- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤ੍ਰਿੰਜਣਾਂ ਦੇ ਮੇਲੇ ਨੇ ਤਾਜ਼ਾ ਕੀਤੀਆਂ ਪੰਜਾਬੀ ਵਿਰਸੇ ਦੀਆਂ ਯਾਦਾਂ

-ਤ੍ਰਿੰਞਣਾਂ ਦੇ ਮੇਲੇ ਨੇ ਤਾਜ਼ਾ ਕੀਤੀਆਂ ਵਿਰਸੇ ਦੀਆਂ ਯਾਦਾਂ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਪੰਜਾਬੀ ਵਿਰਸਾ ਇਵੈਂਟਸ ਵੱਲੋਂ ਸਥਾਨਕ ਰਿਜੋਟਸ ਵਿਖੇ ਬੱਚਿਆਂ ਅਤੇ ਔਰਤਾਂ ਨੂੰ ਪੰਜਾਬੀ ਵਿਰਸੇ ਨਾਲ ਜੋੜੀ ਰੱਖਣ ਲਈ ਪੰਜਾਬੀ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ। ਇਸ ਪ੍ਰੋਗਰਾਮ ਵਿੱਚ ਲਗਭਗ 100 ਦੇ ਕਰੀਬ ਬੱਚਿਆਂ ਤੇ ਔਰਤਾਂ ਵੱਲੋਂ ਲੋਕ ਗੀਤ, ਸੁਹਾਗ, ਘੋੜੀਆਂ, ਟੱਪੇ, ਗਿੱਧਾ ਤੇ ਲੋਕ ਬੋਲੀਆਂ ਗਾ ਕੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਐਵਰਸ਼ਾਈਨ ਪਬਲਿਕ ਹਾਈ ਸਕੂਲ ਦੇ ਪ੍ਰਿੰਸੀਪਲ ਡਾ. ਮੀਨਾਕਸ਼ੀ ਆਹੂਜਾ ਤੇ ਵਿਸ਼ੇਸ਼ ਮਹਿਮਾਨ ਵਜੋਂ ਡੀਐੱਮਸੀ ਹਸਪਤਾਲ ਲੁਧਿਆਣਾ ਦੇ ਡਾ. ਨੀਰੂ ਨੇ ਉਚੇਚੇ ਤੌਰ ’ਤੇ ਬੱਚਿਆਂ ਅਤੇ ਔਰਤਾਂ ਦਾ ਉਤਸ਼ਾਹ ਵਧਾਉਣ ਲਈ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਅਤੇ ਪ੍ਰੋਗਰਾਮ ਦਾ ਆਨੰਦ ਮਾਣਿਆ। ਪ੍ਰੋਗਰਾਮ ਪ੍ਰਬੰਧਕ ਅਮਨਪ੍ਰੀਤ ਕੌਰ ਨੇ ਦੱਸਿਆ ਕਿ ਇਹ ਮੇਲੇ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹਨ ਅਤੇ ਇਸ ਨੂੰ ਜਿਉਂਦਿਆਂ ਰੱਖਣਾ ਸਾਡਾ ਫਰਜ਼ ਹੈ। ਪ੍ਰੋਗਰਾਮ ਕੋਆਰਡੀਨੇਟਰ ਹਰਪ੍ਰੀਤ ਨਰੂਲਾ ਨੇ ਕੁੜੀਆਂ ਤੇ ਔਰਤਾਂ ਲਈ ਲੋਕ ਖੇਡਾਂ ਕਰਵਾ ਕੇ ਇਸ ਪ੍ਰੋਗਰਾਮ ਨੂੰ ਹੋਰ ਵੀ ਦਿਲਚਸਪ ਬਣਾਉਣ ’ਚ ਆਪਣਾ ਅਹਿਮ ਯੋਗਦਾਨ ਦਿੱਤਾ। ਇਸ ਮੌਕੇ ਰੈਂਪ ਵਾਕ ਵੀ ਕਰਵਾਈ ਗਈ।
ਇਸ ਦੌਰਾਨ ਸੁਖਪਾਲ ਸੰਧੂ ਅਤੇ ਨੀਲਮ ਬੇਦੀ ਨੇ ਜੱਜ ਵਜੋਂ ਭੂਮਿਕਾ ਨਿਭਾਈ। ਇਸ ਪ੍ਰੋਗਰਾਮ ਵਿੱਚ ਮਿਸਿਜ ਜਸਪ੍ਰੀਤ ਕੌਰ ਨੇ ਤ੍ਰਿੰਜਣਾਂ ਦੀ ਰਾਣੀ , ਮਿਸਿਜ ਆਰਤੀ ਨੇ ਸੁਨੱਖੀ ਮੁਟਿਆਰ ,ਮਿਸਿਜ ਗੀਤਾ ਦੁਆ ਨੇ ਗਿੱਧਿਆਂ ਦੀ ਰਾਣੀ ਅਤੇ ਲੜਕੀਆਂ ਵਿੱਚ ਸਹਿਜਪ੍ਰੀਤ ਕੌਰ ਨੇ ਤ੍ਰਿੰਜਣਾ ਦੀ ਰੌਣਕ ਅਤੇ ਹਰਨੂਰ ਕੌਰ ਨੇ ਸੋਹਣੀ ਮੁਸਕਾਨ ਦਾ ਟਾਈਟਲ ਹਾਸਲ ਕੀਤਾ। ਬੱਚੀ ਕਾਇਰਾ ਅਤੇ ਸੁਖਵੰਤ ਕੌਰ ਨੂੰ ਉਨਾਂ ਦੀ ਵਧੀਆ ਪੇਸ਼ਕਾਰੀ ਲਈ ਸਲਾਹਿਆ ਗਿਆ।
ਇਸ ਪ੍ਰੋਗਰਾਮ ਵਿੱਚ ਹੋਰ ਮੁਕਾਬਲੇ ਵੀ ਕਰਵਾਏ ਅਤੇ ਜੇਤੂਆਂ ਨੂੰ ਇਨਾਮ ਵੀ ਵੰਡੇ। ਅਮਨਪ੍ਰੀਤ ਕੌਰ ਨੇ ਆਏ ਹੋਏ ਮੁੱਖ ਮਹਿਮਾਨਾਂ, ਪਤਵੰਤੇ ਸੱਜਣਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਬਲਵਿੰਦਰ ਕੌਰ, ਬਲਜਿੰਦਰ ਕੌਰ, ਛਾਯਾ, ਸਰਬਜੀਤ ਸਿੰਘ, ਜਸਪ੍ਰੀਤ ਸਿੰਘ ਤੇ ਹੋਰ ਸਹਿਯੋਗੀ ਸੱਜਣ ਸ਼ਾਮਲ ਸਨ।