ਰਾਮਗੜ੍ਹੀਆ ਗਰਲਜ਼ ਕਾਲਜ ’ਚ ਸੰਕਲਪ ਦਿਵਸ ਮਨਾਇਆ ਰਾਮਗੜ੍ਹੀਆ ਗਰਲਜ਼ ਕਾਲਜ ਵਿਖੇ ਸੰਕਲਪ ਦਿਵਸ ਮਨਾਇਆ
Publish Date: Thu, 13 Aug 2026 07:18 PM (IST)
Updated Date: Fri, 14 Aug 2026 04:03 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਲੁਧਿਆਣਾ ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਦੇ ਬਾਬਾ ਗੁਰਮੁਖ ਸਿੰਘ ਹਾਲ ਵਿੱਚ ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ, ਕਾਲਜ ਪ੍ਰਿੰਸੀਪਲ, ਸਟਾਫ਼ ਮੈਂਬਰ ਅਤੇ ਵਿਦਿਆਰਥਣਾਂ ਵੱਲੋਂ ਨਵੇਂ ਵਿੱਦਿਅਕ ਵਰ੍ਹੇ 2026-27 ਦੇ ਆਰੰਭ ਮੌਕੇ ਪਰਮਾਤਮਾ ਦਾ ਆਸ਼ੀਰਵਾਦ ਲੈਣ ਲਈ ਕਾਲਜ ਵਿਖੇ ਆਰੰਭ ਸ੍ਰੀ ਸਹਿਜ ਪਾਠ ਦੇ ਅੱਜ ਸ਼ਰਧਾ ਨਾਲ ਭੋਗ ਪਾਏ ਗਏ। ਕਾਲਜ ਦੀਆਂ ਅਮੀਰ ਪਰੰਪਰਾਵਾਂ ਦਾ ਪਾਲਣ ਕਰਦਿਆਂ ਨਵੇਂ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ ਸੰਕਲਪ ਦਿਵਸ ਵਜੋਂ ਕੀਤੀ ਗਈ। ਇਸ ਮੌਕੇ ਕਾਲਜ ਦੇ ਸੰਗੀਤ ਵਿਭਾਗ ਦੀਆਂ ਵਿਦਿਆਰਥਣਾਂ ਨੇ ਰਸਭਿੰਨੇਂ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਉਪਰੰਤ ਕਾਲਜ ਦੇ ਸੰਗੀਤ ਵਿਭਾਗ ਦੀ ਪੁਰਾਣੀ ਵਿਦਿਆਰਥਣ ਬੀਬੀ ਸ਼ਰਨਦੀਪ ਕੌਰ (ਕੈਨੇਡਾ ਵਾਲੇ) ਨੇ ਆਪਣੇ ਜੱਥੇ ਨਾਲ ਆਨੰਦਮਈ ਕੀਰਤਨ ਰਾਹੀਂ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਿਆ। ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਰਣਜੋਧ ਸਿੰਘ ਨੇ ਸਭ ਨੂੰ ਨਵੇਂ ਵਿੱਦਿਅਕ ਸੈਸ਼ਨ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਹਾ ਕਿ, “ਜਦੋਂ ਅਸੀਂ ਪਰਮਾਤਮਾ ਦਾ ਨਾਮ ਲੈ ਕੇ ਮਿਹਨਤ ਨਾਲ ਕੋਈ ਵੀ ਕੰਮ ਕਰਦੇ ਹਾਂ ਤਾਂ ਉਹ ਹਮੇਸ਼ਾ ਸੰਪੂਰਨ ਹੁੰਦਾ ਹੈ। ਵਿਦਿਆਰਥੀ ਜੀਵਨ ਵਿੱਚ ਆਪਣੇ ਆਪ ਨੂੰ ਤਣਾਅ-ਮੁਕਤ ਰੱਖਣ ਲਈ ਪਰਮਾਤਮਾ ਦਾ ਓਟ-ਆਸਰਾ ਬਹੁਤ ਜ਼ਰੂਰੀ ਹੈ।” ਕਾਲਜ ਪ੍ਰਿੰਸੀਪਲ ਡਾ. ਅਜੀਤ ਕੌਰ ਨੇ ਕਾਲਜ ’ਚ ਨਵੀਆਂ ਦਾਖਲ ਹੋਈਆਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਜੀਵਨ ਦੇ ਹਰ ਕਾਰਜ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਪਰਮਾਤਮਾ ਦਾ ਆਸ਼ੀਰਵਾਦ ਲੈਣ ਦਾ ਸੰਦੇਸ਼ ਦਿੱਤਾ ਅਤੇ ਨਾਲ ਹੀ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸ਼ਹਿਰ ਦੀਆਂ ਪ੍ਰਸਿੱਧ ਸ਼ਖ਼ਸੀਅਤਾਂ, ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਮੈਂਬਰ ਸਹਿਬਾਨ ਅਤੇ ਰਾਮਗੜ੍ਹੀਆ ਵਿੱਦਿਅਕ ਸੰਸਥਾਵਾਂ ਦੇ ਪ੍ਰਿੰਸੀਪਲ ਸਹਿਬਾਨ ਨੇ ਵੀ ਗੁਰੂ ਚਰਨਾਂ ਵਿੱਚ ਆਪਣੀ ਹਾਜ਼ਰੀ ਭਰੀ।--