- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਸਾਨ ਦੀ ਆਰਥਿਕ ਅਤੇ ਸਮਾਜਿਕ ਤਰੱਕੀ ਲਈ ਪੀਏਯੂ ਨੇ ਕੀਤੀ ਜੱਦੋਜਹਿਦ-ਬਰਸਟ

ਸਟਾਫ਼ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ
ਪੰਜਾਬ ਵਿੱਚ ਕਿਸਾਨ ਦੀ ਆਰਥਿਕ ਅਤੇ ਸਮਾਜਿਕ ਤਰੱਕੀ ਲਈ ਪੀਏਯੂ ਨੇ ਬਹੁਤ ਜੱਦੋਜਹਿਦ ਕੀਤੀ ਹੈ। ਇਹ ਪ੍ਰਗਟਾਵਾ
ਪੀਏਯੂ. ਦੇ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਦੇ ਉਦਘਾਟਨ ਮੌਕੇ ਵਿਸ਼ੇਸ਼ ਸਮਾਗਮ ਵਿੱਚ ਪਹੁੰਚੇ ਮੁੱਖ ਮਹਿਮਾਨ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਕੀਤਾ। ਬਰਸਟ ਨੇ ਯੂਨੀਵਰਸਿਟੀ ਦੇ ਬੁਨਿਆਦੀ ਢਾਂਚੇ ਲਈ ਪੰਜਾਬ ਮੰਡੀ ਬੋਰਡ ਵੱਲੋਂ ਪਾਏ ਯੋਗਦਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਲਾਇਬ੍ਰੇਰੀ ਗਿਆਨ ਦਾ ਅਤੇ ਸੜਕਾਂ ਯੂਨੀਵਰਸਿਟੀ ਤੱਕ ਪੁੱਜਣ ਦਾ ਮਾਰਗ ਹਨ। ਪੰਜਾਬ ਮੰਡੀ ਬੋਰਡ ਨੇ ਇੰਨਾਂ ਮਾਰਗਾਂ ਨੂੰ ਮਜ਼ਬੂਤ ਕਰਨ ਲਈ ਹਿੱਸਾ ਪਾ ਕੇ ਇਸ ਮਹਾਨ ਸੰਸਥਾ ਦੀ ਸੇਵਾ ਕੀਤੀ ਹੈ। ਵਾਤਾਵਰਨ ਦੀ ਸੰਭਾਲ ਤੇ ਖੇਤੀ ਪੋਸ਼ਣ ਲਈ ਜਾਰੀ ਕੋਸ਼ਿਸ਼ਾਂ ਨੂੰ ਨਵੇਂ ਯੁੱਗ ਦਾ ਆਰੰਭ ਕਿਹਾ ਤੇ ਇਸਦਾ ਸਿਹਰਾ ਵਾਈਸ ਚਾਂਸਲਰ ਡਾ. ਗੋਸਲ ਦੀ ਅਗਵਾਈ ਸਿਰ ਬੰਨ੍ਹਿਆ। ਪੀਏਯੂ ’ਚ ਸੜਕਾਂ ਨੂੰ ਚੌੜਿਆਂ ਕਰਨ, ਲਾਇਬ੍ਰੇਰੀ ਦੇ ਵਿਕਾਸ ਅਤੇ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਦੇ ਉਦਘਾਟਨ ਮੌਕੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਨਵੇਂ ਤੇ ਵਿਕਸਿਤ ਬੁਨਿਆਦੀ ਢਾਂਚੇ ਨੂੰ ਵਿਦਿਆਰਥੀਆਂ ਅਤੇ ਕਿਸਾਨਾਂ ਦੀ ਸੇਵਾ ਲਈ ਅਰਪਿਤ ਕਰਨਾ ਅਤੇ ਵਿਦਿਆਰਥੀਆਂ ਨੂੰ ਸਵੱਛ ਅਤੇ ਹਰਿਆਲੇ ਵਾਤਾਵਰਨ ਲਈ ਉਤਸ਼ਾਹਿਤ ਕਰਕੇ ਪੀਏਯੂ ਦੀ ਕਲੀਨ, ਗਰੀਨ ਕੈਂਪਸ ਮੁਹਿੰਮ ਨੂੰ ਹੁਲਾਰਾ ਦੇਣਾ ਸੀ। ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਯੂਨੀਵਰਸਿਟੀ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਅਤੇ ਸੜਕਾਂ ਦੇ ਨਵੀਨੀਕਰਨ ਅਤੇ ਸੁੰਦਰੀਕਰਨ ਲਈ ਪੰਜਾਬ ਮੰਡੀ ਬੋਰਡ ਅਤੇ ਬਰਸਟ ਦੀ ਸ਼ਲਾਘਾ ਕੀਤੀ। ਡਾ. ਗੋਸਲ ਨੇ ਦੱਸਿਆ ਕਿ ਇਹ ਬੂਟੇ ਫਲ ਅਤੇ ਹਰਿਆਲੀ ਦਾ ਸੁਮੇਲ ਬਣਨਗੇ ਅਤੇ ਲੁਧਿਆਣੇ ਵਰਗੇ ਸ਼ਹਿਰ ਵਿੱਚ ਪੀਏਯੂ. ਹਰਿਆਲੇ ਨਖਲਿਸਤਾਨ ਵਾਂਗ ਸਾਖ ਮਜ਼ਬੂਤ ਕਰੇਗੀ। ਇਸ ਮੌਕੇ ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ ਅਤੇ ਦਇਆਨੰਦ ਮੈਡੀਕਲ ਕਾਲਜ/ਹਸਪਤਾਲ ਦੇ ਦਿਲ ਦੇ ਰੋਗਾਂ ਦੇ ਮਾਹਿਰ ਡਾ. ਬਿਸ਼ਵਮੋਹਨ ਨੇ ਵੀ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਹੋਰ ਰੁੱਖ ਲਾਉਣ ਲਈ ਉਤਸ਼ਾਹਿਤ ਕੀਤਾ। ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਵਿਸ਼ਵਜੀਤ ਸਿੰਘ ਹਾਂਸ ਨੇ ਸਵਾਗਤ ਦੇ ਸ਼ਬਦ ਬੋਲਦਿਆਂ ਇਸ ਵੱਡਮੁੱਲੇ ਕਾਰਜ ਵਿੱਚ ਯੋਗਦਾਨ ਲਈ ਬਰਸਟ ਅਤੇ ਪੰਜਾਬ ਮੰਡੀ ਬੋਰਡ ਦੀ ਸਹਾਇਤਾ ਨੂੰ ਇਤਿਹਾਸਕ ਕਿਹਾ। ਧੰਨਵਾਦ ਦੇ ਸ਼ਬਦ ਕਹਿਣ ਸਮੇਂ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਯਾਦ ਦਿਵਾਇਆ ਕਿ ਇੰਨਾਂ ਸੜਕਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਅਗਾਂਹਵਧੂ ਖੇਤੀ ਲਈ ਪੀਏਯੂ. ਮਾਹਿਰਾਂ ਤੱਕ ਪਹੁੰਚਾਉਣਾ ਹੈ। ਇਸ ਮੌਕੇ ਪੀਏਯੂ. ਦੇ ਵੱਖ-ਵੱਖ ਵਿਭਾਗਾਂ ਦੇ ਅਧਿਆਪਕ, ਮੁਲਾਜ਼ਮ ਤੇ ਵਿਦਿਆਰਥੀ ਮੌਜੂਦ ਰਹੇ।