- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਰੀਮ ਪਾਰਕ ਦੀਆਂ ਕਮੀਆਂ ’ਤੇ ਸਿਆਸੀ ਘਮਾਸਾਨ

ਜਗਦੀਪ, ਪੰਜਾਬੀ ਜਾਗਰਣ, ਭਾਮੀਆਂ ਕਲਾਂ : ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਨਿਗਮ ਦੇ ਵਾਰਡ-22 ’ਚ ਸਥਿਤ ਡਰੀਮ ਪਾਰਕ ਦੀਆਂ ਕਥਿਤ ਕਮੀਆਂ ਨੂੰ ਲੈ ਕੇ ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਸਵਾਲ ਚੁੱਕੇ ਜਾਣ ਤੋਂ ਬਾਅਦ ਮਾਮਲਾ ਸਿਆਸੀ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਸ ਦੇ ਜਵਾਬ ’ਚ ਵਾਰਡ ਦੇ ਕੌਂਸਲਰ ਜਸਪਾਲ ਸਿੰਘ ਗਰੇਵਾਲ ਨੇ ਅੱਜ ਪਾਰਕ ਦਾ ਦੌਰਾ ਕਰ ਕੇ ਇਲਾਕਾ ਨਿਵਾਸੀਆਂ ਨਾਲ ਗੱਲ ਕੀਤੀ ਤੇ ਪਾਰਕ ਦੀ ਮੌਜੂਦਾ ਸਥਿਤੀ ਤੇ ਨਵੀਨੀਕਰਨ ਸਬੰਧੀ ਚੱਲ ਰਹੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ। ਕੌਂਸਲਰ ਗਰੇਵਾਲ ਨੇ ਕਿਹਾ ਕਿ ਡਰੀਮ ਪਾਰਕ ਦੇ ਨਵੀਨੀਕਰਨ ਨੂੰ ਲੈ ਕੇ ਟੈਂਡਰ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ ਤੇ ਵਰਕ ਆਰਡਰ ਵੀ ਜਾਰੀ ਕੀਤਾ ਜਾ ਚੁੱਕਾ ਹੈ। ਕੁਝ ਕਾਨੂੰਨੀ ਕਾਰਨਾਂ ਕਰਕੇ ਪ੍ਰਕਿਰਿਆ ’ਚ ਰੁਕਾਵਟ ਆਈ ਸੀ, ਜਿਸ ਕਾਰਨ ਕੰਮ ਸ਼ੁਰੂ ਹੋਣ ਵਿੱਚ ਦੇਰੀ ਹੋਈ, ਪਰ ਹੁਣ ਪਾਰਕ ਦੇ ਵਿਕਾਸ ਨੂੰ ਅੱਗੇ ਵਧਾਉਣ ਲਈ ਕਾਰਵਾਈ ਜਾਰੀ ਹੈ। ਕੌਂਸਲਰ ਅਨੁਸਾਰ ਵਾਰਡ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਨਜ਼ਰਅੰਦਾਜ਼ ਕਰਕੇ ਵਿਰੋਧੀ ਧਿਰ ਵੱਲੋਂ ਕਿਸੇ ਇੱਕ ਛੋਟੀ-ਮੋਟੀ ਕਮੀ ਨੂੰ ਉਭਾਰ ਕੇ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਪ੍ਰਚਾਰਿਤ ਕੀਤੀਆਂ ਜਾ ਰਹੀਆਂ ਹਨ। ਜੇਕਰ ਕਿਸੇ ਕੰਮ ਵਿੱਚ ਕੋਈ ਕਮੀ ਹੈ, ਤਾਂ ਉਸ ਨੂੰ ਦੂਰ ਕਰਨਾ ਜ਼ਿੰਮੇਵਾਰ ਧਿਰ ਦਾ ਫਰਜ਼ ਹੈ, ਪਰ ਛੋਟੀ ਕਮੀ ਨੂੰ ਪੂਰੇ ਪਾਰਕ ਦੀ ਵਿਵਸਥਾ ਨਾਲ ਜੋੜ ਕੇ ਪੇਸ਼ ਕਰਨਾ ਸਹੀ ਨਹੀਂ। ਪਾਰਕ ਵਿੱਚ ਟੁੱਟੇ ਬੈਂਚਾਂ ਸਬੰਧੀ ਕੌਂਸਲਰ ਗਰੇਵਾਲ ਨੇ ਕਿਹਾ ਕਿ ਪਾਰਕ ਵਿੱਚ ਲੱਗੇ ਕੁੱਝ ਪੱਥਰ ਦੇ ਬੈਂਚ ਸਮੇਂ ਦੇ ਨਾਲ ਨੁਕਸਾਨੇ ਗਏ ਹਨ। ਪਾਰਕ ਦੇ ਨਵੀਨੀਕਰਨ ਦੇ ਪ੍ਰੋਜੈਕਟ ਵਿੱਚ ਇਨ੍ਹਾਂ ਸਮੇਤ ਹੋਰ ਲੋੜੀਂਦੇ ਕੰਮ ਵੀ ਕਰਵਾਏ ਜਾਣਗੇ। ਪਾਰਕ ’ਚ ਕੂੜੇ ਦੀ ਸਮੱਸਿਆ ਸਬੰਧੀ ਉੱਠ ਰਹੇ ਸਵਾਲਾਂ ਦਾ ਜਵਾਬ ਦਿੰਦਿਆਂ ਕੌਂਸਲਰ ਨੇ ਕਿਹਾ ਕਿ ਪਾਰਕ ’ਚ ਨਿਯਮਤ ਸਫ਼ਾਈ ਦਾ ਪ੍ਰਬੰਧ ਹੈ। ਰੁੱਖ-ਬੂਟਿਆਂ ਦੀ ਕਾਂਟ-ਛਾਂਟ ਤੋਂ ਬਾਅਦ ਨਿਕਲਣ ਵਾਲੀਆਂ ਟਾਹਣੀਆਂ, ਪੱਤੇ ਤੇ ਘਾਹ-ਫੂਸ ਨੂੰ ਇੱਕ ਥਾਂ ਇਕੱਠਾ ਕੀਤਾ ਜਾਂਦਾ ਹੈ ਅਤੇ ਬਾਅਦ ਵਿੱਚ ਟਰਾਲੀ ਰਾਹੀਂ ਚੁਕਵਾ ਦਿੱਤਾ ਜਾਂਦਾ ਹੈ। ਪਾਰਕ ਵਿੱਚ ਮਾਲੀ ਤੇ ਚੌਕੀਦਾਰ ਦੀ ਵਿਵਸਥਾ ਵੀ ਕੀਤੀ ਗਈ ਹੈ। ਕੌਂਸਲਰ ਗਰੇਵਾਲ ਨੇ ਕਿਹਾ ਕਿ ਵਾਰਡ ਨੰਬਰ 22 ਵਿੱਚ ਪਾਰਕ ਦੇ ਨਵੀਨੀਕਰਨ ਤੋਂ ਇਲਾਵਾ ਹੋਰ ਵੀ ਕਈ ਵਿਕਾਸ ਕਾਰਜ ਚੱਲ ਰਹੇ ਹਨ। ਇਸ ਮੌਕੇ ਮਨਜਿੰਦਰ ਸਿੰਘ ਗਿੱਲ ,ਪਰਮਿੰਦਰ ਸਿੰਘ ਪੱਪੂ ਬਚਨ ਨਗਰ, ਗੁਰਦੀਪ ਸਿੰਘ ਖੁਰਾਨਾ, ਸ਼ਰਮਾ ਧੋਲਾ ਪਾ ਵੱਡੀ ਗਿਣਤੀ ’ਚ ਲੋਕ ਹਾਜ਼ਰ ਸਨ।