
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਦੇਸ਼ ਭਗਤੀ ਅਤੇ ਰਾਸ਼ਟਰੀ ਮਾਣ ਨਾਲ ਮਨਾਇਆ ਗਿਆ ਆਜ਼ਾਦੀ ਦਿਵਸ

5)
ਸੁਖਦੇਵ ਸਿੰਘ, ਪੰਜਾਬੀ ਜਾਗਰਣ, ਲੁਧਿਆਣਾ : ਗੁਰੂ ਨਾਨਕ ਖਾਲਸਾ ਕਾਲਜ ਫਾਰ ਵੁਮੈਨ ਵਿਖੇ 80ਵਾਂ ਆਜ਼ਾਦੀ ਦਿਵਸ ਬੜੇ ਉਤਸ਼ਾਹ, ਦੇਸ਼ ਭਗਤੀ ਅਤੇ ਰਾਸ਼ਟਰੀ ਮਾਣ ਦੀ ਭਾਵਨਾ ਨਾਲ ਮਨਾਇਆ। ਇਹ ਸਮਾਗਮ ਅੰਦਰੂਨੀ ਗੁਣਵੱਤਾ ਭਰੋਸਾ ਸੈੱਲ ਦੀ ਅਗਵਾਈ ਹੇਠ ਐਨਸੀਸੀ ਵਿੰਗ, ਐੱਨਐੱਸਐੱਸ ਯੂਨਿਟ, ਰੈੱਡ ਰਿਬਨ ਕਲੱਬ, ਯੂਥ ਕਲੱਬ, ਏਕ ਭਾਰਤ ਸ੍ਰੇਸ਼ਠ ਭਾਰਤ ਕਲੱਬ ਅਤੇ ਰਾਜਨੀਤੀ ਸ਼ਾਸਤਰ, ਫਾਈਨ ਆਰਟਸ ਅਤੇ ਸੰਗੀਤ ਵਿਭਾਗਾਂ ਦੇ ਸਹਿਯੋਗ ਨਾਲ ਕਰਵਾਇਆ। ਲਗਭਗ 1500 ਵਿਦਿਆਰਥਣਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਸਮਾਗਮ ਦੌਰਾਨ ਦੇਸ਼ ਭਗਤੀ, ਰਾਸ਼ਟਰੀ ਏਕਤਾ ਤੇ ਦੇਸ਼ ਪ੍ਰਤੀ ਸਮਰਪਣ ਦੀ ਭਾਵਨਾ ਨੂੰ ਉਜਾਗਰ ਕਰਨ ਵਾਲੀਆਂ ਵੱਖ-ਵੱਖ ਸਰਗਰਮੀਆਂ ਕਰਵਾਈਆਂ। ਦੇਸ਼ ਭਗਤੀ ਦੇ ਗੀਤ ਨਾਲ ਸ਼ੁਰੂਆਤ ਹੋਈ, ਜਿਸ ਨੇ ਪੂਰੇ ਕੈਂਪਸ ’ਚ ਮਾਣ ਤੇ ਸਮਰਪਣ ਦਾ ਮਾਹੌਲ ਸਿਰਜਿਆ। ਇਸ ਉਪਰੰਤ ਸਹੁੰ ਚੁੱਕ ਸਮਾਗਮ ਕਰਵਾਇਆ, ਜਿਸ ਦੌਰਾਨ ਵਿਦਿਆਰਥਣਾਂ ਅਤੇ ਸਟਾਫ ਨੇ ਦੇਸ਼ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਰਾਸ਼ਟਰ ਦੀ ਤਰੱਕੀ ਤੇ ਵਿਕਾਸ ਵਿੱਚ ਯੋਗਦਾਨ ਪਾਉਣ ਦਾ ਸੰਕਲਪ ਲਿਆ। ਪੂਰਾ ਕੈਂਪਸ ਦੇਸ਼ ਭਗਤੀ ਦੀ ਭਾਵਨਾ ਨਾਲ ਗੂੰਜ ਉੱਠਿਆ ਤੇ ਵਿਦਿਆਰਥਣਾਂ ਤੇ ਸਟਾਫ ਨੇ ਜੋਸ਼ ਨਾਲ “ਭਾਰਤ ਮਾਤਾ ਕੀ ਜੈ” ਦੇ ਨਾਅਰੇ ਲਾਏ। ਸਮਾਗਮ ਦਾ ਸਮਾਪਤੀ ਕੌਮੀ ਗੀਤ ਨਾਲ ਹੋਈ, ਜਿਸ ਨੇ ਸਾਰਿਆਂ ਵਿੱਚ ਰਾਸ਼ਟਰੀ ਮਾਣ, ਏਕਤਾ ਤੇ ਦੇਸ਼ ਪ੍ਰਤੀ ਸਮਰਪਣ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ।
ਹਰ ਘਰ ਤਿਰੰਗਾ ਮੁਹਿੰਮ ਤਹਿਤ ਵਿਦਿਆਰਥਣਾਂ ਅਤੇ ਸਟਾਫ ਨੇ ਰਾਸ਼ਟਰੀ ਝੰਡੇ ਨਾਲ ਸੈਲਫੀਆਂ ਵੀ ਖਿੱਚੀਆਂ ਅਤੇ ਤਿਰੰਗੇ ਪ੍ਰਤੀ ਆਪਣੇ ਸਤਿਕਾਰ ਅਤੇ ਮਾਣ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਮਨਿਤਾ ਕਾਹਲੋਂ ਨੇ ਵਿਦਿਆਰਥਣਾਂ ਤੇ ਸਟਾਫ ਦੀ ਉਤਸ਼ਾਹਪੂਰਵਕ ਹਿੱਸਾ ਲੈਣ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਸਭ ਨੂੰ ਦੇਸ਼ ਭਗਤੀ, ਏਕਤਾ ਤੇ ਜ਼ਿੰਮੇਵਾਰ ਨਾਗਰਿਕਤਾ ਦੇ ਆਦਰਸ਼ਾਂ ਨੂੰ ਕਾਇਮ ਰੱਖਣ ਲਈ ਪ੍ਰੇਰਿਤ ਕੀਤਾ।