨੀ ਬਣਾਉਣਾ ਫੈਕਟਰੀ ਪ੍ਰਬੰਧਕਾਂ ਦੀ ਜ਼ਿੰਮੇਵਾਰੀ ਹੈ। ਪਿੱਛੇ ਛੱਡ ਗਈ ਇਕ ਲੜਕਾ ਤੇ ਦੋ ਧੀਆਂ ਸੰਜੂ ਦੇਵੀ ਦੀ ਮੌਤ ਨਾਲ ਉਸ ਦਾ ਪਰਿਵਾਰ ਡੂੰਘੇ ਸਦਮੇ ’ਚ ਹੈ। ਮ੍ਰਿਤਕਾ ਆਪਣੇ ਪਿੱਛੇ ਇਕ ਲੜਕੇ ਤੇ ਦੋ ਧੀਆਂ ਨੂੰ ਛੱਡ ਗਈ ਹੈ। ਪਰਿਵਾਰਕ ਮੈਂਬਰਾਂ ਮੁਤਾਬਕ ਉਹ ਘਰ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ-ਨਾਲ ਫੈਕਟਰੀ ’ਚ ਮਿਹਨਤ ਕਰ ਕੇ ਪਰਿਵਾਰ ਦਾ ਸਹਾਰਾ ਬਣੀ ਹੋਈ ਸੀ। ਪੁਲਿਸ ਨੇ ਸ਼ੁਰੂ ਕੀਤੀ ਜਾਂਚ ਥਾਣਾ ਸਾਹਣੇਵਾਲ ਦੇ ਐੱਸਐੱਚਓ ਦਲਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਵੱਲੋਂ ਹਾਦਸੇ ਦੇ ਹਾਲਾਤ, ਮਸ਼ੀਨ ਦੀ ਸਥਿਤੀ ਤੇ ਫੈਕਟਰੀ ਵਿੱਚ ਮੌਜੂਦ ਸੁਰੱਖਿਆ ਪ੍ਰਬੰਧਾਂ ਸਮੇਤ ਹੋਰ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਜੇਕਰ ਕਿਸੇ ਦੀ ਲਾਪਰਵਾਹੀ ਸਾਹਮਣੇ ਆਉਂਦੀ ਹੈ ਤਾਂ ਉਸ ਅਨੁਸਾਰ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।