ਸੁਹਿਰਦ ਰਿਸ਼ਤੇ ਦੇ ਰਾਹ ’ਚ ਰੈਗਿੰਗ ਅਣ-ਮਨੁੱਖੀ ਵਰਤਾਰਾ : ਡਾ. ਮਨਮੀਤ ਕੌਰ ਸੁਹਿਰਦ ਰਿਸ਼ਤੇ ਦੇ ਰਾਹ ਵਿੱਚ ਰੈਗਿੰਗ ਅਣਮਨੁੁੱਖੀ ਵਰਤਾਰਾ-ਡਾ. ਮਨਮੀਤ ਕੌਰ
Publish Date: Thu, 13 Aug 2026 07:33 PM (IST)
Updated Date: Fri, 14 Aug 2026 04:05 AM (IST)
ਪੀਏਯੂ ਦੇ ਖੇਤੀਬਾੜੀ ਕਾਲਜ ਨੇ ਵਿਦਿਆਰਥੀਆਂ ਨੂੰ ਰੈਗਿੰਗ ਵਿਰੋਧੀ ਜਾਗਰੂਕਤਾ ਲਈ ਸਮਾਗਮ ਕੀਤਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੁਧਿਆਣਾ ਪੀਏਯੂ ਦੇ ਖੇਤੀਬਾੜੀ ਕਾਲਜ ਵਿੱਚ ਵਿਦਿਆਰਥੀਆਂ ਨੂੰ ਰੈਗਿੰਗ ਵਿਰੋਧੀ ਅਤੇ ਕਾਨੂੰਨੀ ਹੱਕਾਂ ਬਾਰੇ ਜਾਗਰੂਕ ਕਰਨ ਲਈ ਵਿਸ਼ੇਸ਼ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਯੂਜੀਸੀ ਦੀਆਂ ਹਦਾਇਤਾਂ ਮੁਤਾਬਿਕ ਰੈਗਿੰਗ ਵਿਰੋਧੀ ਜਾਗਰੂਕਤਾ ਵਿਸ਼ੇ ਤੇ ਵਿਸ਼ੇਸ਼ ਭਾਸ਼ਣ ਹੋਇਆ। ਪਸਾਰ ਸਿੱਖਿਆ ਵਿਭਾਗ ਦੇ ਪ੍ਰੋ. ਡਾ. ਮਨਮੀਤ ਕੌਰ ਨੇ ਇਹ ਭਾਸ਼ਣ ਵਿਦਿਆਰਥੀਆਂ ਨੂੰ ਦਿੱਤਾ। ਇਸ ਦੌਰਾਨ ਡਾ. ਮਨਮੀਤ ਕੌਰ ਨੇ ਵਿਦਿਆਰਥੀਆਂ ਨੂੰ ਰੈਗਿੰਗ ਦੇ ਰੂਪ ਅਤੇ ਇਸਦੇ ਮਾਨਸਿਕ, ਸਰੀਰਕ, ਸਿਹਤ ਤੇ ਪੈਣ ਵਾਲੇ ਪ੍ਰਭਾਵ ਆਦਿ ਪੱਖਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸੀਨੀਅਰ ਅਤੇ ਜੂਨੀਅਰ ਵਿਦਿਆਰਥੀਆਂ ਵਿਚਕਾਰ ਸੁਹਿਰਦ ਰਿਸ਼ਤੇ ਦੇ ਰਾਹ ਵਿੱਚ ਰੈਗਿੰਗ ਅਣ-ਮਨੁੱਖੀ ਵਰਤਾਰਾ ਹੈ। ਇਸ ਦੇ ਨਾਲ ਹੀ ਮਾਹਿਰ ਵਿਦਵਾਨ ਨੇ ਪੀਏਯੂ. ਕੈਂਪਸ ਨੂੰ ਰੈਗਿੰਗ ਤੋਂ ਮੁਕਤ ਰੱਖਣ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ। ਇਸੇ ਸਮਾਗਮ ਦੇ ਦੂਜੇ ਹਿੱਸੇ ਵਿੱਚ ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਿਟੀ ਲੁਧਿਆਣਾ ਤੋਂ ਭੁਵਮ ਗੁਪਤਾ ਨੇ ਅਜੋਕੇ ਸਮੇਂ ਵਿਚ ਕਾਨੂੰਨੀ ਜਾਗਰੂਕਤਾ ਅਤੇ ਭਵਿੱਖ ਨੂੰ ਇਨਸਾਫਪੂਰਨ ਬਨਾਉਣ ਲਈ ਸੁਚੱਜਾ ਢੰਗ ਵਿਸ਼ੇ ਤੇ ਵਿਦਿਆਰਥੀਆਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਬਾਰੇ ਜਾਣਕਾਰੀ ਮੁਹੱਈਆ ਕਰਵਾਈ। ਉਨਾਂ ਦੱਸਿਆ ਕਿ ਔਰਤਾਂ ਪਛੜੀਆਂ ਸ਼੍ਰੇਣੀਆਂ, 18 ਸਾਲ ਤੋਂ ਘੱਟ ਉਮਰ ਦੇ ਬਾਲਾਂ, ਕੁਦਰਤੀ ਆਫਤਾਂ ਤੋਂ ਪੀੜਤ ਲੋਕਾਂ ਅਤੇ ਘੱਟ ਆਮਦਨ ਵਾਲੇ ਸ਼ਹਿਰੀਆਂ ਲਈ ਕਾਨੂੰਨੀ ਸੇਵਾਵਾਂ ਮੁਫਤ ਹਨ। ਇਸ ਦੇ ਨਾਲ ਹੀ ਉਨਾਂ ਰਾਸ਼ਟਰੀ ਲੋਕ ਅਦਾਲਤਾਂ ਬਾਰੇ ਵੀ ਦੱਸਿਆ ਜਿੱਥੇ ਇਨਸਾਫ ਜਲਦ ਅਤੇ ਸੌਖਾ ਪ੍ਰਾਪਤ ਹੁੰਦਾ ਹੈ। ਇਹ ਸਮੁੱਚਾ ਸਮਾਗਮ ਇੱਕ ਹਫਤੇ ਤੱਕ ਜਾਰੀ ਰਹਿਣ ਵਾਲੇ ਸਮਾਗਮਾਂ ਦੀ ਲੜੀ ਦਾ ਇੱਕ ਹਿੱਸਾ ਸੀ। ਖੇਤੀਬਾੜੀ ਕਾਲਜ ਦੇ ਕਾਰਜਕਾਰੀ ਡੀਨ ਡਾ. ਪਵਨੀਤ ਕੌਰ ਕਿੰਗਰਾ ਦੀ ਨਿਗਰਾਨੀ ਹੇਠ ਹੋਣ ਵਾਲੇ ਇਹ ਸਮਾਗਮ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੇ ਮਾਹੌਲ ਮੁਤਾਬਕ ਢਾਲਣ ਲਈ ਕੀਤੇ ਜਾ ਰਹੇ ਹਨ। ਦੋਵਾਂ ਮਾਹਿਰ ਵਿਦਵਾਨਾਂ ਦਾ ਧੰਨਵਾਦ ਡਾ. ਸੰਦੀਪ ਸਿੰਘ ਸੰਧੂ ਨੇ ਕੀਤਾ।