
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਘੁਮਾਰ ਮੰਡੀ ਵਿੱਚ ਵਿਸ਼ਾਲ ਤਿਰੰਗਾ ਯਾਤਰਾ, ਨੌਜਵਾਨਾਂ ਨੇ ਜੋਸ਼ ਨਾਲ ਲਿਆ ਹਿੱਸਾ

36
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ
ਇੱਥੋਂ ਦੀ ਘੁੰਮਾਰ ਮੰਡੀ ਇਲਾਕੇ ਵਿੱਚ ਦੇਸ਼ਭਗਤੀ ਤੇ ਰਾਸ਼ਟਰੀ ਏਕਤਾ ਦੀ ਭਾਵਨਾ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਵਿਸ਼ਾਲ ਤਿਰੰਗਾ ਯਾਤਰਾ ਕਰਵਾਈ। ਯਾਤਰਾ ’ਚ ਸ਼ਹਿਰ ਦੇ ਵੱਡੀ ਗਿਣਤੀ ਨੌਜਵਾਨਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕਰਦਿਆਂ ਦੇਸ਼ ਪ੍ਰਤੀ ਆਪਣੀ ਭਾਵਨਾ ਦਾ ਪ੍ਰਗਟਾਵਾ ਕੀਤਾ। ਐਡਵੋਕੇਟ ਵਿਸ਼ਵਾਸ ਦੇ ਸਹਿਯੋਗ ਨਾਲ ਕਰਵਾਈ ਗਈ ਇਸ ਤਿਰੰਗਾ ਯਾਤਰਾ ਵਿੱਚ ਸੋਸ਼ਲ ਵਰਕਰਜ਼ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਅਮਿਤ ਵਰਮਾ ਤੇ ਮਾਈ ਭਾਰਤ ਦੇ ਡਿਸਟ੍ਰਿਕਟ ਯੂਥ ਅਫਸਰ ਹਰੀਸ਼ ਰੂਪਾਲ ਨੇ ਆਪਣੀਆਂ ਟੀਮਾਂ ਸਮੇਤ ਸਰਗਰਮ ਭੂਮਿਕਾ ਨਿਭਾਈ। ਯਾਤਰਾ ਦੌਰਾਨ ਨੌਜਵਾਨਾਂ ਦਾ ਜੋਸ਼ ਅਤੇ ਦੇਸ਼ਭਗਤੀ ਦਾ ਜਜ਼ਬਾ ਦੇਖਣਯੋਗ ਰਿਹਾ। ਇਸ ਮੌਕੇ ਸੋਸ਼ਲ ਵਰਕਰਜ਼ ਵੈੱਲਫੇਅਰ ਸੁਸਾਇਟੀ ਦੇ ਚੇਅਰਮੈਨ ਸਨੀ ਮਲਿਕ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਨੌਜਵਾਨਾਂ ਨੂੰ ਉਨ੍ਹਾਂ ਕਿਹਾ ਕਿ ਤਿਰੰਗਾ ਦੇਸ਼ ਦੀ ਏਕਤਾ, ਅਖੰਡਤਾ ਅਤੇ ਸਨਮਾਨ ਦਾ ਪ੍ਰਤੀਕ ਹੈ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਸਮਾਜ ਸੇਵਾ ਨਾਲ ਜੁੜਨ ਤੇ ਦੇਸ਼ ਦੇ ਵਿਕਾਸ ਤੇ ਰਾਸ਼ਟਰ ਨਿਰਮਾਣ ’ਚ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਆ। ਤਿਰੰਗਾ ਯਾਤਰਾ ਦੌਰਾਨ ਦੇਸ਼ਭਗਤੀ ਦੇ ਨਾਰਿਆਂ ਨਾਲ ਘੁੰਮਾਰ ਮੰਡੀ ਦਾ ਪੂਰਾ ਇਲਾਕਾ ਗੂੰਜ ਉੱਠਿਆ। ਹੱਥਾਂ ਵਿੱਚ ਤਿਰੰਗੇ ਲੈ ਕੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਯਾਤਰਾ ਵਿੱਚ ਸ਼ਮੂਲੀਅਤ ਕੀਤੀ। ਮਾਹੌਲ ’ਚ ਦੇਸ਼ਭਗਤੀ ਤੇ ਰਾਸ਼ਟਰੀ ਏਕਤਾ ਦੀ ਭਾਵਨਾ ਸਾਫ਼ ਨਜ਼ਰ ਆਈ। ਪ੍ਰਬੰਧਕਾਂ ਵੱਲੋਂ ਤਿਰੰਗਾ ਯਾਤਰਾ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਦੇਣ ਵਾਲੇ ਸਾਰੇ ਸਾਥੀਆਂ ਤੇ ਭਾਗੀਦਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਹੋਰ ਮਜ਼ਬੂਤ ਕਰਨ ਦਾ ਸੰਕਲਪ ਵੀ ਲਿਆ।