- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
‘ਵਿੱਦਿਆ ਪ੍ਰਯਾਸ’ ਨੇ 29 ਲੋੜਵੰਦ ਵਿਦਿਆਰਥੀਆਂ ਦੀ ਇੱਕ ਸਾਲ ਦੀ ਫੀਸ ਭਰੀ

ਰਵੀ ਭਾਟੀਆ, ਪੰਜਾਬੀ ਜਾਗਰਣ, ਲੁਧਿਆਣਾ/ਸਾਹਨੇਵਾਲ
ਸਮਾਜ ਸੇਵੀ ਸੰਸਥਾ ‘ਵਿੱਦਿਆ ਪ੍ਰਯਾਸ’ ਵੱਲੋਂ ‘ਹਰ ਘਰ ਵਿੱਦਿਆ ਦੀ ਜੋਤ ਜਲੇ’ ਦੇ ਉਦੇਸ਼ ਨੂੰ ਪੂਰਾ ਕਰਨ ਲਈ ਪੜ੍ਹਾਈ ਵਿੱਚ ਹੋਣਹਾਰ ਅਤੇ ਆਰਥਿਕ ਤੌਰ ’ਤੇ ਲੋੜਵੰਦ ਵਿਦਿਆਰਥੀਆਂ ਦੀ ਸਕੂਲ ਫੀਸ ਭਰਨ ਦੀ ਮੁਹਿੰਮ ਲਗਾਤਾਰ ਜਾਰੀ ਹੈ। ਸਮਾਜ ਸੇਵਿਕਾ ਊਸ਼ਾ ਪ੍ਰਜਾਪਤੀ ਅਤੇ ਗੌਰਵ ਜੈਨ ਦੇ ਵਿਸ਼ੇਸ਼ ਉਪਰਾਲੇ ਤਹਿਤ ਸੰਸਥਾ ਵੱਲੋਂ ਵੱਖ-ਵੱਖ ਸਕੂਲਾਂ ਦੇ 29 ਲੋੜਵੰਦ ਵਿਦਿਆਰਥੀਆਂ ਦੀ ਇਕ ਸਾਲ ਤੱਕ ਦੀ ਫੀਸ ਭਰੀ ਗਈ। ਸਮਾਜ ਸੇਵਿਕਾ ਊਸ਼ਾ ਪ੍ਰਜਾਪਤੀ ਨੇ ਦੱਸਿਆ ਕਿ ਇਸ ਉਪਰਾਲੇ ਤਹਿਤ ਈ-ਕੈਨੇਡੀਅਨ ਸਕੂਲ ਦੇ 8 ਵਿਦਿਆਰਥੀਆਂ ਦੀ 30 ਹਜ਼ਾਰ ਰੁਪਏ, ਸਿੱਖਿਆ ਦੀਪ ਸਕੂਲ ਦੇ 8 ਵਿਦਿਆਰਥੀਆਂ ਦੀ 19 ਹਜ਼ਾਰ ਰੁਪਏ ਤੇ ਪੀਐੱਸਐੱਨ ਸਕੂਲ ਦੇ 13 ਵਿਦਿਆਰਥੀਆਂ ਦੀ 27 ਹਜ਼ਾਰ ਰੁਪਏ ਫੀਸ ਅਦਾ ਕੀਤੀ ਗਈ। ਇਸ ਤਰ੍ਹਾਂ ਸੰਸਥਾ ਵੱਲੋਂ ਕੁੱਲ 76 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਮੁਹੱਈਆ ਕਰਵਾਈ ਗਈ। ਇਹ ਰਕਮ ਸਬੰਧਤ ਸਕੂਲ ਪ੍ਰਬੰਧਕਾਂ ਸੰਦੀਪ ਨੇਗੀ, ਵਿਕਾਸ ਕੁਮਾਰ ਅਤੇ ਅਨਿਲ ਕੁਮਾਰ ਨੂੰ ਸੌਂਪੀ। ਊਸ਼ਾ ਪ੍ਰਜਾਪਤੀ ਨੇ ਕਿਹਾ ਕਿ ਆਰਥਿਕ ਤੰਗੀ ਕਾਰਨ ਕਿਸੇ ਵੀ ਬੱਚੇ ਦੀ ਪੜ੍ਹਾਈ ਰੁਕਣੀ ਨਹੀਂ ਚਾਹੀਦੀ। ਸੰਸਥਾ ਦਾ ਮੁੱਖ ਉਦੇਸ਼ ਲੋੜਵੰਦ ਅਤੇ ਹੋਣਹਾਰ ਬੱਚਿਆਂ ਨੂੰ ਸਿੱਖਿਆ ਨਾਲ ਜੋੜਨਾ ਤੇ ਉਨ੍ਹਾਂ ਦੇ ਸੁਨਹਿਰੇ ਭਵਿੱਖ ਲਈ ਆਪਣਾ ਯੋਗਦਾਨ ਪਾਉਣਾ ਹੈ। ‘ਵਿੱਦਿਆ ਪ੍ਰਯਾਸ’ ਵੱਲੋਂ ਭਵਿੱਖ ਵਿੱਚ ਵੀ ਅਜਿਹੇ ਲੋਕ ਭਲਾਈ ਦੇ ਉਪਰਾਲੇ ਜਾਰੀ ਰੱਖੇ ਜਾਣਗੇ। ਇਸ ਮੌਕੇ ਊਸ਼ਾ ਪ੍ਰਜਾਪਤੀ ਅਤੇ ਗੌਰਵ ਜੈਨ ਨੇ ਇਸ ਉਪਰਾਲੇ ’ਚ ਸਹਿਯੋਗ ਦੇਣ ਵਾਲੇ ਗੁਰਪ੍ਰੀਤ ਸਿੰਘ, ਪ੍ਰਿਯਸ਼ਾਲਮਾ, ਗੌਰਵ ਗੁਪਤਾ, ਲਲਿਤ ਗੋਪਾਲ ਅਤੇ ਬਾਲਕ੍ਰਿਸ਼ਨ ਤਿਵਾੜੀ ਸਮੇਤ ਹੋਰ ਸਹਿਯੋਗੀਆਂ ਦਾ ਧੰਨਵਾਦ ਕੀਤਾ ਤੇ ਹੋਰ ਸਮਾਜ ਸੇਵੀ ਲੋਕਾਂ ਨੂੰ ਵੀ ਸੰਸਥਾ ਦੇ ਨਾਲ ਜੁੜਨ ਦੀ ਅਪੀਲ ਕੀਤੀ।