ਕੈਨੇਡਾ ਰਹਿੰਦੇ ਪਰਿਵਾਰ ਦੇ ਘਰ ਚਿੱਟੇ ਦਿਨ ਲੱਖਾਂ ਦੀ ਚੋਰੀ ਕੈਨੇਡਾ ਰਹਿੰਦੇ ਪਰਿਵਾਰ ਦੇ ਘਰ ਲੱਖਾਂ ਦੀ ਚੋਰੀ
Publish Date: Thu, 13 Aug 2026 08:00 PM (IST)
Updated Date: Fri, 14 Aug 2026 04:05 AM (IST)
5 ਲੱਖ ਨਕਦ, ਸੋਨਾ ਤੇ ਕੈਨੇਡੀਅਨ ਡਾਲਰ-ਪੌਂਡ ਲੈ ਉੱਡੇ ਚੋਰ ਮਾਸਟਰ ਕੀ ਨਾਲ ਤਾਲਾ ਖੋਲ੍ਹ ਕੇ ਇੱਕ ਘੰਟੇ ’ਚ ਵਾਰਦਾਤ ਨੂੰ ਦਿੱਤਾ ਅੰਜਾਮ ਘਰ ਦਾ ਸੀਸੀਟੀਵੀ ਡੀਵੀਆਰ ਵੀ ਲੈ ਗਏ, ਇਲਾਕੇ ਦੇ ਕੈਮਰਿਆਂ ’ਚ 3 ਚੋਰ ਕੈਦ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਬਾਲ ਸਿੰਘ ਨਗਰ ਇਲਾਕੇ ’ਚ ਚੋਰਾਂ ਨੇ ਇੱਕ ਹੌਜ਼ਰੀ ਕਾਰੋਬਾਰੀ ਦੇ ਘਰ ਨੂੰ ਦਿਨ-ਦਿਹਾੜੇ ਨਿਸ਼ਾਨਾ ਬਣਾਉਂਦਿਆਂ ਲੱਖਾਂ ਰੁਪਏ ਦੀ ਨਕਦੀ, ਸੋਨੇ ਦੇ ਗਹਿਣੇ ਤੇ ਵਿਦੇਸ਼ੀ ਕਰੰਸੀ ਚੋਰੀ ਕਰ ਲਈ। ਚੋਰਾਂ ਨੇ ਪਹਿਲਾਂ ਇਲਾਕੇ ਦੀ ਰੇਕੀ ਕੀਤੀ ਤੇ ਫਿਰ ਮਾਸਟਰ ਕੀ ਦੀ ਮਦਦ ਨਾਲ ਘਰ ਦਾ ਤਾਲਾ ਖੋਲ੍ਹ ਕੇ ਅੰਦਰ ਦਾਖਲ ਹੋਏ। ਘਰ ’ਚੋਂ ਕੀਮਤੀ ਸਾਮਾਨ ਇਕੱਠਾ ਕਰਨ ਤੋਂ ਬਾਅਦ ਮੁਲਜ਼ਮ ਕਰੀਬ ਇੱਕ ਘੰਟੇ ਦੇ ਅੰਦਰ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਵਾਰਦਾਤ ਦੀ ਖਾਸ ਗੱਲ ਇਹ ਹੈ ਕਿ ਸ਼ਿਕਾਇਤਕਰਤਾ 54 ਸਾਲਾ ਸੁਖਵਿੰਦਰ ਸਿੰਘ ਦਾ ਸਾਰਾ ਪਰਿਵਾਰ ਕੈਨੇਡਾ ’ਚ ਰਹਿੰਦਾ ਹੈ। ਉਹ ਕੁਝ ਦਿਨ ਪਹਿਲਾਂ ਹੀ ਭਾਰਤ ਆਏ ਸਨ ਤੇ ਇਸ ਤੋਂ ਬਾਅਦ ਉਨ੍ਹਾਂ ਦੀ ਪਤਨੀ ਵੀ ਘਰ ਵਾਪਸ ਆ ਗਈ ਸੀ। ਚੋਰਾਂ ਨੇ ਇਸੇ ਦੌਰਾਨ ਘਰ ਨੂੰ ਨਿਸ਼ਾਨਾ ਬਣਾਇਆ। ਪੁਲਿਸ ਹੁਣ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਚੋਰਾਂ ਨੂੰ ਘਰ ’ਚ ਨਕਦੀ, ਸੋਨੇ ਤੇ ਵਿਦੇਸ਼ੀ ਕਰੰਸੀ ਹੋਣ ਬਾਰੇ ਕਿਵੇਂ ਪਤਾ ਲੱਗਾ। ਸੁਖਵਿੰਦਰ ਸਿੰਘ ਹੌਜ਼ਰੀ ਕਾਰੋਬਾਰ ਦੇ ਨਾਲ-ਨਾਲ ਪ੍ਰਾਪਰਟੀ ਦਾ ਕੰਮ ਵੀ ਕਰਦੇ ਹਨ। ਉਨ੍ਹਾਂ ਪੁਲਿਸ ਨੂੰ ਦੱਸਿਆ ਕਿ ਬੀਤੇ ਦਿਨ ਉਹ ਘਰ ਨੂੰ ਤਾਲਾ ਲਾ ਕੇ ਆਪਣੇ ਕੰਮ ’ਤੇ ਚਲੇ ਗਏ ਸਨ। ਦਿਨ ਦੇ ਸਮੇਂ ਉਸ ਦੀ ਗੈਰ-ਹਾਜ਼ਰੀ ਦਾ ਫਾਇਦਾ ਚੁੱਕਦਿਆਂ ਚੋਰ ਘਰ ’ਚ ਦਾਖਲ ਹੋ ਗਏ। ਕੰਮ ਤੋਂ ਵਾਪਸ ਆਉਣ ’ਤੇ ਸੁਖਵਿੰਦਰ ਸਿੰਘ ਨੇ ਦੇਖਿਆ ਕਿ ਘਰ ਦੇ ਇੱਕ ਕਮਰੇ ’ਚੋਂ ਧੂੰਆਂ ਨਿਕਲ ਰਿਹਾ ਸੀ। ਘਰ ਅੰਦਰ ਜਾ ਕੇ ਦੇਖਿਆ ਤਾਂ ਸਾਮਾਨ ਖਿੱਲਰਿਆ ਪਿਆ ਸੀ ਤੇ ਅਲਮਾਰੀ ’ਚੋਂ ਕੀਮਤੀ ਸਾਮਾਨ ਗਾਇਬ ਸੀ। ਜਾਂਚ ਕਰਨ ’ਤੇ ਉਸ ਨੂੰ ਪਤਾ ਲੱਗਾ ਕਿ ਚੋਰ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਕੇ ਲੈ ਗਏ ਹਨ। ਬਾਕਸ-- ਅਲਮਾਰੀ ਵਿੱਚੋਂ 5 ਲੱਖ ਨਕਦ ਤੇ ਸੋਨਾ ਗਾਇਬ ਸ਼ਿਕਾਇਤਕਰਤਾ ਮੁਤਾਬਕ ਚੋਰ ਅਲਮਾਰੀ ’ਚੋਂ ਉਸ ਦੀ ਪਤਨੀ ਦੇ ਕਰੀਬ 5 ਤੋਲੇ ਸੋਨੇ ਦੇ ਗਹਿਣੇ, 5 ਲੱਖ ਰੁਪਏ ਨਕਦ, ਸੋਨੇ ਦੀਆਂ 2 ਮੁੰਦਰੀਆਂ, 600 ਕੈਨੇਡੀਅਨ ਡਾਲਰ ਤੇ 150 ਪੌਂਡ ਚੋਰੀ ਕਰ ਕੇ ਲੈ ਗਏ। ਇਸ ਤੋਂ ਇਲਾਵਾ ਇੱਕ ਵਿਦੇਸ਼ੀ ਘੜੀ ਤੇ ਭਾਰਤੀ ਪਾਸਪੋਰਟ ਵੀ ਚੋਰੀ ਕੀਤਾ ਗਿਆ। ਬਾਕਸ-- ਸੀਸੀਟੀਵੀ ਕੈਮਰੇ ’ਚ ਕੈਦ ਹੋਈਆਂ ਵਾਰਦਾਤ ਦੀਆਂ ਤਸਵੀਰਾਂ ਚੋਰਾਂ ਨੇ ਘਰ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਵਾਲਾ ਡੀਵੀਆਰ ਵੀ ਉਤਾਰ ਕੇ ਨਾਲ ਲੈ ਗਏ ਤਾਂ ਜੋ ਉਨ੍ਹਾਂ ਦੀ ਪਛਾਣ ਨਾ ਹੋ ਸਕੇ। ਹਾਲਾਂਕਿ ਇਲਾਕੇ ’ਚ ਲੱਗੇ ਹੋਰ ਕੈਮਰਿਆਂ ਨੇ ਚੋਰਾਂ ਦੀ ਪੂਰੀ ਸਾਜ਼ਿਸ਼ ’ਤੇ ਪਾਣੀ ਫੇਰ ਦਿੱਤਾ। ਇਨ੍ਹਾਂ ਕੈਮਰਿਆਂ ’ਚ 3 ਸ਼ੱਕੀ ਵਿਅਕਤੀਆਂ ਦੀਆਂ ਤਸਵੀਰਾਂ ਕੈਦ ਹੋਈਆਂ ਹਨ। ਬਾਕਸ-- ਰੇਕੀ ਤੋਂ ਬਾਅਦ ਮਾਸਟਰ ਕੀ ਨਾਲ ਖੋਲ੍ਹਿਆ ਤਾਲਾ ਪੁਲਿਸ ਦੀ ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ 3 ਵਿਅਕਤੀਆਂ ਨੇ ਇਲਾਕੇ ਦੀ ਰੇਕੀ ਕੀਤੀ। ਘਰ ਬੰਦ ਹੋਣ ਦੀ ਪੁਸ਼ਟੀ ਕਰਨ ਤੋਂ ਬਾਅਦ ਮਾਸਟਰ ਕੀ ਦੀ ਮਦਦ ਨਾਲ ਤਾਲਾ ਖੋਲ੍ਹਿਆ ਗਿਆ। ਇਸ ਤੋਂ ਬਾਅਦ ਤਿੰਨੋਂ ਘਰ ਅੰਦਰ ਦਾਖਲ ਹੋਏ ਤੇ ਥੋੜ੍ਹੇ ਸਮੇਂ ’ਚ ਹੀ ਨਕਦੀ, ਸੋਨਾ ਤੇ ਵਿਦੇਸ਼ੀ ਕਰੰਸੀ ਸਮੇਤ ਕੀਮਤੀ ਸਾਮਾਨ ਸਮੇਟ ਲਿਆ। ਬਾਕਸ-- ਇੱਕ ਘੰਟੇ ’ਚ ਚੋਰੀ, ਕੈਮਰਿਆਂ ’ਚ ਕੈਦ ਹੋਏ 3 ਚੋਰ ਚੋਰਾਂ ਨੇ ਦਿਨ ਦੇ ਸਮੇਂ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਕਰੀਬ ਇੱਕ ਘੰਟੇ ਦੇ ਅੰਦਰ ਘਰ ’ਚੋਂ ਸਾਮਾਨ ਲੈ ਕੇ ਫਰਾਰ ਹੋ ਗਏ। ਘਰ ਦੇ ਸੀਸੀਟੀਵੀ ਦਾ ਡੀਵੀਆਰ ਭਾਵੇਂ ਚੋਰ ਆਪਣੇ ਨਾਲ ਲੈ ਗਏ ਪਰ ਇਲਾਕੇ ’ਚ ਲੱਗੇ ਹੋਰ ਸੀਸੀਟੀਵੀ ਕੈਮਰਿਆਂ ਵਿੱਚ ਤਿੰਨੋਂ ਸ਼ੱਕੀ ਵਿਅਕਤੀਆਂ ਦੀਆਂ ਤਸਵੀਰਾਂ ਕੈਦ ਹੋ ਗਈਆਂ ਹਨ। ਪੁਲਿਸ ਹੁਣ ਇਨ੍ਹਾਂ ਫੁਟੇਜਾਂ ਨੂੰ ਖੰਗਾਲ ਕੇ ਮੁਲਜ਼ਮਾਂ ਦੀ ਪਛਾਣ ਕਰਨ ’ਚ ਜੁਟੀ ਹੋਈ ਹੈ। ਬਾਕਸ- ਚਾਰ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ’ਚ ਮਾਮਲੇ ਸਬੰਧੀ ਥਾਣਾ ਦਰੇਸੀ ਦੀ ਪੁਲਿਸ ਨੇ ਧਾਰਾ 305, 331 ਅਤੇ 3(5) ਬੀਐੱਨਐੱਸ ਤਹਿਤ ਕੇਸ ਦਰਜ ਕੀਤਾ ਹੈ। ਜਾਂਚ ਦੌਰਾਨ ਪੁਲਿਸ ਨੇ ਸਰਵਣ ਕੁਮਾਰ, ਸੁਸ਼ੀਲ ਕੁਮਾਰ, ਮੁਹੰਮਦ ਸੈਫ ਤੇ ਬਿੱਟੂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਹੁਣ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਕੇ ਚੋਰੀ ਦੀ ਵਾਰਦਾਤ ’ਚ ਉਨ੍ਹਾਂ ਦੀ ਭੂਮਿਕਾ ਤੇ ਚੋਰੀ ਕੀਤੇ ਸਾਮਾਨ ਸਬੰਧੀ ਜਾਣਕਾਰੀ ਹਾਸਲ ਕਰ ਰਹੀ ਹੈ। ਪੁਲਿਸ ਵੱਲੋਂ ਬਰਾਮਦਗੀ ਲਈ ਰਿਮਾਂਡ ਦੀ ਤਿਆਰੀ ਜਾਂਚ ਅਧਿਕਾਰੀ ਏਐੱਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਵੀਰਵਾਰ ਦੁਪਹਿਰ ਤੋਂ ਬਾਅਦ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਪੁਲਿਸ ਰਿਮਾਂਡ ਹਾਸਲ ਕਰ ਕੇ ਮੁਲਜ਼ਮਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕਰੇਗੀ। ਪੁਲਿਸ ਦਾ ਮੁੱਖ ਧਿਆਨ ਚੋਰੀ ਕੀਤੇ ਸੋਨੇ ਦੇ ਗਹਿਣਿਆਂ, 5 ਲੱਖ ਰੁਪਏ ਨਕਦ, ਕੈਨੇਡੀਅਨ ਡਾਲਰ, ਪੌਂਡ, ਵਿਦੇਸ਼ੀ ਘੜੀ ਤੇ ਹੋਰ ਸਾਮਾਨ ਦੀ ਬਰਾਮਦਗੀ ’ਤੇ ਹੈ। ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਵਾਰਦਾਤ ’ਚ ਸ਼ਾਮਲ ਹੋਰ ਵਿਅਕਤੀਆਂ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਮੁਤਾਬਕ ਮਾਮਲੇ ਦੀ ਜਾਂਚ ਤੇਜ਼ੀ ਨਾਲ ਜਾਰੀ ਹੈ ਤੇ ਮੁਲਜ਼ਮਾਂ ਤੋਂ ਪੁੱਛਗਿੱਛ ਦੇ ਨਾਲ-ਨਾਲ ਚੋਰੀ ਕੀਤੇ ਸਾਮਾਨ ਦੀ ਬਰਾਮਦਗੀ ਲਈ ਵੀ ਕਾਰਵਾਈ ਕੀਤੀ ਜਾ ਰਹੀ ਹੈ।