- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਆਈਸੀਯੂ ਵੱਲੋਂ ਮੈਨਪਾਵਰ ਦੀ ਘਾਟ ਦੂਰ ਕਰਨ ਲਈ ਆਟੋਮੇਸ਼ਨ ਤੇ ਤਕਨੀਕ ਅਪਣਾਉਣ ਦੀ ਅਪੀਲ

ਫੋਟੋ ਨੰਬਰ-7
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਚੈਂਬਰ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਆਈਸੀਯੂ) ਵੱਲੋਂ ਹੋਟਲ ਪਾਰਕ ਪਲਾਜ਼ਾ ਵਿਖੇ ਬਿਜ਼ਨਸ ਲੀਡਰਜ਼ ਮੀਟ-2026 ਕਰਵਾਈ ਗਈ। ਇਸ ਦੌਰਾਨ ਉਦਯੋਗਪਤੀਆਂ ਨੇ ਭਾਰਤੀ ਉਦਯੋਗ ਨੂੰ ਆਲਮੀ ਪੱਧਰ ’ਤੇ ਮੁਕਾਬਲੇਯੋਗ ਬਣਾਉਣ ਲਈ ਤਕਨੀਕੀ ਅਪਗ੍ਰੇਡੇਸ਼ਨ, ਆਟੋਮੇਸ਼ਨ, ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ), ਖੋਜ ਤੇ ਵਿਕਾਸ (ਆਰ ਐਂਡ ਡੀ) ਅਤੇ ਹੁਨਰਮੰਦ ਮੈਨਪਾਵਰ ’ਤੇ ਵੱਧ ਨਿਵੇਸ਼ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਮੀਟਿੰਗ ਦੀ ਸ਼ੁਰੂਆਤ ਸੀਆਈਸੀਯੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ ਕੀਤੀ, ਜਦਕਿ ਸੀਨੀਅਰ ਵਾਈਸ ਪ੍ਰਧਾਨ ਜੇਐੱਸ ਭੋਗਲ ਨੇ ਵਿਚਾਰ-ਵਟਾਂਦਰੇ ਦੀ ਅਗਵਾਈ ਕੀਤੀ। ਮੀਟਿੰਗ ਵਿੱਚ ਸ਼ਿੰਗੋਰਾ ਸ਼ਾਲਜ਼ ਦੇ ਅਮਿਤ ਜੈਨ, ਅਮਰਿੰਦਰ ਧੀਮਾਨ, ਇਕਜੋਤ ਚਾਵਲਾ, ਰਵਿੰਦਰ ਸਿੰਘ ਤੇ ਪਾਬਲਾ ਬੇਅਰਿੰਗਜ਼ ਦੇ ਮਨਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਉਦਯੋਗਪਤੀ ਹਾਜ਼ਰ ਰਹੇ। ਉਦਯੋਗਪਤੀਆਂ ਨੇ ਕਿਹਾ ਕਿ ਮੈਨੂਫੈਕਚਰਿੰਗ ਖੇਤਰ, ਖਾਸ ਕਰਕੇ ਐਮਐਸਐਮਈ ਇਕਾਈਆਂ ਲਈ ਹੁਨਰਮੰਦ ਕਾਮਿਆਂ ਦੀ ਘਾਟ ਵੱਡੀ ਸਮੱਸਿਆ ਬਣ ਰਹੀ ਹੈ। ਕਾਮਿਆਂ ਨੂੰ ਲੱਭਣਾ, ਉਨ੍ਹਾਂ ਨੂੰ ਕੰਮ ’ਤੇ ਕਾਇਮ ਰੱਖਣਾ ਅਤੇ ਲਗਾਤਾਰ ਸਿਖਲਾਈ ਦੇਣਾ ਮੁਸ਼ਕਲ ਹੋ ਰਿਹਾ ਹੈ। ਇਸ ਦੇ ਹੱਲ ਵਜੋਂ ਆਟੋਮੇਸ਼ਨ ਨੂੰ ਸਿਰਫ਼ ਮੈਨਪਾਵਰ ਦੀ ਥਾਂ ਲੈਣ ਵਾਲੀ ਤਕਨੀਕ ਨਹੀਂ, ਸਗੋਂ ਉਤਪਾਦਨ ਨੂੰ ਵਧੇਰੇ ਕੁਸ਼ਲ ਬਣਾਉਣ ਦੇ ਸਾਧਨ ਵਜੋਂ ਅਪਣਾਉਣ ਦੀ ਗੱਲ ਕਹੀ ਗਈ। ਉਦਯੋਗਪਤੀਆਂ ਨੇ ਕਿਹਾ ਕਿ ਦੁਹਰਾਏ ਜਾਣ ਵਾਲੇ, ਖ਼ਤਰਨਾਕ ਅਤੇ ਵਧੇਰੇ ਸ਼ੁੱਧਤਾ ਵਾਲੇ ਕੰਮਾਂ ਨੂੰ ਹੌਲੀ-ਹੌਲੀ ਆਟੋਮੇਟ ਕੀਤਾ ਜਾਵੇ ਅਤੇ ਮੌਜੂਦਾ ਕਾਮਿਆਂ ਨੂੰ ਨਵੀਂ ਤਕਨੀਕ ਚਲਾਉਣ ਤੇ ਸੰਭਾਲਣ ਲਈ ਮੁੜ ਸਿਖਲਾਈ ਦਿੱਤੀ ਜਾਵੇ। ਮੀਟਿੰਗ ਦੌਰਾਨ ਚੀਨ ਦੀ ਮੈਨੂੰਫੈਕਚਰਿੰਗ ਸਮਰੱਥਾ ਅਤੇ ਰੋਬੋਟਿਕਸ ਵਿੱਚ ਤੇਜ਼ੀ ਨਾਲ ਹੋ ਰਹੇ ਵਾਧੇ ’ਤੇ ਵੀ ਚਰਚਾ ਹੋਈ। ਉਦਯੋਗਪਤੀਆਂ ਨੇ ਕਿਹਾ ਕਿ ਭਾਰਤ ਕੋਲ ਵੱਡਾ ਘਰੇਲੂ ਬਾਜ਼ਾਰ, ਇੰਜੀਨੀਅਰਿੰਗ ਸਮਰੱਥਾ, ਉਦਯੋਗਿਕ ਤਜਰਬਾ ਅਤੇ ਉੱਦਮੀ ਪ੍ਰਤਿਭਾ ਮੌਜੂਦ ਹੈ, ਪਰ ਇਨ੍ਹਾਂ ਨੂੰ ਵਧੇਰੇ ਉਤਪਾਦਕਤਾ, ਗੁਣਵੱਤਾ ਅਤੇ ਨਵੀਨਤਾ ਵਿੱਚ ਬਦਲਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਆਟੋਮੇਸ਼ਨ ਦਾ ਮਕਸਦ ਸਿਰਫ਼ ਲਾਗਤ ਘਟਾਉਣਾ ਨਹੀਂ ਹੋਣਾ ਚਾਹੀਦਾ, ਬਲਕਿ ਗੁਣਵੱਤਾ ਵਿੱਚ ਇਕਸਾਰਤਾ, ਤੇਜ਼ ਉਤਪਾਦਨ, ਸਮੇਂ ਸਿਰ ਸਪਲਾਈ ਤੇ ਵਿਸ਼ਵ ਪੱਧਰੀ ਮੁਕਾਬਲੇ ਦੀ ਸਮਰੱਥਾ ਵਧਾਉਣਾ ਹੋਣਾ ਚਾਹੀਦਾ ਹੈ।
ਮੀਟਿੰਗ ਵਿੱਚ ਭਾਰਤ ਵਿੱਚ ਖੋਜ ਤੇ ਵਿਕਾਸ ’ਤੇ ਹੋ ਰਹੇ ਨਿਵੇਸ਼ ਨੂੰ ਵੀ ਅਹਿਮ ਮੁੱਦਾ ਬਣਾਇਆ। ਉਦਯੋਗਪਤੀਆਂ ਨੇ ਕਿਹਾ ਕਿ ਭਾਰਤ ਨੂੰ ਵਿਸ਼ਵ ਪੱਧਰੀ ਮੈਨੂੰਫੈਕਚਰਿੰਗ ਹੱਬ ਬਣਾਉਣ ਲਈ ਸਰਕਾਰੀ ਨਿਵੇਸ਼ ਦੇ ਨਾਲ ਨਿੱਜੀ ਉਦਯੋਗ ਵੱਲੋਂ ਵੀ ਖੋਜ ਤੇ ਵਿਕਾਸ ’ਤੇ ਵੱਧ ਖਰਚ ਕਰਨਾ ਹੋਵੇਗਾ। ਖੋਜ ਤੇ ਵਿਕਾਸ ਦਾ ਅਰਥ ਸਿਰਫ਼ ਵੱਡੀ ਲੈਬ ਸਥਾਪਤ ਕਰਨਾ ਨਹੀਂ। ਕੋਈ ਨਵਾਂ ਉਤਪਾਦ ਤਿਆਰ ਕਰਨਾ, ਉਤਪਾਦਨ ਪ੍ਰਕਿਰਿਆ ’ਚ ਸੁਧਾਰ, ਕੱਚੇ ਮਾਲ ਦੀ ਬਚਤ, ਨਵੀਂ ਟੂਲਿੰਗ, ਏਆਈ ਆਧਾਰਿਤ ਕੁਆਲਿਟੀ ਕੰਟਰੋਲ ਜਾਂ ਊਰਜਾ ਦੀ ਖਪਤ ਘਟਾਉਣਾ ਵੀ ਖੋਜ ਤੇ ਵਿਕਾਸ ਦਾ ਹਿੱਸਾ ਹੈ। ਸਮਾਗਮ ਦੇ ਮੁੱਖ ਮਹਿਮਾਨ ਡਿਲਕਸ ਬੇਅਰਿੰਗਜ਼ ਲਿਮਟਿਡ ਮੁੰਬਈ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਕੀਰਤੀ ਰਾਠੌੜ ਨੇ ਕਿਹਾ ਕਿ ਭਾਰਤੀ ਉਦਯੋਗ ਨੂੰ ਬਦਲਦੇ ਆਲਮੀ ਮੈਨੂਫੈਕਚਰਿੰਗ ਮਾਹੌਲ ਅਨੁਸਾਰ ਲਗਾਤਾਰ ਆਪਣੇ ਆਪ ਨੂੰ ਅਪਗ੍ਰੇਡ ਕਰਨਾ ਪਵੇਗਾ। ਉਨ੍ਹਾਂ ਤਕਨੀਕ, ਆਟੋਮੇਸ਼ਨ, ਇਨੋਵੇਸ਼ਨ ਅਤੇ ਕਾਰਜਕੁਸ਼ਲਤਾ ਨੂੰ ਉਦਯੋਗ ਦੇ ਭਵਿੱਖ ਲਈ ਜ਼ਰੂਰੀ ਦੱਸਿਆ। ਤਕਨੀਕ ਨੂੰ ਖਰਚ ਨਹੀਂ, ਸਗੋਂ ਉਤਪਾਦਕਤਾ ਅਤੇ ਲੰਬੇ ਸਮੇਂ ਦੀ ਮੁਕਾਬਲੇਯੋਗਤਾ ਲਈ ਨਿਵੇਸ਼ ਸਮਝਿਆ ਜਾਣਾ ਚਾਹੀਦਾ ਹੈ। ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ ਕਿਹਾ ਕਿ ਭਵਿੱਖ ’ਚ ਉਹੀ ਉਦਯੋਗ ਸਫਲ ਹੋਣਗੇ ਜੋ ਬਦਲਾਅ ਆਉਣ ਦੀ ਉਡੀਕ ਕਰਨ ਦੀ ਬਜਾਏ ਪਹਿਲਾਂ ਹੀ ਤਿਆਰੀ ਕਰ ਲੈਣਗੇ। ਉਨ੍ਹਾਂ ਉਦਯੋਗਪਤੀਆਂ ਨੂੰ ਤਕਨੀਕ, ਮਨੁੱਖੀ ਸਰੋਤ, ਇਨੋਵੇਸ਼ਨ ਅਤੇ ਖੋਜ ਤੇ ਵਿਕਾਸ ਵਿੱਚ ਲੰਬੇ ਸਮੇਂ ਲਈ ਨਿਵੇਸ਼ ਕਰਨ ਦੀ ਅਪੀਲ ਕੀਤੀ। ਸੀਨੀਅਰ ਵਾਈਸ ਪ੍ਰਧਾਨ ਜੇਐੱਸ ਭੋਗਲ ਨੇ ਕਿਹਾ ਕਿ ਅਜਿਹੀਆਂ ਮੀਟਿੰਗਾਂ ਉਦਯੋਗ ਦੀਆਂ ਜ਼ਮੀਨੀ ਸਮੱਸਿਆਵਾਂ ’ਤੇ ਸਾਂਝੇ ਤੌਰ ’ਤੇ ਹੱਲ ਲੱਭਣ ਲਈ ਮਹੱਤਵਪੂਰਨ ਮੰਚ ਹਨ।