ਮਾਵਾਂ ਦੀ ਮੌਤ ਦਰ ਘਟਾਉਣ ਲਈ ਨਿੱਜੀ ਹਸਪਤਾਲ ਦੇਣ ਸਹਿਯੋਗ : ਡੀਸੀ ਗਰਭ ਅਵੱਸਥਾ ਦੌਰਾਨ ਮਾਂਵਾਂ ਦੀ ਮੌਤ ਦਰ ਘਟਾਉਣ ਲਈ ਨਿੱਜੀ ਹਸਪਤਾਲ ਸਹਿਯੋਗ ਦੇਣ-ਡਿਪਟੀ ਕਮਿਸ਼ਨਰ
Publish Date: Wed, 12 Aug 2026 09:02 PM (IST)
Updated Date: Thu, 13 Aug 2026 04:03 AM (IST)
ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ ਜ਼ਿਲ੍ਹਾ ਭਰ ਵਿੱਚ ਗਰਭ ਅਵਸਥਾ ਵਿੱਚ ਮਾਂਵਾਂ ਦੀ ਮੌਤ ਦਰ ਨੂੰ ਹੋਰ ਘਟਾਉਣ ਅਤੇ ਗਰਭ ਅਵਸਥਾ ਦੌਰਾਨ ਹੋਣ ਵਾਲੀਆਂ ਮੌਤਾਂ ਨੂੰ ਪੂਰੀ ਤਰ੍ਹਾਂ ਰੋਕਣ ਦੇ ਮਕਸਦ ਨਾਲ ਅੱਜ ਮਿਸ਼ਨ ਜੀਵਨੀ ਤਹਿਤ ਚਾਰ ਮਹੀਨਿਆਂ ਦੀ ਇੱਕ ਵਿਸ਼ੇਸ਼ ਗਹਿਰੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਨਰਿੰਦਰ ਸਿੰਘ, ਸਿਵਲ ਸਰਜਨ ਡਾ. ਹਰਿੰਦਰ ਸੂਦ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਵਰੁਣ ਸੱਗੜ, ਡੀਐੱਫਪੀਓ. ਡਾ. ਅਮਨਪ੍ਰੀਤ, ਡੀਐੱਮਸੀਐੱਚ., ਸੀਐੱਮਸੀ., ਦੀਪ ਹਸਪਤਾਲ ਅਤੇ ਲੁਧਿਆਣਾ ਦੇ ਹੋਰ ਨਿੱਜੀ ਹਸਪਤਾਲਾਂ ਤੇ ਨਰਸਿੰਗ ਹੋਮਜ਼ ਦੇ ਨੁਮਾਇੰਦਿਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਐੱਮਪੀਐੱਚ.ਡਬਲਿਊ ਅਤੇ ਆਸ਼ਾ ਵਰਕਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜ਼ੋਰ ਦੇ ਕੇ ਕਿਹਾ ਕਿ ਮਿਸ਼ਨ ਜੀਵਨੀ ਦਾ ਮੁੱਖ ਮਕਸਦ ਮਾਵਾਂ ਦੀ ਕੀਮਤੀ ਜਾਨ ਬਚਾਉਣਾ ਹੈ। ਉਨ੍ਹਾਂ ਨੇ ਸਾਰੇ ਸਬੰਧਤ ਵਿਭਾਗਾਂ, ਸਰਕਾਰੀ ਅਤੇ ਨਿੱਜੀ ਸਿਹਤ ਸੰਸਥਾਵਾਂ, ਮੈਡੀਕਲ ਮਾਹਿਰਾਂ, ਫੀਲਡ ਸਿਹਤ ਵਰਕਰਾਂ ਅਤੇ ਰੈਫਰਲ ਸੁਵਿਧਾਵਾਂ ਨੂੰ ਆਪਸੀ ਤਾਲਮੇਲ ਨਾਲ ਕੰਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਦੇਰੀ, ਰੈਫਰਲ ਦੀ ਘਾਟ, ਤਿਆਰੀ ਦੀ ਕਮੀ ਜਾਂ ਜ਼ਰੂਰੀ ਸਾਧਨਾਂ ਦੀ ਘਾਟ ਕਰਕੇ ਕਿਸੇ ਵੀ ਮਾਂ ਦੀ ਮੌਤ ਨਹੀਂ ਹੋਣੀ ਚਾਹੀਦੀ।ਡਿਪਟੀ ਕਮਿਸ਼ਨਰ ਨੇ ਨਿੱਜੀ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਨੂੰ ਹਦਾਇਤ ਦਿੱਤੀ ਕਿ ਉੱਚ ਜੋਖਮ ਵਾਲੀਆਂ ਗਰਭਵਤੀ ਔਰਤਾਂ ਦਾ ਇਲਾਜ ਅਜਿਹੇ ਹਸਪਤਾਲਾਂ ਵਿੱਚ ਨਾ ਕੀਤਾ ਜਾਵੇ ਜਿੱਥੇ ਜ਼ਰੂਰੀ ਸੁਵਿਧਾਵਾਂ ਨਾ ਹੋਣ। ਅਜਿਹੇ ਕੇਸਾਂ ਨੂੰ ਬਿਨਾਂ ਕਿਸੇ ਦੇਰੀ ਦੇ ਵੱਡੇ ਹਸਪਤਾਲਾਂ ਵਿੱਚ ਰੈਫਰ ਕੀਤਾ ਜਾਵੇ ਜਦਕਿ ,ਨਿੱਜੀ ਹਸਪਤਾਲ ਮਿਸ਼ਨ ਜੀਵਨੀ ਵਿੱਚ ਯੋਗਦਾਨ ਪਾਉਂਦੇ ਹੋਏ ਘੱਟੋ-ਘੱਟ ਇੱਕ ਲੋੜਵੰਦ ਮਰੀਜ਼ ਦਾ ਮੁਫ਼ਤ ਇਲਾਜ ਕਰਨ ਲਈ ਅੱਗੇ ਆਉਣ। ਗਰਭਵਤੀ ਔਰਤ ਦੇ ਹਸਪਤਾਲ ਪਹੁੰਚਦਿਆਂ ਹੀ ਉਸ ਦੀ ਤੁਰੰਤ ਜਾਂਚ ਅਤੇ ਇਲਾਜ ਸ਼ੁਰੂ ਕੀਤਾ ਜਾਵੇ, ਤਾਂ ਜੋ ਦੇਰੀ ਤੋਂ ਬਚਿਆ ਜਾ ਸਕੇ ਹਾਈ-ਰਿਸਕ ਮਰੀਜ਼ਾਂ ਲਈ ਖੂਨ ਤੇ ਖੂਨ ਦੇ ਪਲੇਟਲੈਟਸ/ਸੈੱਲਾਂ ਦੀ ਉਪਲਬਧਤਾ ਯਕੀਨੀ ਬਣਾਈ ਜਾਵੇ, ਤਾਂ ਜੋ ਖੂਨ ਦੀ ਘਾਟ ਕਾਰਨ ਕਿਸੇ ਦੀ ਜਾਨ ਨਾ ਜਾਵੇ।ਇਸ ਮੌਕੇ ਉਨ੍ਹਾਂ ਗਰਭਵਤੀ ਔਰਤਾਂ ਦੀ ਦੇਖਭਾਲ ਲਈ ਹੋਰ ਵੀ ਜ਼ਰੂਰੀ ਇੰਤਜ਼ਾਮ ਕਰਨ ਲਈ ਪ੍ਰੇਰਿਤ ਕੀਤਾ, ਤਾਂ ਜੋ ਇੱਕ ਵੀ ਮਾਂ ਦੀ ਮੌਤ ਨਾ ਹੋਵੇ।