‘ਖੇਡਾਂ ਵਤਨ ਪੰਜਾਬ ਦੀਆਂ-2026’ ਦੀ ਟਾਰਚ ਰਿਲੇਅ ਦਾ ਸਵਾਗਤ ਲੁਧਿਆਣਾ ਪਹੁੰਚੀ ‘ਖੇਡਾਂ ਵਤਨ ਪੰਜਾਬ ਦੀਆਂ-2026’ ਦੀ ਟਾਰਚ ਰਿਲੇਅ ਦਾ ਹੋਇਆ ਸਵਾਗਤ
Publish Date: Fri, 14 Aug 2026 07:56 PM (IST)
Updated Date: Sat, 15 Aug 2026 04:05 AM (IST)
ਅਸ਼ਵਨੀ ਜੇਤਲੀ, ਪੰਜਾਬੀ ਜਾਗਰਣ, ਲੁਧਿਆਣਾ ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਦੇ ਸਬੰਧ ਵਿੱਚ ਸ਼ੁਰੂ ਕੀਤੀ ਗਈ ਟਾਰਚ ਰਿਲੇਅ ਸ਼ੁੱਕਰਵਾਰ ਨੂੰ ਲੁਧਿਆਣਾ ਪਹੁੰਚੀ, 12 ਅਗਸਤ ਨੂੰ ਜ਼ਿਲ੍ਹਾ ਸੰਗਰੂਰ ਤੋਂ ਸ਼ੁਰੂ ਹੋਈ ਇਹ ਟਾਰਚ ਮਾਨਸਾ ਤੇ ਬਰਨਾਲਾ ਤੋਂ ਹੁੰਦੀ ਹੋਈ 14 ਅਗਸਤ ਨੂੰ ਬਰਨਾਲਾ-ਲੁਧਿਆਣਾ ਸਰਹੱਦ ਰਾਹੀਂ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਦੱਧਾਹੂਰ ਵਿਖੇ ਪਹੁੰਚੀ, ਜਿੱਥੇ ਜ਼ਿਲ੍ਹਾ ਖੇਡ ਦਫ਼ਤਰ ਲੁਧਿਆਣਾ ਦੇ ਕੋਚਾਂ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੱਧਾਹੂਰ ਦੇ ਪ੍ਰਿੰਸੀਪਲ ਤੇ ਸਟਾਫ਼ ਮੈਂਬਰਾਂ ਵੱਲੋਂ ਮਸ਼ਾਲ ਦਾ ਸਵਾਗਤ ਕੀਤਾ। ਇਸ ਉਪਰੰਤ ਸਵੇਰੇ ਕਰੀਬ 11:30 ਵਜੇ ਟਾਰਚ ਲੁਧਿਆਣਾ ਦੇ ਫੁਹਾਰਾ ਚੌਂਕ ਵਿਖੇ ਪਹੁੰਚੀ। ਇੱਥੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ ਨੇ ਮਸ਼ਾਲ ਨੂੰ ਆਦਰ ਸਹਿਤ ਗੁਰੂ ਨਾਨਕ ਸਟੇਡੀਅਮ ਤੱਕ ਪਹੁੰਚਾਇਆ। ਗੁਰੂ ਨਾਨਕ ਸਟੇਡੀਅਮ ਵਿਖੇ ਵਧੀਕ ਡਿਪਟੀ ਕਮਿਸ਼ਨਰ (ਜ) ਸ਼ਿਖਾ ਭਗਤ, ਪੀਸੀਐੱਸ. ਨੇ ਟਾਰਚ ਦਾ ਸਵਾਗਤ ਕੀਤਾ। ਜ਼ਿਲ੍ਹਾ ਖੇਡ ਅਫ਼ਸਰ ਮਨਦੀਪ ਕੌਸ਼ਲ, ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੇ ਸਕੱਤਰ ਤੇਜਾ ਸਿੰਘ ਧਾਲੀਵਾਲ, ਦਰੋਣਾਚਾਰੀਆ ਐਵਾਰਡੀ ਸੁਖਦੇਵ ਸਿੰਘ ਪੰਨੂ, ਲਗਾਤਾਰ ਤਿੰਨ ਵਾਰ ਕਾਮਨਵੈਲਥ ਚੈਂਪੀਅਨ ਰਹੇ ਵੇਟਲਿਫਟਰ ਪ੍ਰਵੇਸ਼ ਚੰਦਰ ਸ਼ਰਮਾ, ਅੰਤਰਰਾਸ਼ਟਰੀ ਐਥਲੀਟ ਪ੍ਰੇਮ ਸਿੰਘ, ਐਥਲੈਟਿਕਸ ਕੋਚ ਅਤੇ ਨੋਡਲ ਅਫ਼ਸਰ ‘ਖੇਡਾਂ ਵਤਨ ਪੰਜਾਬ ਦੀਆਂ-2026’ ਲੁਧਿਆਣਾ ਸੰਜੀਵ ਸ਼ਰਮਾ ਸਮੇਤ ਵੱਖ-ਵੱਖ ਖੇਡਾਂ ਦੇ ਕੋਚ ਅਤੇ ਖਿਡਾਰੀ ਹਾਜ਼ਰ ਸਨ।